ਜਲਾਲਾਬਾਦ (ਬੰਟੀ)–ਸ਼ਹਿਰ ਅਤੇ ਹਲਕੇ ਦੇ ਪਿੰਡਾਂ ’ਚ ਘੁੰਮਦੇ ਆਵਾਰਾ ਤੇ ਖੂੰਖਾਰ ਕੁੱਤਿਆਂ ਦੀ ਵੱਧ ਰਹੀ ਗਿਣਤੀ ਦੇ ਚੱਲਦਿਆਂ ਸ਼ਹਿਰ ਅਤੇ ਹਲਕੇ ਦੇ ਪਿੰਡਾਂ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਅਤੇ ਸਮਾਜਸੇਵੀ ਕੇਵਲ ਕਾਠਪਾਲ ਜਲਾਲਾਬਾਦ, ਸੁਰਿੰਦਰ ਨੰਦਾ ਕਰੀਆਂ, ਸ਼ਾਮ ਸੁੰਦਰ ਧਵਨ ਪੱਪੀ ਜਲਾਲਾਬਾਦ ਅਤੇ ਜਸਵਿੰਦਰ ਸਿੰਘ ਸੰਧੂ ਘਾਂਗਾ ਨੇ ਕਿਹਾ ਕਿ ਹਲਕੇ ਅੰਦਰ ਆਵਾਰਾ ਕੁੱਤਿਆਂ ਦੀ ਭਰਮਾਰ ਹੈ, ਜੋ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਇਹ ਕੁੱਤੇ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਟੋਲੀ ਦੇ ਰੂਪ ’ਚ ਗਲੀਆਂ-ਮੁਹੱਲਿਆਂ ’ਚ ਆਵਾਰਾ ਘੁੰਮਦੇ ਰਹਿੰਦੇ ਹਨ, ਜੋ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਖੋਫ ਦਾ ਮਾਹੌਲ ਪੈਦਾ ਕਰਦੇ ਹਨ। ਅਸੀਂ ਆਮ ਹੀ ਵੇਖਦੇ ਹਾਂ ਕਿ ਕਈ ਵਾਰ ਆਵਾਰਾ ਕੁੱਤਿਆਂ ਦੇ ਟੋਲੇ ਨਿੱਕੇ-ਨਿੱਕੇ ਬੱਚਿਆਂ ਨੂੰ ਨੋਚ-ਨੋਚ ਕੇ ਗੰਭੀਰ ਜ਼ਖਮੀ ਕਰ ਦਿੰਦੇ ਹਨ ਜਾਂ ਫਿਰ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ ਤੇ ਇਸ ਦੌਰਾਨ ਮਾਂ-ਬਾਪ ’ਤੇ ਕੀ ਬੀਤਦੀ ਹੈ, ਇਹ ਉਹ ਹੀ ਜਾਣਦੇ ਹਨ।
ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਕਈ ਲੋਕਾਂ ਨੂੰ ਕੁੱਤਿਆਂ ਵੱਲੋਂ ਵੱਢਿਆ ਵੀ ਜਾ ਚੁੱਕਿਆ ਹੈ, ਜਿਸ ਨਾਲ ਵਿਅਕਤੀ ਨੂੰ ਹਲਕਾਅ ਵਰਗੀ ਭਿਆਨਕ ਅਤੇ ਜਾਨਲੇਵਾ ਬੀਮਾਰੀ ਹੋਣ ਦਾ ਵੀ ਖਦਸ਼ਾ ਰਹਿੰਦਾ ਹੈ। ਅੰਤ ’ਚ ਉਨ੍ਹਾਂ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਇਨ੍ਹਾਂ ਆਵਾਰਾ ਕੁੱਤਿਆਂ ਦਾ ਪੱਕੇ ਤੋਰ ’ਤੇ ਹੱਲ ਕੀਤਾ ਜਾਵੇ, ਤਾਂ ਜੋ ਉਕਤ ਸਮੱਸਿਆ ਤੋਂ ਨਿਜ਼ਾਤ ਪਾਈ ਜਾ ਸਕੇ।
ਵਿਦੇਸ਼ੀ ਟਿਕਟਾਂ ਦੇ ਮਾਮਲੇ ’ਚ ਲੱਖਾਂ ਦੀ ਠੱਗੀ
NEXT STORY