ਭੋਗਪੁਰ (ਰਾਣਾ ਭੋਗਪੁਰੀਆ, ਰਾਜੇਸ਼ ਸੂਰੀ) - ਨਗਰ ਕੌਂਸਲ ਭੋਗਪੁਰ ਦੇ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਨੇ ਉਸ ਸਮੇਂ ਨਾਟਕੀ ਢੰਗ ਨਾਲ ਨਿਵੇਕਲਾ ਮੋੜ ਲਿਆ, ਜਦੋਂ ਨਵੇਂ ਚੁਣੇ 13 ’ਚੋਂ 12 ਕੌਂਸਲਰਾਂ ਦੀ ਹਾਜ਼ਰੀ ਲਗਾਉਣ ਤੋਂ ਬਾਅਦ ਪ੍ਰਧਾਨ ਦੀ ਚੋਣ ਲਈ ਕੌਂਸਲਰ ਮੁਨੀਸ਼ ਕੁਮਾਰ ਵੱਲੋਂ ਡਿਵੈੱਲਪਮੈਂਟ ਕਮੇਟੀ ਭੋਗਪੁਰ ਦੇ ਪ੍ਰਧਾਨ ਰਾਜ ਕੁਮਾਰ ਰਾਜਾ ਦਾ ਨਾਂ ਪ੍ਰਧਾਨ ਲਈ ਪੇਸ਼ ਕੀਤਾ ਗਿਆ । ਇਸ ਦੀ ਕੌਂਸਲਰ ਜੀਤ ਰਾਣੀ ਨੇ ਤਾਈਦ ਕੀਤੀ ਤਾਂ ਸਰਕਾਰ ਪੱਖੀ ਚਾਰ ਕੌਂਸਲਰਾਂ ਨੇ ਕਿਹਾ ਕਿ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਉਨ੍ਹਾਂ ਦੇ ਗਰੁੱਪ ਨੂੰ ਦਿੱਤਾ ਜਾਵੇ। ਇਸ ਗੱਲ ਕਾਰਨ ਦੋਵੇਂ ਗਰੁੱਪਾਂ ’ਚ ਰੌਲਾ ਪਿਆ, ਜਿਸ ਨੂੰ ਦੇਖਦੇ ਹੋਏ ਚੋਣ ਅਧਿਕਾਰੀ ਐੱਸ. ਡੀ. ਐੱਮ. ਵਿਵੇਕ ਮੋਦੀ ਅਤੇ ਤਹਿਸੀਲਦਾਰ ਗੁਰਪ੍ਰੀਤ ਸਿੰਘ ਚੁੱਪਚਾਪ ਉੱਠ ਕੇ ਚੱਲੇ ਗਏ।
ਜ਼ਿਕਰਯੋਗ ਹੈ ਕਿ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਸਮੇਤ 9 ਕੌਂਸਲਰਾਂ ਨੇ ਬਹੁਮਤ ਹਾਸਲ ਕੀਤਾ ਹੈ, ਜਿਸ ਕਰ ਕੇ ਕਾਂਗਰਸੀ ਗਰੁੱਪ ਭੋਗਪੁਰ ਡਿਵੈੱਲਪਮੈਂਟ ਕਮੇਟੀ ਦਾ ਪ੍ਰਧਾਨ ਬਣਨਾ ਕਾਨੂੰਨੀ ਹੱਕ ਰੱਖਦਾ ਹੈ ਅਤੇ ਸਰਕਾਰ ਪੱਖੀ 5 ਕੌਂਸਲਰ ਹਨ। ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਵਿਧਾਇਕ ਕੋਟਲੀ ਅਤੇ ਉਸ ਦੇ ਸਾਥੀ 8 ਕੌਂਸਲਰਾਂ ਅਤੇ ਸਮਰਥਕਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਕੌਮੀ ਮਾਰਗ ਉੱਪਰ ਧਰਨਾ ਦੇ ਕੇ ਬੈਠ ਗਏ, ਜਿਨ੍ਹਾਂ ਨੂੰ ਡੀ. ਐੱਸ. ਪੀ. ਕੁਲਵੰਤ ਸਿੰਘ ਦੀ ਅਗਵਾਈ ’ਚ ਪੁਲਸ ਮੁਲਾਜ਼ਮਾਂ ਨੇ ਜ਼ਬਰਦਸਤੀ ਚੁੱਕ ਕੇ ਕੌਮੀ ਮਾਰਗ ਤੋਂ ਬਾਹਰ ਕੱਢਿਆ।
