ਮੋਗਾ, (ਸੰਦੀਪ)- ਤਿੰਨ ਸਾਲ ਪਹਿਲਾਂ ਥਾਣਾ ਸਮਾਲਸਰ ਪੁਲਸ ਵੱਲੋਂ ਐੱਨ. ਡੀ. ਪੀ. ਐੱਸ. ਐਕਟ ਤਹਿਤ ਨਾਮਜ਼ਦ ਕੀਤੇ ਗਏ ਫਰੀਦਕੋਟ ਜੇਲ ’ਚ ਬੰਦ ਹਵਾਲਾਤੀ ਨੇ ਜੇਲ ਦੇ ਸਕਿਓਰਿਟੀ ਇੰਚਾਰਜ ਅਤੇ ਹੋਰ ਸਟਾਫ ’ਤੇ ਉਸ ਨਾਲ ਧੱਕੇਸ਼ਾਹੀ ਤੇ ਕੁੱਟ-ਮਾਰ ਕਰਨ ਦੇ ਕਥਿਤ ਦੋਸ਼ ਲਾਏ ਹਨ। ਅੱਜ ਮਾਣਯੋਗ ਜ਼ਿਲਾ ਅਤੇ ਵਧੀਕ ਸੈਸ਼ਨ ਜੱਜ ਚਰਨਜੀਤ ਅਰੋਡ਼ਾ ਦੀ ਅਦਾਲਤ ’ਚ ਪੇਸ਼ੀ ’ਤੇ ਪੁੱਜੇ ਪੀਡ਼ਤ ਨੇ ਮਾਣਯੋਗ ਅਦਾਲਤ ਨੂੰ ਇਸ ਸਬੰਧੀ ਸਬੂਤ ਵਜੋਂ ਆਪਣੇ ਸਰੀਰ ’ਤੇ ਪਏ ਕੁੱਟ-ਮਾਰ ਦੇ ਨਿਸ਼ਾਨ ਦਿਖਾਉਂਦੇ ਹੋਏ ਇਨਸਾਫ ਦੀ ਮੰਗ ਕੀਤੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਦਾਲਤ ਵੱਲੋਂ 24 ਘੰਟੇ ਦੇ ਅੰਦਰ-ਅੰਦਰ ਉਸ ਦੀ ਮੈਡੀਕਲ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀਡ਼ਤ ਪੱਖ ਦੇ ਵਕੀਲ ਐਡਵੋਕੇਟ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਮਾਣਯੋਗ ਅਦਾਲਤ ’ਚ ਮਾਡਰਨ ਜੇਲ ਫਰੀਦਕੋਟ ’ਚ ਬੰਦ ਹਵਾਲਾਤੀ ਪ੍ਰੀਤਮ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਲੰਡੇ ਤਿੰਨ ਸਾਲ ਪਹਿਲਾਂ ਥਾਣਾ ਸਮਾਲਸਰ ਵਿਚ ਦਰਜ ਇਕ ਮਾਮਲੇ ਵਿਚ ਪੇਸ਼ੀ ’ਤੇ ਆਇਆ ਸੀ, ਜਦ ਇਸ ਸਬੰਧੀ ਅਦਾਲਤ ਵਿਚ ਪਹੁੰਚੇ ਤਾਂ ਪ੍ਰੀਤਮ ਸਿੰਘ ਨੇ ਮਾਣਯੋਗ ਅਦਾਲਤ ਨੂੰ ਮਾਡਰਨ ਜੇਲ ਫਰੀਦਕੋਟ ਵਿਚ ਅਾਪਣੇ ’ਤੇ ਜੇਲ ਸਕਿਓਰਿਟੀ ਇੰਚਾਰਜ ਅਤੇ ਹੋਰ ਪੁਲਸ ਮੁਲਾਜ਼ਮਾਂ ਵੱਲੋਂ ਨਾਜਾਇਜ਼ ਤੌਰ ’ਤੇ ਧੱਕੇਸ਼ਾਹੀ ਅਤੇ ਕੁੱਟ-ਮਾਰ ਕਰਨ ਦੇ ਕਥਿਤ ਤੌਰ ’ਤੇ ਦੋਸ਼ ਲਾਏ। ਪ੍ਰੀਤਮ ਸਿੰਘ ਨੇ ਅਦਾਲਤ ਨੂੰ ਆਪਣੀ ਪਿੱਠ ’ਤੇ ਪਏ ਨਿਸ਼ਾਨ ਵੀ ਦਿਖਾਏ।
ਜਦ ਇਸ ਸਬੰਧੀ ਉਕਤ ਜੇਲ ਸੁਪਰਡੈਂਟ ਡੀ. ਐੱਸ. ਪੀ. ਜਸਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਹਵਾਲਾਤੀ ਵੱਲੋਂ ਲਾਏ ਗਏ ਦੋਸ਼ ਬੇ-ਬੁਨਿਆਦ ਹਨ। ਕਥਿਤ ਦੋਸ਼ ਲਾਉਣ ਵਾਲੇ ਪ੍ਰੀਤਮ ਸਿੰਘ ਵੱਲੋਂ ਜੇਲ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਨਾਜਾਇਜ਼ ਤੌਰ ’ਤੇ ਪਾਬੰਦੀਸ਼ੁਦਾ ਸਾਮਾਨ ਜੇਲ ਵਿਚ ਮੰਗਵਾ ਕੇ ਸਪਲਾਈ ਕੀਤਾ ਜਾਂਦਾ ਹੈ, ਜਿਸ ਦਾ ਪਤਾ ਲੱਗਣ ’ਤੇ ਜੇਲ ਦੇ ਕਾਨੂੰਨ ਅਨੁਸਾਰ ਅਜਿਹੇ ਹਵਾਲਾਤੀਆਂ ਨੂੰ ਅਲੱਗ ਤੌਰ ’ਤੇ ਬੰਦ ਕਰਨ ਦਾ ਨਿਯਮ ਹੈ, ਜਿਸ ਕਰ ਕੇ ਉਸ ਨੂੰ ਅਲੱਗ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਉਸ ਨਾਲ ਧੱਕੇਸ਼ਾਹੀ ਤੇ ਕੁੱਟ-ਮਾਰ ਦੇ ਦੋਸ਼ ਬੇ-ਬੁਨਿਆਦ ਹਨ।
ਨਸ਼ੇ ਵਾਲੇ ਪਦਾਰਥਾਂ ਸਣੇ 3 ਗ੍ਰਿਫਤਾਰ
NEXT STORY