ਸੰਗਰੂਰ (ਬੇਦੀ, ਹਰਜਿੰਦਰ, ਵਿਵੇਕ ਸਿੰਧਵਾਨੀ, ਪ੍ਰਵੀਨ) : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਉੱਚ ਮਿਆਰ ਦੀ ਖੇਤੀ ਸਮੱਗਰੀ ਜਿਵੇਂ ਕਿ ਖਾਦ, ਕੀਟਨਾਸ਼ਕ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਕਾਹਨ ਸਿੰਘ ਪੰਨੂ ਸਕੱਤਰ ਖੇਤੀਬਾੜੀ ਪੰਜਾਬ ਦੇ ਨਿਰਦੇਸ਼ਾਂ ਅਤੇ ਡਾ. ਸੁਤੰਤਰ ਕੁਮਾਰ ਐਰੀ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਅਗਵਾਈ ਹੇਠ ਜ਼ਿਲਾ ਸੰਗਰੂਰ ਵਿਖੇ ਜ਼ਿਲਾ ਪੱਧਰੀ ਅਤੇ ਬਲਾਕ ਪੱਧਰੀ ਗਠਿਤ ਟੀਮਾਂ ਵੱਲੋਂ ਸਾਉਣੀ 2019 ਦੌਰਾਨ ਖੇਤੀ ਵਸਤਾਂ ਦੀ ਕੁਆਲਟੀ ਨਿਯਮਿਤ ਕਰਨ ਦੇ ਮੰਤਵ ਨਾਲ ਖਾਦਾਂ ਦੇ 137 ਅਤੇ ਕੀਟਨਾਸ਼ਕਾਂ ਦੇ 140 ਨਮੂਨੇ ਭਰ ਕੇ ਟੈਸਟਿੰਗ ਲਈ ਭੇਜੇ ਜਾ ਚੁੱਕੇ ਹਨ।
ਜਾਣਕਾਰੀ ਦਿੰਦਿਆਂ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਹੁਣ ਤੱਕ ਗੈਰ-ਮਿਆਰੀ ਪਾਏ ਗਏ ਕੀਟਨਾਸ਼ਕਾਂ ਦੇ ਸੈਂਪਲਾਂ ਦੇ ਸਬੰਧ 'ਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ 7 ਕੀਟਨਾਸ਼ਕ ਡੀਲਰਾਂ ਦੇ ਲਾਇਸੈਂਸ ਮੁਅੱਤਲ ਕੀਤੇ ਜਾ ਚੁੱਕੇ ਹਨ, ਜਦੋਂਕਿ ਸਬੰਧਤ ਨਿਰਮਾਤਾ ਕੰਪਨੀਆਂ ਖਿਲਾਫ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਇਸ ਤੋਂ ਇਲਾਵਾ ਪਿਛਲੇ ਦਿਨੀਂ ਵਿਭਾਗ ਵੱਲੋਂ ਨਕਲੀ ਕੀਟਨਾਸ਼ਕਾਂ ਦੀ ਸਪਲਾਈ ਦੇ ਸਬੰਧ 'ਚ 3 ਵਿਅਕਤੀਆਂ ਵਿਰੁੱਧ ਮਾਮਲਾ ਵੀ ਦਰਜ ਕਰਵਾਇਆ ਗਿਆ ਹੈ। ਗਰੇਵਾਲ ਨੇ ਕਿਹਾ ਕਿ ਖਾਦ/ਕੀਟਨਾਸ਼ਕ ਵਿਕਰੇਤਾਵਾਂ ਨੂੰ ਸਖਤ ਹਦਾਇਤ ਕੀਤੀ ਹੈ ਕਿ ਉਹ ਸਿਰਫ ਅਧਿਕਾਰਤ ਸਰੋਤ ਤੋਂ ਹੀ ਕੀਟਨਾਸ਼ਕਾਂ ਦੀ ਖਰੀਦ ਕਰ ਕੇ ਕਿਸਾਨਾਂ ਨੂੰ ਮੁਹੱਈਆ ਕਰਵਾਉਣ।
ਉਨ੍ਹਾਂ ਦੱਸਿਆ ਕਿ ਗੈਰ-ਮਿਆਰੀ ਕੀਟਨਾਸ਼ਕਾਂ ਦੀ ਵਿਕਰੀ ਕਰਨ ਵਾਲੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਇੰਸੈਕਟੀਸਾਈਡ ਐਕਟ 1968 ਅਤੇ ਖਾਦ ਕੰਟਰੋਲ ਆਰਡਰ 1985 ਤਹਿਤ ਤੁਰੰਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਬਾਹਰਲੇ ਰਾਜਾਂ ਦੀ ਬਜਾਏ ਸਿਰਫ ਵਿਭਾਗ ਕੋਲੋਂ ਲਾਇਸੈਂਸ ਪ੍ਰਾਪਤ ਡੀਲਰਾਂ ਤੋਂ ਹੀ ਕੀਟਨਾਸ਼ਕ ਅਤੇ ਬੀਜਾਂ ਦੀ ਪੱਕੇ ਬਿੱਲ ਰਾਹੀਂ ਖਰੀਦ ਕੀਤੀ ਜਾਵੇ।
ਸਿੱਖਿਆ ਵਿਭਾਗ ਵੱਲੋਂ 32 ਪ੍ਰਿੰਸੀਪਲਾਂ ਦੇ ਤਬਾਦਲੇ
NEXT STORY