ਸ਼ੇਰਪੁਰ ( ਵਿਜੈ ਕੁਮਾਰ ਸਿੰਗਲਾ ) : ਬੀਤੇ ਚਾਰ ਦਿਨਾਂ ਤੋਂ ਰੁਕ-ਰੁਕ ਕੇ ਅਤੇ ਕੱਲ੍ਹ ਪਏ ਭਾਰੀ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਕਈਂ ਥਾਈਂ ਜਿੱਥੇ ਨੀਵੇਂ ਖੇਤ ਹੋਣ ਕਰਕੇ ਪਾਣੀ 'ਚ ਡੁੱਬਣ ਕਾਰਨ ਕਣਕ ਦਾ ਭਾਰੀ ਨੁਕਸਾਨ ਹੋਇਆ ਹੈ ਉੱਥੇ ਸਬਜ਼ੀਆਂ ਅਤੇ ਹੋਰ ਫ਼ਸਲਾਂ ਨੂੰ ਵੀ ਭਾਰੀ ਨੁਕਸਾਨ ਹੋਣ ਦੇ ਸਮਾਚਾਰ ਮਿਲੇ ਹਨ । ਕਸਬੇ ਦੇ ਕਿਸਾਨਾਂ ਅਮਨਦੀਪ ਸਿੰਘ ਅੱਤਰੀ ਨੋਨੂੰ , ਕਾਲਾ, ਕੰਵਲਜੀਤ ਸਿੰਘ , ਰੂਪ ਸਿੰਘ , ਦਰਸ਼ਨ ਸਿੰਘ ਨੇ ਦੱਸਿਆ ਕਿ ਬਾਰਿਸ਼ ਦੇ ਪਾਣੀ ਨਾਲ ਕਣਕ , ਆਲੂ, ਗੋਭੀ ਤੇ ਹੋਰ ਫ਼ਸਲਾਂ ਦੇ ਖੇਤ ਨੱਕੋ-ਨੱਕ ਭਰ ਚੁੱਕੇ ਹਨ। ਪਾਣੀ ਨਾਲ ਨੀਂਵੇਂ ਇਲਾਕਿਆਂ ’ਚ ਫ਼ਸਲਾਂ ਪ੍ਰਭਾਵਿਤ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ : PM ਮੋਦੀ ਵਲੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ‘ਵੀਰ ਬਾਲ ਦਿਵਸ’ ਮਨਾਉਣ ਦੀ ਢੀਂਡਸਾ ਨੇ ਕੀਤੀ ਸ਼ਲਾਘਾ
ਖੇਤਾਂ ਵਿਚੋਂ ਪਾਣੀ ਕੱਢਣ ਲਈ ਕਿਸਾਨਾਂ ਨੂੰ ਜੱਦੋ-ਜਹਿਦ ਕਰਨੀ ਪੈ ਰਹੀ ਹੈ। 60 ਦਿਨ ਦੀ ਹੋ ਚੁੱਕੀ ਫਸਲ ਲਈ ਪਾਣੀ ਜ਼ਹਿਰ ਹੈ , ਜੇਕਰ 2 ਤੋਂ 4 ਦਿਨ ਖੇਤ ’ਚ ਪਾਣੀ ਖੜ੍ਹਾ ਰਿਹਾ ਕਣਕ ਦੀ ਫ਼ਸਲ ਬਰਬਾਦ ਹੋ ਜਾਵੇਗੀ। ਹੁਣ ਦੁਬਾਰਾ ਬੀਜਣ ਦਾ ਵੀ ਸਮਾਂ ਨਹੀਂ ਰਿਹਾ। ਯੂਰੀਆ, ਡੀ. ਏ. ਪੀ. ਪਹਿਲਾਂ ਹੀ ਬਹੁਤ ਮੁਸ਼ਕਿਲ ਨਾਲ ਮਿਲਿਆ ਸੀ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚੋਂ ਪਾਣੀ ਕੱਢਣ ਲਈ ਸਾਨੂੰ ਮਹਿੰਗੇ ਭਾਅ ਦੀ ਜੇ. ਸੀ. ਬੀ. ਮਸ਼ੀਨ ਕਿਰਾਏ ’ਤੇ ਮੰਗਵਾ ਕੇ ਖੇਤਾਂ ਦੇ ਕਿਨਾਰਿਆਂ ਉੱਪਰ ਟੋਏ ਪਾਉਣੇ ਪੈ ਰਹੇ ਹਨ ਤਾਂ ਜੋ ਖੇਤਾਂ ’ਚ ਖੜ੍ਹਿਆ ਪਾਣੀ ਉਨ੍ਹਾਂ ਟੋਇਆਂ ’ਚ ਭਰਿਆ ਜਾ ਸਕੇ ਤੇ ਪੁੱਤਾਂ ਵਾਂਗੂ ਪਲ ਰਹੀ ਫ਼ਸਲ ਨੂੰ ਬਚਾਇਆ ਜਾ ਸਕੇ। ਇਸ ਮੌਕੇ ਕਿਸਾਨਾਂ ਨੇ ਆਪਣੀ ਦੁੱਖ ਭਰੀ ਵਿਥਿਆ ਸੁਣਾਉਂਦੇ ਹੋਏ ਕਿਹਾ ਕਿ ਕਈ ਵਾਰ ਤਾਂ ਫ਼ਸਲ ਮੰਡੀਆਂ ’ਚ ਰੁਲ਼ਦੀ ਹੈ ਤੇ ਕਈ ਵਾਰ ਕੁਦਰਤੀ ਮਾਰ ਨਾਲ ਫ਼ਸਲ ਖ਼ਰਾਬ ਹੋ ਜਾਂਦੀ ਹੈ। ਇਸ ਮੌਕੇ ਉਪਰੋਕਤ ਕਿਸਾਨਾਂ ਦੇ ਨਾਲ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਬਲਵੰਤ ਸਿੰਘ ਛੰਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਾ ਕੇ ਜਲਦ ਤੋਂ ਜਲਦ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਦੀ ਵਿੱਤੀ ਹਾਲਾਤ ਵਿਚ ਸੁਧਾਰ ਹੋ ਸਕੇ।

ਕੀ ਕਹਿੰਦੇ ਨੇ ਖੇਤੀਬਾੜੀ ਅਫ਼ਸਰ
ਇਸ ਸਬੰਧੀ ਜਦੋਂ ਖੇਤੀਬਾੜੀ ਅਫ਼ਸਰ ਧੂਰੀ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਆਲੂ ਅਤੇ ਗੋਭੀ ਦੀ ਫ਼ਸਲ ਲਈ ਇਹ ਬਾਰਿਸ਼ ਕਾਫੀ ਨੁਕਸਾਨਦਾਇਕ ਹੈ। ਕਣਕ ਦੀ ਫ਼ਸਲ ਵੀ ਅਜੇ ਛੋਟੀ ਹੋਣ ਕਾਰਨ ਜੇਕਰ ਪਾਣੀ ’ਚ ਡੁੱਬਦੀ ਹੈ ਤਾਂ ਕਣਕ ਦੀ ਫ਼ਸਲ ਲਈ ਵੀ ਇਹ ਬਾਰਿਸ਼ ਕਾਫੀ ਨੁਕਸਾਨਦਾਇਕ ਸਾਬਤ ਹੋਵੇਗੀ । ਉਨ੍ਹਾਂ ਕਿਹਾ ਜੇ ਬਾਰਿਸ਼ ਨਹੀਂ ਰੁੱਕਦੀ ਅਤੇ ਫ਼ਸਲਾਂ ਦਾ ਨੁਕਸਾਨ ਹੁੰਦਾ ਹੈ ਤਾਂ ਅਸੀਂ ਸਰਕਾਰ ਦੇ ਹੁਕਮਾਂ ਅਨੁਸਾਰ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਰਿਪੋਰਟ ਤਿਆਰ ਕਰ ਕੇ ਉੱਚ ਅਧਿਕਾਰੀਆਂ ਨੂੰ ਭੇਜਾਂਗੇ।
ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ
NEXT STORY