ਭਵਾਨੀਗੜ੍ਹ (ਵਿਕਾਸ ਮਿੱਤਲ) : ਘਾਬਦਾਂ ਦੇ ਮੈਰੀਟੋਰੀਅਸ ਸਕੂਲ ਦੇ ਹੋਸਟਲ ’ਚ ਸੋਮਵਾਰ ਨੂੰ ਪੱਖੇ ਨਾਲ ਲਟਕ ਕੇ ਵਿਦਿਆਰਥੀ ਕਰਨ ਸਿੰਘ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਅੱਜ ਪਰਿਵਾਰਕ ਮੈਂਬਰ ਸਕੂਲ ਦੇ ਗੇਟ ਅੱਗੇ ਧਰਨੇ ’ਤੇ ਬੈਠ ਗਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂ ਤੇ ਇਲਾਕੇ ਦੇ ਵੱਡੀ ਗਿਣਤੀ ਲੋਕ ਧਰਨੇ ’ਚ ਪੀੜਤ ਪਰਿਵਾਰ ਦੇ ਨਾਲ ਆ ਖੜ੍ਹੇ ਹੋਏ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਮਿਲਣ ਤੱਕ ਉਹ ਸੰਘਰਸ਼ ਕਰਨਗੇ। ਮਾਮਲੇ ਸਬੰਧੀ ਪਹਿਲਾਂ ਹੀ ਵਿਦਿਆਰਥੀ ਕਰਨ ਦੇ ਪਿਤਾ ਸੁਰੇਸ਼ ਸਿੰਘ ਤੇ ਉਸਦੇ ਪਰਿਵਾਰਕ ਮੈਂਬਰ ਆਪਣੇ ਬੱਚੇ ਦੀ ਮੌਤ ਲਈ ਸਕੂਲ ਦੇ ਅਧਿਆਪਕ ਤੇ ਸਕੂਲ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਮੰਗਲਵਾਰ ਨੂੰ ਸਕੂਲ ਦੇ ਬਾਹਰ ਧਰਨੇ ’ਤੇ ਬੈਠੇ ਪਰਿਵਾਰਕ ਮੈਂਬਰਾਂ ਨੇ ਮੰਗ ਕਰਦਿਆਂ ਆਖਿਆ ਕਿ ਜਦੋਂ ਤੱਕ ਅਧਿਆਪਕ ਨੂੰ ਗ੍ਰਿਫਤਾਰ ਕਰਕੇ ਸਕੂਲ ਪ੍ਰਸ਼ਾਸਨ ਖ਼ਿਲਾਫ ਪੁਲਸ ਵੱਲੋਂ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਉਹ ਆਪਣੇ ਬੱਚੇ ਦਾ ਪੋਸਟਮਾਰਟਮ ਨਹੀਂ ਹੋਣ ਦੇਣਗੇ।
ਗਠਿਤ ਵਿਸ਼ੇਸ਼ ਟੀਮ ਵੱਲੋਂ ਕੀਤੀ ਜਾਵੇਗੀ ਮਾਮਲੇ ਦੀ ਜਾਂਚ : ਐੱਸ.ਡੀ.ਐਮ
ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਮੌਕੇ 'ਤੇ ਮੌਜੂਦ ਡੀਐੱਸਪੀ ਸੰਗਰੂਰ ਡਾ. ਮਨੋਜ ਗੋਰਸੀ ਨੇ ਕਿਹਾ ਕਿ ਇਹ ਸੱਚਮੁੱਚ ਇਕ ਮੰਦਭਾਗੀ ਘਟਨਾ ਹੈ। ਸੋਮਵਾਰ ਸ਼ਾਮ ਤੋਂ ਹੀ ਉਨ੍ਹਾਂ ਦੀ ਅਗਵਾਈ ਹੇਠ ਪੁਲਸ ਟੀਮ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸਕੂਲ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਕਰਨ ਦੇ ਨਾਲ ਪੜ੍ਹਦੇ ਬੱਚਿਆਂ ਤੇ ਦੋਸਤਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਬੱਚੇ ਦਾ ਪਰਿਵਾਰ ਪੁਲਸ ਕੋਲ ਬਿਆਨ ਦਰਜ ਨਹੀਂ ਕਰਵਾ ਰਿਹਾ ਕਿਉਂਕਿ ਬਿਆਨਾਂ ਦੇ ਆਧਾਰ ’ਤੇ ਹੀ ਪੁਲਸ ਵੱਲੋਂ ਅਗਲੀ ਕਾਰਵਾਈ ਆਰੰਭੀ ਜਾਵੇਗੀ। ਦੂਜੇ ਪਾਸੇ ਐੱਸਡੀਐਮ ਸੰਗਰੂਰ ਚਰਨਜੋਤ ਸਿੰਘ ਵਾਲੀਆ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਟੀਮ ਬਣਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਟੀਮ ਮਾਮਲੇ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰੇਗੀ ਤੇ ਜਾਂਚ ਰਿਪੋਰਟ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਧਰ, ਪ੍ਰਸ਼ਾਸਨ ਮੰਗਲਵਾਰ ਦੁਪਹਿਰ ਤੱਕ ਵੀ ਪਰਿਵਾਰ ਨੂੰ ਬੱਚੇ ਦਾ ਪੋਸਟਮਾਰਟਮ ਕਰਵਾਉਣ ਲਈ ਰਾਜ਼ੀ ਨਹੀਂ ਕਰ ਸਕਿਆ ਸੀ ਤੇ ਸ਼ਾਮ ਸਮੇਂ ਖਬਰ ਲਿਖੇ ਜਾਣ ਤੱਕ ਪਰਿਵਾਰਕ ਮੈਂਬਰ ਧਰਨੇ 'ਤੇ ਬੈਠੇ ਹੋਏ ਸਨ।
ਚੰਡੀਗੜ੍ਹ ’ਚ ਲੋਕਤੰਤਰ ਦਾ ਕਤਲ ਹੋਇਆ, ਭਾਜਪਾ ਦੇ ਧੱਕੇ ਖ਼ਿਲਾਫ਼ ਅਦਾਲਤ ਜਾਵਾਂਗੇ : ਭਗਵੰਤ ਮਾਨ
NEXT STORY