ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਸਮੇਂ ਦੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਸੋਨੇ ਦੀ ਚਿੜੀ ਕਹੇ ਜਾਣ ਵਾਲੇ ਪੰਜਾਬ ਦੀ ਆਰਥਿਕ ਹਾਲਤ ਡਾਵਾਡੋਲ ਹੋ ਗਈ ਹੈ ਤੇ ਲੋਕ ਕਰਜ਼ੇ ਦੇ ਬੋਝ ਹੇਠ ਦੱਬੇ ਪਏ ਹਨ। ਖੇਤੀਬਾੜੀ ਦਾ ਧੰਦਾ ਫੇਲ ਹੋ ਚੁੱਕਾ ਹੈ। ਕਰਜ਼ੇ ਕਾਰਨ ਦੇਸ਼ ਦੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਵੇਖਿਆ ਜਾਵੇ ਤਾਂ ਬਹੁਤੇ ਲੋਕ ਹੁਣ ਪੰਜਾਬ 'ਚ ਰਹਿਣਾ ਹੀ ਨਹੀਂ ਚਾਹੁੰਦੇ, ਜਿਸ ਕਾਰਨ ਪਰਿਵਾਰਾਂ ਦੇ ਪਰਿਵਾਰ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਚੁੱਕੇ ਹਨ ਤੇ ਕਈ ਜਾਣ ਦੀ ਤਿਆਰੀ 'ਚ ਹਨ। ਅਜੌਕੀ ਨੌਜਵਾਨ ਪੀੜ੍ਹੀ ਦਾ ਧਿਆਨ ਵੀ ਬਾਹਰਲੇ ਦੇਸ਼ਾਂ 'ਚ ਜਾਣ ਦਾ ਹੈ, ਜਿਸ ਕਾਰਨ ਉਹ ਆਈਲੈਟਸ ਕਰਕੇ ਵਿਦੇਸ਼ਾਂ 'ਚ ਜਾਣ ਦੀਆਂ ਤਿਆਰੀਆਂ ਖਿੱਚ ਰਹੇ ਹਨ। ਬਹੁਤੇ ਮੁੰਡੇ-ਕੁੜੀਆਂ ਵਿਦੇਸ਼ਾਂ 'ਚ ਜਾ ਕੇ ਪੜ੍ਹਾਈ ਕਰਨ ਦੀ ਥਾਂ ਰੁਜ਼ਗਾਰ ਦੀ ਭਾਲ 'ਚ ਲੱਗ ਜਾਂਦੇ ਹਨ, ਜੋ ਮੁੜ ਵਾਪਸ ਆਉਣ ਦਾ ਨਾਂ ਨਹੀਂ ਲੈਂਦੇ।
ਹਰ ਸ਼ਹਿਰ, ਮੰਡੀ 'ਚ ਖੁੱਲੇ ਹਨ ਆਈਲੈਟਸ ਕੇਂਦਰ
ਜਦੋਂ ਤੋਂ ਬਾਹਰਲੇ ਦੇਸ਼ਾਂ 'ਚ ਜਾਣ ਦਾ ਰੁਝਾਣ ਵਧਿਆ ਹੈ, ਉਦੋਂ ਤੋਂ ਹੀ ਸ਼ਹਿਰ, ਮੰਡੀ ਅਤੇ ਕਸਬਿਆਂ 'ਚ ਆਈਲੈਟਸ ਕੇਂਦਰ ਵੱਡੀ ਪੱਧਰ 'ਤੇ ਖੁੱਲ ਗਏ ਹਨ। ਪਹਿਲਾਂ ਜਿਥੇ ਸੂਬੇ ਦੇ ਦੁਆਬਾ ਖੇਤਰ ਦੇ ਲੋਕ ਵਿਦੇਸ਼ਾਂ 'ਚ ਜਾਣ ਨੂੰ ਤਰਜੀਹ ਦਿੰਦੇ ਸਨ, ਉੱਥੇ ਹੁਣ ਮਾਂਝਾ ਅਤੇ ਮਾਲਵਾ ਖੇਤਰ ਦੇ ਲੋਕਾਂ 'ਚ ਵੀ ਬਾਹਰ ਜਾਣ ਦਾ ਰੁਝਾਣ ਵੱਧ ਗਿਆ ਹੈ। ਥਾਂ-ਥਾਂ 'ਤੇ ਖੁੱਲੇ ਆਈਲੈਟਸ ਕੇਂਦਰਾਂ 'ਚ ਮੁੰਡੇ ਕੁੜੀਆਂ ਸਵੇਰੇ ਆ ਕੇ ਆਪਣੀਆਂ ਕਲਾਸਾਂ ਲਗਵਾਉਣ ਲਗ ਪੈਂਦੇ ਹਨ। ਇੱਥੇ ਆਉਣ ਵਾਲੇ ਮੁੰਡੇ-ਕੁੜੀਆਂ ਦਾ ਕਹਿਣਾ ਹੈ ਕਿ ਜੇਕਰ ਉਹ ਕਾਲਜਾਂ 'ਚ ਜਾ ਕੇ ਉੱਚ ਵਿਦਿਆ ਪ੍ਰਾਪਤ ਕਰਦੇ ਹਨ ਤਾਂ ਪੜਾਈ 'ਤੇ ਲੱਖਾਂ ਰੁਪਇਆ ਖਰਚ ਆਉਂਦਾ ਹੈ ਪਰ ਅੱਗੋ ਨਾ ਸਰਕਾਰੀ ਨੌਕਰੀ ਮਿਲਦੀ ਹੈ ਤੇ ਨਾ ਹੀ ਕੋਈ ਰੁਜ਼ਗਾਰ। ਆਈਲੈਟਸ ਕਰਨ 'ਤੇ ਸਿਰਫ 15-20 ਹਜ਼ਾਰ ਰੁਪਏ ਹੀ ਲੱਗਦੇ ਹਨ।
