ਮੋਗਾ (ਗੋਪੀ ਰਾਊਕੇ) : ਇਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਖ਼ੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਇਸੇ ਲੜੀ ਤਹਿਤ ਰਾਜ ਭਰ ’ਚ ਨਵੇਂ ਖ਼ੇਡ ਸਟੇਡੀਅਮ ਬਣਾਉਣ ਦੀ ਪ੍ਰਕਿਰਿਆ ਵੀ ਚੱਲਦੀ ਹੈ। ਉੱਥੇ ਦੂਜੇ ਪਾਸੇ ਨਗਰ ਨਿਗਮ ਮੋਗਾ ਦੇ ਅੰਦਰ ਬਣੇ ਸਟੇਡੀਅਮ ਨੂੰ ਢਹਿ ਢੇਰੀ ਕਰ ਕੇ ਨਿਗਮ ਦਫ਼ਤਰ ਬਣਾਉਣ ਦੇ ਮਾਮਲੇ ਨੂੰ ਲੈ ਕੇ ਨਵਾਂ ‘ਰੱਫੜ’ ਪੈ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਪਾਰਟੀ ਆਗੂ ਅਤੇ ਕੌਂਸਲਰ ਸਟੇਡੀਅਮ ਵਾਲੀ ਥਾਂ ’ਤੇ ਦਫ਼ਤਰ ਬਣਾਉਣ ਦੇ ਸਿੱਧੇ ਤੌਰ ’ਤੇ ਵਿਰੋਧ ਵਿਚ ਨਿੱਤਰ ਆਏ ਹਨ। ਇੱਥੇ ਹੀ ਬੱਸ ਨਹੀਂ ਰੋਜ਼ਾਨਾ ਇਸ ਸਟੇਡੀਅਮ ’ਚ ਖ਼ੇਡਣ ਵਾਲੇ ਖਿਡਾਰੀ ਵੀ ਨਿਰਾਸ਼ਤਾ ਦੇ ਆਲਮ ’ਚ ਡੁੱਬ ਗਏ ਹਨ।
ਇਹ ਵੀ ਪੜ੍ਹੋ : ਪੁਲਿਸ ਵੱਲੋਂ ਅਸਲਾ ਜਮ੍ਹਾਂ ਕਰਵਾਉਣ ਕਾਰਨ ਅਨੇਕਾਂ ਲੋਕ ਹੁੰਦੇ ਹਨ ਪ੍ਰੇਸ਼ਾਨ
ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਜ਼ਿਲਾ ਮੋਗਾ ਦੇ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲਾ, ਬੀ.ਸੀ ਵਿੰਗ ਦੇ ਜ਼ਿਲਾ ਪ੍ਰਧਾਨ ਚਰਨਜੀਤ ਸਿੰਘ ਝੰਡੇਆਣਾ, ਰਾਕੇਸ਼ ਬਜਾਜ ਕਾਲਾ, ਮਨਜੀਤ ਸਿੰਘ ਧੰਮੂ, ਗੌਰਵ ਗੁਪਤਾ ਗੁੱਡੂ, ਗੋਵਰਧਨ ਪੋਪਲੀ, ਭਰਤ ਗੁਪਤਾ, ਦਵਿੰਦਰ ਤਿਵਾੜੀ (ਸਾਰੇ ਕੌਂਸਲਰ) ਆਦਿ ਨੇ ਆਖਿਆ ਕਿ ਇਸ ਥਾਂ ’ਤੇ ਪਿਛਲੇ 25-30 ਵਰ੍ਹਿਆਂ ਤੋਂ ਦੁਸਹਿਰਾ ਮਨਾਇਆ ਜਾਂਦਾ ਹੈ ਅਤੇ ਰੋਜ਼ਾਨਾ ਸ਼ਾਮ ਵੇਲੇ ਗਰਾਊਂਡ ਵਿਚ ਖਿਡਾਰੀ ਕ੍ਰਿਕਟ ਖ਼ੇਡਦੇ ਹਨ। ਉਨ੍ਹਾਂ ਕਿਹਾ ਕਿ ਹੁਕਮਰਾਨ ਧਿਰ ਨੂੰ ਇਸ ਤਰ੍ਹਾਂ ਦਾ ਏਜੰਡਾ ਲਿਆ ਕੇ ਪਾਸ ਕਰਨ ਦੀ ਬਜਾਏ ਪਹਿਲਾਂ ਹੀ ਸੋਚ ਵਿਚਾਰ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਨਗਰ ਨਿਗਮ ਹਾਊਸ ਦੀ ਮੀਟਿੰਗ ਵਿਚ ਇਸ ਦਾ ਵਿਰੋਧ ਕੀਤਾ ਸੀ, ਪਰੰਤੂ ਫ਼ਿਰ ਵੀ ਹੁਕਮਰਾਨ ਧਿਰ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜੋ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਦਫ਼ਤਰ ਬਣਾਉਣ ਲਈ ਹੋਰ ਥਾਂ ਵਰਤਣ ਦੀ ਲੋੜ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਫ਼ਿਰ ਵੀ ਇਸ ਤਰ੍ਹਾਂ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਤਿੱਖਾ ਵਿਰੋਧ ਕਰੇਗਾ।
ਨਗਰ ਨਿਗਮ ਦਫਤਰ ’ਚ ਸਟੇਡੀਅਮ ਨੂੰ ਢਹਿ ਢੇਰੀ ਕਰ ਕੇ ਦਫ਼ਤਰ ਬਣਾਉਣ ਨੂੰ ਲੈ ਕੇ ਪਿਆ ‘ਰੱਫੜ’
NEXT STORY