ਸੰਗਰੂਰ, (ਯਾਦਵਿੰਦਰ)- ਜੈਪੁਰ ਦੀ ਤਰਜ਼ ’ਤੇ ਵਸੇ ਰਿਆਸਤੀ ਸ਼ਹਿਰ ਸੰਗਰੂਰ ਅੰਦਰ ਟ੍ਰੈਫਿਕ ਦੀ ਮੁੱਖ ਸਮੱਸਿਆ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ ਜਦਕਿ ਟ੍ਰੈਫਿਕ ਕੰਟਰੋਲ ਕਰਨ ਵਾਲੀ ਟ੍ਰੈਫਿਕ ਪੁਲਸ ਨੂੰ ਚਲਾਨ ਕੱਟਣ ਤੋਂ ਹੀ ਵਿਹਲ ਨਹੀਂ । ਮੌਜੂਦਾ ਸਮੇਂ ਟ੍ਰੈਫਿਕ ਦੀ ਸਮੱਸਿਆ ਨਾਲ ਜੂਝ ਰਹੇ ਸ਼ਹਿਰ ਸੰਗਰੂਰ ਨੂੰ ਵੇਖ ਕੇ ਇੰਝ ਲੱਗ ਰਿਹਾ ਹੈ ਜਿਵੇਂ ਟ੍ਰੈਫਿਕ ਪੁਲਸ ਕੁੰਭਕਰਨੀ ਨੀਂਦ ਸੁੱਤੀ ਪਈ ਹੋਵੇ ਕਿਉਂਕਿ ਸ਼ਹਿਰ ਦੇ ਬਾਜ਼ਾਰਾਂ ਅੰਦਰ ਕਈ-ਕਈ ਵਾਰ ਲੱਗਦੇ ਜਾਮ ਤੋਂ ਲੋਕ ਤੰਗ ਆਏ ਪਏ ਹਨ ਤੇ ਟ੍ਰੈਫਿਕ ਪੁਲਸ ਅਾਰਾਮ ਕਰ ਰਹੀ ਹੈ। ਜ਼ਿਲੇ ਦਾ ਦਰਜਾ ਹਾਸਲ ਸ਼ਹਿਰ ਸੰਗਰੂਰ ’ਚ ਜਿੱਥੇ ਵੱਡੇ-ਵੱਡੇ ਜ਼ਿਲਾ ਅਧਿਕਾਰੀਆਂ ਦੇ ਦਫਤਰ ਮੌਜੂਦ ਹਨ ਪਰ ਇਹ ਆਲਾ ਅਧਿਕਾਰੀ ਵੀ ਸ਼ਹਿਰ ਦੀ ਗੰਭੀਰ ਸਮੱਸਿਆ ਬਣ ਚੁੱਕੀ ਟ੍ਰੈਫਿਕ ਦੇ ਹੱਲ ਲਈ ਗੰਭੀਰਤਾ ਨਹੀਂ ਵਿਖਾ ਰਹੇ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਦਾ ਇਕ ਵਫਦ ਸ਼ਹਿਰ ਨੂੰ ਟ੍ਰੈਫਿਕ ਸਮੱਸਿਆ ਤੋਂ ਮੁਕਤੀ ਦਿਵਾਉਣ ਦੀ ਮੰਗ ਨੂੰ ਲੈ ਕੇ ਜ਼ਿਲਾ ਦੇ ਐੱਸ. ਐੱਸ. ਪੀ. ਡਾ. ਸੰਦੀਪ ਗਰਗ ਨੂੰ ਵੀ ਮਿਲਿਆ ਸੀ, ਜਿਸ ’ਤੇ ਐੱਸ. ਐੱਸ. ਐੱਸ. ਪੀ. ਡਾ. ਗਰਗ ਨੇ ਭਰੋਸਾ ਦਿਵਾਇਆ ਸੀ ਕਿ ਜਲਦ ਹੀ ਸ਼ਹਿਰੀਆਂ ਨੂੰ ਟ੍ਰੈਫਿਕ ਦੀ ਵਧਦੀ ਜਾ ਰਹੀ ਸਮੱÎਸਿਆ ਤੋਂ ਨਿਜਾਤ ਦਿਵਾਈ ਜਾਵੇਗੀ ਪਰ ਸਥਾਨਕ ਟ੍ਰੈਫਿਕ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਅਜੇ ਤੱਕ ਐੱਸ. ਐੱਸ. ਪੀ. ਸਾਹਿਬ ਦੇ ਭਰੋਸੇ ਦੀ ਲਾਜ ਨਹੀਂ ਰੱਖੀ ਭਾਵ ਅੱਜ ਵੀ ਸੰਗਰੂਰ ਵਾਸੀ ਟ੍ਰੈਫਿਕ ਸਮੱਸਿਆ ਤੋਂ ਪੀਡ਼ਤ ਹਨ।