ਨਸ਼ਿਆਂ ਨੇ ਖਾਹ ਲਿਆ ਪੰਜਾਬ
ਪੰਜਾਬ ਦੀ ਧਰਤੀ ਤੇ ਕੋਈ ਤੱਕੜੇ ਜੁੱਸੇ ਵਾਲਾ ਕੋਈ ਨੌਜਵਾਨ ਕੁੜੀ ਮੁੰਡਾ ਨਹੀਂ ਰਿਹਾ, ਕਿਉਂਕਿ ਪੰਜਾਬ ਨੂੰ ਨਸ਼ਿਆਂ ਨੇ ਖਾਹ ਲਿਆ ਹੈ। ਨਸ਼ਿਆ ਕਾਰਨ ਸੂਬੇ 'ਚ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਅਨੇਕਾਂ ਘਰ ਤਬਾਹ ਹੋ ਗਏ ਹਨ।
ਵਿਗੜ ਚੁੱਕੀ ਹੈ ਅਮਨ ਕਾਨੂੰਨ ਦੀ ਸਥਿਤੀ
ਇਸ ਸਮੇਂ ਸੂਬੇ ਭਰ 'ਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਪਈ ਹੈ। ਹਰ ਪਾਸੇ ਡਰ ਵਾਲਾ ਮਾਹੌਲ ਬਣਿਆ ਪਿਆ ਹੈ। ਚੋਰੀਆਂ, ਡਾਕੇ, ਲੁੱਟਾਂ ਖੋਹਾਂ, ਅਗਵਾਹ ਕਰਨ ਦੀਆਂ ਘਟਨਾਵਾਂ ਅਤੇ ਕਤਲ ਸ਼ਰੇਆਮ ਹੋ ਰਹੇ ਹਨ। ਛੋਟੀਆਂ ਬੱਚੀਆਂ ਅਤੇ ਔਰਤਾਂ ਨੂੰ ਜਬਰ-ਜ਼ਨਾਹ ਦਾ ਸ਼ਿਕਾਰ ਦਰਿੰਦਿਆਂ ਵਲੋਂ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਔਰਤਾਂ ਕਿਧਰੇ ਵੀ ਸੁਰੱਖਿਅਤ ਨਹੀਂ ਹਨ।
ਬੇਰੁਜ਼ਗਾਰੀ ਦੀ ਸਮੱਸਿਆ ਵੱਲ ਸਰਕਾਰਾਂ ਨੇ ਨਹੀਂ ਦਿੱਤਾ ਧਿਆਨ
ਸਮੇਂ ਦੀਆਂ ਸਰਕਾਰਾਂ ਨੇ ਜੇਕਰ ਆਪਣੀ ਜਿੰਮੇਵਾਰੀ ਸਦਕਾ ਸੂਬੇ ਦੇ ਪੜ੍ਹੇ ਲਿਖੇ ਨੌਜਵਾਨ ਲੜਕੇ ਲੜਕੀਆਂ ਨੂੰ ਨੌਕਰੀਆਂ ਤੇ ਰੁਜ਼ਗਾਰ ਦਿੱਤਾ ਹੁੰਦਾ ਤਾਂ ਸ਼ਾਇਦ ਪੰਜਾਬ ਦੀ ਸਥਿਤੀ ਅਜੌਕੀ ਨਹੀਂ ਸੀ ਹੋਣੀ। ਦੱਸ ਦੇਈਏ ਕਿ ਸਰਕਾਰਾਂ ਅਤੇ ਸਿਆਸੀ ਆਗੂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਮਿਲੀਆਂ ਰਿਪੋਰਟਾਂ ਅਨੁਸਾਰ ਪਤਾ ਲੱਗਾ ਹੈ ਸੂਬੇ ਦੇ ਬੇਰੁਜ਼ਗਾਰ ਨੌਜਵਾਨ ਮੁੰਡੇ-ਕੁੜੀਆਂ ਦੀ ਗਿਣਤੀ 90 ਲੱਖ ਤੋਂ ਪਾਰ ਹੋਣ ਵਾਲੀ ਹੈ, ਜਿਨ੍ਹਾਂ 'ਚੋਂ ਲੱਖਾਂ ਮੁੰਡੇ ਕੁੜੀਆਂ ਬਾਹਰ ਚਲੇ ਗਏ ਹਨ। ਮਾੜੀ ਗੱਲ ਤਾਂ ਇਹ ਹੈ ਕਿ ਨੌਕਰੀਆਂ ਨਾ ਮਿਲਣ ਕਰਕੇ ਨੌਜਵਾਨ ਪੀੜ੍ਹੀ ਆਤਮ-ਹੱਤਿਆ ਕਰਨ ਲਈ ਮਜ਼ਬੂਰ ਹੋ ਰਹੀ ਹੈ।
'ਸਿੱਖ ਰੈਫਰੈਂਸ ਲਾਇਬ੍ਰੇਰੀ' ਦੇ ਵੇਚੇ ਦਸਤਾਵੇਜ਼ਾਂ ਦੀ 'ਆਪ' ਨੇ ਮੰਗੀ ਜਾਂਚ
NEXT STORY