ਜੇਲਾਂ ਤੋਂ ਅਦਾਲਤਾਂ ’ਚ ਪੇਸ਼ੀ ਜਾਂ ਹਸਪਤਾਲਾਂ ’ਚ ਇਲਾਜ ਦੇ ਲਈ ਲਿਜਾਏ ਜਾਣ ਵਾਲੇ ਕੈਦੀਆਂ ਦੀ ਫਰਾਰੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਜੋ ਸਿਰਫ ਪਿਛਲੇ 4 ਮਹੀਨਿਆਂ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 10 ਅਗਸਤ, 2025 ਨੂੰ ‘ਕਾਸਗੰਜ’ (ਉੱਤਰ ਪ੍ਰਦੇਸ਼) ਦੀ ਜੇਲ ਤੋਂ ‘ਆਗਰਾ ਮੈਡੀਕਲ ਕਾਲਜ’ ’ਚ ਇਲਾਜ ਕਰਵਾਉਣ ਲਈ ਲਿਆਂਦਾ ਗਿਆ ਇਕ ਕੈਦੀ ਰਾਤ ਦੇ ਸਮੇਂ ਉਸ ਦੀ ਨਿਗਰਾਨੀ ’ਤੇ ਤਾਇਨਾਤ ਵਾਰਡਨਾਂ ਦੇ ਸੌਂ ਜਾਣ ’ਤੇ ਆਪਣੇ ਹੱਥ ਤੋਂ ਹੱਥਕੜੀ ਕੱਢ ਕੇ ਫਰਾਰ ਹੋ ਗਿਆ।
* 17 ਸਤੰਬਰ ਨੂੰ ‘ਸਹਰਸਾ’ (ਬਿਹਾਰ) ਦੇ ‘ਸਿਰਿਸਤਾ’ ਥਾਣੇ ਦੇ ਲਾਕਅੱਪ ’ਚ ਬੰਦ 3 ਅਪਰਾਧੀ ਉਥੇ ਉਨ੍ਹਾਂ ਦੀ ਰਖਵਾਲੀ ਲਈ ਮੌਜੂਦ ਪੁਲਸ ਮੁਲਾਜ਼ਮਾਂ ਨੂੰ ਝਕਾਨੀ ਦੇ ਕੇ ਥਾਣੇ ਦੀ ਪਿਛਲੀ ਖਿੜਕੀ ਦੀ ਰਾਡ ਤੋੜ ਕੇ ਭੱਜ ਗਏ।
* 3 ਅਕਤੂਬਰ ਨੂੰ ‘ਕਟਕ’ (ਓਡਿਸ਼ਾ) ਦੀ ਸੁਰੱਖਿਅਤ ਮੰਨੀ ਜਾਣ ਵਾਲੀ ‘ਚੌਦੁਆਰ ਜੇਲ’ ਤੋਂ 2 ਅਪਰਾਧੀ ਆਪਣੀ ਕੋਠੜੀ ਦੀ ‘ਗਰਿੱਲ’ ਕੱਟਣ ਤੋਂ ਬਾਅਦ ਜੇਲ ਦੀ ਕੰਧ ਟੱਪ ਕੇ ਫਰਾਰ ਹੋ ਗਏ।
* ਅਤੇ ਹੁਣ 18 ਦਸੰਬਰ ਨੂੰ ਨਸ਼ੀਲੀਆਂ ਗੋਲੀਆਂ ਨਾਲ ਫੜਿਆ ਿਗਆ ਮੁਲਜ਼ਮ ‘ਮੋਗਾ’ (ਪੰਜਾਬ) ਦੇ ‘ਬੱਧਨੀਕਲਾਂ’ ਥਾਣੇ ’ਚ ਪੁਲਸ ਰਿਮਾਂਡ ਦੌਰਾਨ ਹਵਾਲਾਤ ਦੀ ਛੱਤ ਤੋੜ ਕੇ ਨੌਂ ਦੋ ਗਿਆਰਾਂ ਹੋ ਗਿਆ।
ਇਹ ਘਟਨਾਵਾਂ ਜੇਲਾਂ ਅਤੇ ਹਵਾਲਾਤਾਂ ’ਚ ਸੁਰੱਖਿਆ ਵਿਵਸਥਾਵਾਂ ਦੀ ਗੰਭੀਰ ਸਮੀਖਿਆ ਦੀਆਂ ਲੋੜਾਂ ਨੂੰ ਉਜਾਗਰ ਕਰਦੀਆਂ ਹਨ, ਜੋ ਉਨ੍ਹਾਂ ਦੀ ਸੁਰੱਖਿਆ ’ਚ ਤਾਇਨਾਤ ਮੁਲਾਜ਼ਮਾਂ ਦੀ ਖੁੰਝ ਅਤੇ ਲਾਪਰਵਾਹੀ ਦਾ ਹੀ ਪ੍ਰਮਾਣ ਹਨ।
ਇਸ ਲਈ ਅਜਿਹੀਆਂ ਘਟਨਾਵਾਂ ਰੋਕਣ ਲਈ ਅਪਰਾਧੀਆਂ ਦੇ ਮਾਮਲਿਆਂ ਦੀ ਸੁਣਵਾਈ ਜਾਂ ਤਾਂ ਜੇਲਾਂ ਦੇ ਅੰਦਰ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇ ਜਾਂ ਮੂਵਮੈਂਟ ਦੌਰਾਨ ਉਨ੍ਹਾਂ ਨੂੰ ਫਰਾਰ ਹੋਣ ਤੋਂ ਰੋਕਣ ਲਈ ਪੱਕੇ ਅਤੇ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਫਰਾਰੀ ਦੇ ਮਾਮਲੇ ’ਚ ਲਾਪਰਵਾਹ ਪੁਲਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਜੇਕਰ ਅਜਿਹਾ ਨਹੀਂ ਕੀਤਾ ਜਾਵੇਗਾ ਤਾਂ ਕੈਦੀ ਇਸੇ ਤਰ੍ਹਾਂ ਪੁਲਸ ਹਿਰਾਸਤ ’ਚੋਂ ਫਰਾਰ ਹੁੰਦੇ ਰਹਿਣਗੇ, ਕਾਨੂੰਨ ਵਿਵਸਥਾ ਦਾ ਮਜ਼ਾਕ ਉੱਡਦਾ ਰਹੇਗਾ ਅਤੇ ਅਪਰਾਧੀਆਂ ਦੇ ਹੌਸਲੇ ਬੁਲੰਦ ਹੁੰਦੇ ਰਹਿਣਗੇ।
–ਵਿਜੇ ਕੁਮਾਰ
‘ਹੇਟ ਸਪੀਚ ਬਿੱਲ’ ਦੁਰਵਰਤੋਂ ਹੋਣ ਦਾ ਖਦਸ਼ਾ!
NEXT STORY