ਭਵਾਨੀਗੜ੍ਹ (ਕਾਂਸਲ) : ਪੰਜਾਬ ਸਰਕਾਰ ਵੱਲੋਂ ਗਣਤੰਤਰ ਦਿਵਸ ਮੌਕੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ’ਚ ਪੰਜਾਬੀਆਂ ਦੇ ਅਹਿਮ ਯੋਗਦਾਨ, ਨਾਰੀ ਸ਼ਕਤੀ ਅਤੇ ਪੰਜਾਬ ਦੇ ਅਮੀਰ ਸੱਭਿਆਚਾਰ ਵਿਰਸੇ ਨੂੰ ਰੂਪਮਾਨ ਕਰਦੀਆਂ ਤਿੰਨ ਝਾਕੀਆਂ ਦਾ ਸਥਾਨਕ ਸ਼ਹਿਰ ਵਿਖੇ ਪਹੁੰਚਣ ’ਤੇ ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਤੇ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਸ਼ਹਿਰ ਵਾਸੀਆਂ ਵੱਲੋਂ ਗਰਮਜੋਸ਼ੀ ਨਾਲ ਭਰਵਾਂ ਸੁਵਾਗਤ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਜਦੋਂ ਵੀ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਤੇ ਦੇਸ਼ ਦੇ ਸੱਭਿਆਚਾਰ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਉਪਰ ਮੋਹਰੀ ਨਾਮ ਪੰਜਾਬ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਪਹਿਲ ਕਦਮੀ ਕੀਤੀ ਗਈ ਸੀ ਕਿ ਪੰਜਾਬ ਦੇ ਵਿਰਸੇ ਨੂੰ ਪੰਜਾਬ ਦੇ ਇਤਿਹਾਸ ਨੂੰ ਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਪੰਜਾਬ ਦੇ ਯੋਧਿਆਂ ਨੂੰ 26 ਜਨਵਰੀ ਦੇ ਦਿਹਾੜੇ ਮੌਕੇ ਪਰੇਡ ’ਚ ਸ਼ਾਮਿਲ ਕਰਨ ਲਈ ਇਹ ਝਾਕੀਆਂ ਤਿਆਰ ਕੀਤੀਆਂ ਗਈਆਂ ਸਨ ਪਰ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਝਾਕੀਆਂ ਨੂੰ ਪਰੇਡ ’ਚ ਸ਼ਾਮਲ ਨਾ ਕਰਕੇ ਇਸ ਧੱਕੇ ਰਾਹੀਂ ਪੰਜਾਬ ਨਾਲ ਆਪਣੀ ਵਿਤਕਰੇ ਦੀ ਭਾਵਨਾਂ ਨੂੰ ਖੁੱਲ੍ਹ ਕੇ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਆਪਣੇ ਧੱਕੇਸ਼ਾਹੀ ਦੀ ਜਿਸ ਮਰਜ਼ੀ ਹੱਦ ਤੱਕ ਚਲਾ ਜਾਵੇ ਪਰ ਉਹ ਪੰਜਾਬ ਦੇ ਕੱਦ ਨੂੰ ਘੱਟ ਨਹੀਂ ਕਰ ਸਕਦੇ ਸਗੋਂ ਕੇਂਦਰ ਦੀ ਇਸ ਬਦਨੀਤੀ ਨਾਲ ਕੇਂਦਰ ਦਾ ਹੀ ਕੱਦ ਘੱਟਿਆ ਹੈ।
ਉਨ੍ਹਾਂ ਕਿਹਾ ਕਿ ਹੁਣ ਇਹ ਝਾਕੀਆਂ ਪੰਜਾਬ ਦੇ ਹਰ ਹਿੱਸੇ ’ਚ ਜਾਣਗੀਆਂ ਦੇ ਪੰਜਾਬ ਦੇ ਲੋਕ ਦੱਸਣਗੇ ਕਿ ਕਮੀਆ ਝਾਕੀਆਂ ਹਨ ਜਾਂ ਫਿਰ ਕੇਂਦਰ ਦੀ ਨੀਅਤ ’ਚ ਹੀ ਖੋਟ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ, ਡਾ. ਵਿਨੀਤ ਕੁਮਾਰ ਐੱਸ.ਡੀ.ਐੱਮ ਭਵਾਨੀਗੜ੍ਹ, ਪ੍ਰਗਟ ਸਿੰਘ ਢਿੱਲੋਂ ਪ੍ਰਧਾਨ ਟਰੱਕ ਯੂਨੀਅਨ, ਪ੍ਰੀਦਪ ਮਿੱਤਲ ਪ੍ਰਧਾਨ ਆੜਤੀਆਂ ਐਸੋ., ਗਰਮੀਤ ਸਿੰਘ, ਸਿੰਦਰਪਾਲ ਕੌਰ, ਈਸ਼ਵਰ ਬਾਂਸਲ, ਸਬ ਇੰਸਪੈਕਟਰ ਗੁਰਨਾਮ ਸਿੰਘ ਥਾਣਾ ਮੁਖੀ ਭਵਾਨੀਗੜ੍ਹ ਸਮੇਤ ਵੱਡੀ ਗਿਣਤੀ ’ਚ ਸ਼ਹਿਰ ਨਿਵਾਸੀ, ਵੱਖ ਵੱਖ ਸਕੂਲਾਂ ਦੇ ਅਧਿਆਪਕ ਤੇ ਸਕੂਲਾਂ ਦੇ ਬੱਚੇ ਵੀ ਮੌਜੂਦ ਸਨ।
ਸਵਾ ਮਹੀਨਾ ਪਹਿਲਾਂ ਕੈਨੇਡਾ ਭੇਜੀ ਨੌਜਵਾਨ ਕੁੜੀ ਦੀ ਮੌਤ, ਧੀ ਦੀ ਫੋਟੋ ਨੂੰ ਕਲਾਵੇ ’ਚ ਲੈ ਧਾਹਾਂ ਮਾਰ ਰੋਇਆ ਪਿਤਾ
NEXT STORY