ਮੋਹਾਲੀ, (ਕੁਲਦੀਪ)- ਟਰਾਈਸਿਟੀ ਵਿਚ ਲਗਾਤਾਰ ਤੀਜੇ ਦਿਨ ਗੰਨ ਪੁਆਇੰਟ ’ਤੇ ਕਾਰ ਲੁੱਟ ਦੀ ਤੀਜੀ ਵਾਰਦਾਤ ਹੋਈ ਹੈ। ਸਭ ਤੋਂ ਪਹਿਲਾਂ ਪੰਚਕੂਲਾ ਵਿਚ ਅੌਰਤ ਤੋਂ ਕਾਰ ਲੁੱਟਣ ਦਾ ਯਤਨ ਹੋਇਆ। ਫਿਰ ਸਿਸਵਾਂ-ਬੱਦੀ ਰੋਡ ’ਤੇ ਚੰਡੀਗੜ੍ਹ ਦੇ ਸੈਕਟਰ-40 ਦੇ ਸੈਲੂਨ ਮਾਲਕ ਤੋਂ ਸਵਿਫਟ ਕਾਰ ਲੁੱਟੀ ਗਈ ਤੇ ਹੁਣ ਬੁੱਧਵਾਰ ਰਾਤ ਨੂੰ ਮੋਹਾਲੀ ਦੇ ਸੈ ਵਿਚ ਸਵਿਫਟ ਡਿਜ਼ਾਇਰ ਕਾਰ ਲੁੱਟੀ ਗਈ। ਕਾਰ ਮਾਲਕ ਮੋਹਿਮ ਵਰਮਾ ਨਿਵਾਸੀ ਤਾਜ ਟਾਵਰ, ਸੈਕਟਰ-104 ਨੇ ਦੱਸਿਆ ਕਿ ਉਹ ਇਕ ਜੂਸ ਕੰਪਨੀ ਦਾ ਡਿਸਟ੍ਰੀਬਿਊਟਰ ਹੈ। ਬੁੱਧਵਾਰ ਸ਼ਾਮ ਨੂੰ ਆਪਣੀ ਸਵਿਫਟਰ ਡਿਜ਼ਾਇਰ ਕਾਰ ’ਤੇ ਚੰਡੀਗੜ੍ਹ ਤੋਂ ਆਪਣੇ ਘਰ ਜਾ ਰਿਹਾ ਸੀ। ਜਦੋਂ ਉਹ ਨਗਰ ਨਿਗਮ ਆਫਿਸ ਵਾਲੀ ਲਾਈਟਾਂ ਕ੍ਰਾਸ ਕਰ ਕੇ ਸੈਕਟਰ-104 ਵਾਲੀ ਸੜਕ ’ਤੇ ਗਿਆ ਤਾਂ ਰਸਤੇ ਵਿਚ ਇਕ ਆਂਡਿਆਂ ਵਾਲੀ ਰੇਹੜੀ ਕੋਲ ਜਾ ਕੇ ਉਸ ਨੇ ਆਂਡੇ ਖਰੀਦਣ ਲਈ ਕਾਰ ਰੋਕੀ। ਆਂਡੇ ਖਰੀਦ ਕੇ ਉਹ ਵਾਪਸ ਕਾਰ ਵਿਚ ਬੈਠਣ ਹੀ ਲੱਗਾ ਸੀ ਕਿ ਪਿੱਛੋਂ 3 ਨੌਜਵਾਨ ਉਸ ਕੋਲ ਆਏ ਤੇ ਇਕ ਦਮ ਕਾਰ ਦੀ ਖਿੜਕੀ ਨੂੰ ਹੱਥ ਪਾ ਲਿਆ। ਖਿੜਕੀ ਖੋਲ੍ਹ ਕੇ ਇਕ ਨੌਜਵਾਨ ਨੇ ਉਸ ਨੂੰ ਗੰਨ ਦਿਖਾਈ। ਇਸੇ ਦੌਰਾਨ ਦੂਜੇ ਨੌਜਵਾਨਾਂ ਨੇ ਵੀ ਉਸ ਨੂੰ ਅਸਲਾ ਦਿਖਾਇਆ ਤੇ ਕਾਰ ਛੱਡਣ ਲਈ ਕਿਹਾ। ਮੋਹਿਤ ਨੇ ਦੱਸਿਆ ਕਿ ਉਹ ਕਾਰ ਛੱਡ ਕੇ ਪਿੱਛੇ ਹੋ ਗਿਆ ਤੇ ਤਿੰਨੇ ਕਾਰ ਲੈ ਕੇ ਚੰਡੀਗੜ੍ਹ ਵੱਲ ਫਰਾਰ ਹੋ ਗਏ।
ਪੁਲਸ ਅਧਿਕਾਰੀ ਪਹੁੰਚੇ ਮੌਕੇ ’ਤੇ
ਮੋਹਾਲੀ ’ਚ ਲਗਾਤਾਰ ਦੂਜੇ ਦਿਨ ਵਾਪਰੀ ਕਾਰ ਲੁੱਟਣ ਦੀ ਘਟਨਾ ਦੀ ਸੂਚਨਾ ਮਿਲਦਿਅਾਂ ਹੀ ਪੁਲਸ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਅਾ। ਐੱਸ. ਐੱਸ. ਪੀ. ਮੋਹਾਲੀ ਕੁਲਦੀਪ ਸਿੰਘ ਚਾਹਲ, ਡੀ. ਐੱਸ. ਪੀ. ਰਮਨਦੀਪ ਸਿੰਘ, ਐੱਸ. ਐੱਚ. ਓ. ਤਿਰਲੋਚਨ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਕਾਰ ਮਾਲਕ ਮੋਹਿਤ ਵਰਮਾ ਨੇ ਕਾਰ ਲੁੱਟਣ ਦੀ ਘਟਨਾ ਸਬੰਧੀ ਪੁਲਸ ਸਟੇਸ਼ਨ ਸੁਹਾਣਾ ਵਿਚ ਸ਼ਿਕਾਇਤ ਦੇ ਦਿੱਤੀ ਹੈ।
ਸ਼ੇਰਪੁਰ ਮੱਛੀ ਮਾਰਕੀਟ ’ਚ ਫੈਕਟਰੀ ਮਾਲਕ ਤੇ ਵਰਕਰਾਂ ਵਿਚਾਲੇ ਚੱਲੇ ਇੱਟਾਂ-ਪੱਥਰ
NEXT STORY