ਵਿਧਾਇਕ ਕੋਟਲੀ ਨੇ ਬਾਅਦ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਚੋਣ ’ਚ ਸਰਕਾਰ ਨੇ ਲੋਕਤੰਤਰ ਦਾ ਘਾਣ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਗਰੁੱਪ ’ਚੋਂ ਰਾਜ ਕੁਮਾਰ ਰਾਜਾ ਪ੍ਰਧਾਨ, ਰਾਕੇਸ਼ ਬੱਗਾ ਸੀਨੀਅਰ ਮੀਤ ਪ੍ਰਧਾਨ ਅਤੇ ਸਤਨਾਮ ਸਿੰਘ ਸੈਣੀ ਵਾਈਸ ਪ੍ਰਧਾਨ ਹੀ ਨਗਰ ਕੌਂਸਲ ਭੋਗਪੁਰ ਦੇ ਅਹੁਦੇਦਾਰ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਨਗਰ ਕੌਂਸਲ ਭੋਗਪੁਰ ਦੇ ਅਹੁਦੇਦਾਰਾਂ ਦੀ ਚੋਣ ’ਚ ਕੋਈ ਅੜਿੱਕਾ ਪਾਇਆ ਤਾਂ ਉਹ ਆਪਣੇ ਸਮਰਥਕਾਂ ਨਾਲ ਕੌਮੀ ਮਾਰਗ ’ਤੇ ਅਣਮਿੱਥੇ ਸਮੇਂ ਤੱਕ ਧਰਨਾ ਦੇਣਗੇ।
ਅੰਤ ’ਚ ਨਾਇਬ ਤਹਿਸੀਲਦਾਰ ਭੋਗਪੁਰ ਰਾਜਵੀਰ ਸਿੰਘ ਮਰਵਾਹਾ ਨੇ ਵਿਧਾਇਕ ਕੋਟਲੀ ਨੂੰ ਵਿਸ਼ਵਾਸ ਦਿਵਾਇਆ ਕਿ ਗਣਤੰਤਰ ਦਿਵਸ ਤੋਂ ਬਾਅਦ ਕੌਂਸਲ ਦੇ ਅਹੁਦੇਦਾਰਾਂ ਦੀ ਚੋਣ ਕਰਵਾ ਦਿੱਤੀ ਜਾਵੇਗਾ। ਇਸ ਮੌਕੇ ਜਿੱਤੇ ਹੋਏ ਨੁਮਾਇੰਦਿਆਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ। ਇਸ ਸਮੇਂ ਸੋਨੂੰ ਅਰੋੜਾ ਪ੍ਰਧਾਨ ਮਾਰਕੀਟ ਐਸੋਸੀਏਸ਼ਨ ਭੋਗਪੁਰ, ਅਮਿਤ ਅਰੋੜਾ, ਚਰਨਜੀਤ ਸਿੰਘ, ਮਨੀ ਡੱਲੀ, ਸਰਵਨ ਸਿੰਘ ਡੱਲੀ, ਗੁਰਪ੍ਰੀਤ ਸਿੰਘ, ਅਕਸ਼ੈ ਅਰੋੜਾ, ਬਿੱਲਾ ਅਰੋੜਾ, ਬੌਬੀ ਸਰੀਨ, ਜਸਵੀਰ ਸਿੰਘ ਸੈਣੀ, ਤਾਰੀ ਡੱਲੀ ਅਤੇ ਹੋਰ ਮੌਜੂਦ ਸਨ।
65 ਆਮ ਆਦਮੀ ਕਲੀਨਿਕਾਂ ਦੇ ਨਾਂ ਹੁਣ ‘ਆਯੁਸ਼ਮਾਨ ਅਰੋਗਿਆ ਕੇਂਦਰ’, ਨਹੀਂ ਲੱਗੇਗੀ ਮੁੱਖ ਮੰਤਰੀ ਦੀ ਫੋਟੋ
NEXT STORY