ਕਿਥੇ-ਕਿਥੇ ਹੈ ਵੱਧ ਟ੍ਰੈਫਿਕ ਦੀ ਸਮੱਸਿਆ
ਟ੍ਰੈਫਿਕ ਦੀ ਸਮੱਸਿਆ ਦੀ ਗ੍ਰਿਫਤ ’ਚ ਓਂਝ ਤਾਂ ਸਾਰਾ ਸ਼ਹਿਰ ਹੀ ਹੈ ਪਰ ਸ਼ਹਿਰ ਦੇ ਕੁੱਝ ਹਿੱਸਿਆਂ ’ਚ ਪਬਲਿਕ ਨੂੰ ਟ੍ਰੈਫਿਕ ਸਮੱਸਿਆ ਨਾਲ ਵੱਧ ਜੂਝਣਾ ਪੈ ਰਿਹਾ ਹੈ। ਸ਼ਹਿਰ ਦਾ ਧੁਰਾ ਵੱਡਾ ਚੌਕ ਬਨਾਮ ਮਹਾਰਾਜਾ ਅਗਰਸੈਨ ਚੌਕ ਜਿੱਥੇ ਨਾਲ ਹੀ ਸ਼ਹਿਰ ਦੀ ਟ੍ਰੈਫਿਕ ਕੰਟਰੋਲ ਕਰਨ ਵਾਲੀ ਟ੍ਰੈਫਿਕ ਪੁਲਸ ਦਾ ਮੁੱਖ ਦਫਤਰ ਹੈ, ਇਸ ਚੌਕ ਦੇ ਆਲੇ-ਦੁਆਲੇ ਦੇ ਬਾਜ਼ਾਰਾਂ ’ਚ ਟ੍ਰੈਫਿਕ ਦੀ ਸਮੱਸਿਆ ਵੱਧ ਹੈ। ਟ੍ਰੈਫਿਕ ਪੁਲਸ ਦੇ ਦਫਤਰ ਤੋਂ ਪਟਿਆਲਾ ਗੇਟ ਨੂੰ ਜਾਂਦੇ ਬਾਜ਼ਾਰ ’ਚ ਪੰਜਾਬ ਨੈਸ਼ਨਲ ਬੈਂਕ ਕੋਲ ਤਾਂ ਹਰ ਵੇਲੇ ਜਾਮ ਵਰਗੀ ਸਥਿਤੀ ਹੀ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਸੁਨਾਮੀ ਗੇਟ ਬਾਜ਼ਾਰ ਵੱਲ ਜਾਂਦਿਆਂ ਇਕ ਰੈਡੀਮੇਡ ਵਰਦੀਆਂ ਦੇ ਸ਼ੋਅਰੂਮ ਕੋਲ ਵੀ ਲੋਕਾਂ ਨੂੰ ਦਿਨ ’ਚ ਕਈ ਵਾਰ ਟ੍ਰੈਫਿਕ ਦੀ ਸਮੱਸਿਆ ਪੇਸ਼ ਆਉਂਦੀ ਹੈ ਅਤੇ ਛੋਟਾ ਚੌਕ ਹੁੰਦਿਆਂ ਸਦਰ ਬਾਜ਼ਾਰ ’ਚ ਸਮੱਸਿਆ ਆਮ ਹੀ ਬਣੀ ਰਹਿੰਦੀ ਹੈ। ਸਭ ਤੋਂ ਵੱਧ ਸਮੱਸਿਆ ਲਾਈਟਾਂ ਵਾਲੇ ਚੌਕ ਜਿੱਥੇ ਕੋਲ ਹੀ ਬੱਸ ਸਟੈਂਡ ਹੈ ਇੱਥੇ ਤਾਂ ਆਮ ਹੀ ਜਾਮ ਲੱਗਿਆ ਰਹਿੰਦਾ ਹੈ ਤੇ ਦੁਪਹਿਰ ਸਕੂਲਾਂ ’ਚ ਛੁੱਟੀ ਹੋਣ ਸਮੇਂ ਅਕਸਰ ਸਕੂਲੀ ਵਾਹਨ ਇਨ੍ਹਾਂ ਜਾਮਾਂ ’ਚ ਫਸੇ ਵੇਖੇ ਜਾਂਦੇ ਹਨ। ਇਸ ਤੋਂ ਇਲਾਵਾ ਨਾਭਾ ਗੇਟ ਸਥਿਤ ਗੁਰਦੁਆਰਾ ਜੋਤੀ ਸਰੂਪ ਕੋਲ ਤਾਂ ਸਿਵਲ ਹਸਪਤਾਲ ਦੇ ਅੱਗਿਓਂ ਵੀ ਲੋਕ ਟ੍ਰੈਫਿਕ ਸਮੱਸਿਆ ਨਾਲ ਆਮ ਹੀ ਦੋ ਚਾਰ ਹੁੰਦੇ ਹਨ। ਸ਼ਹਿਰ ਦੀ ਗਊਸ਼ਾਲਾ ਰੋਡ ਕੋਲ ਜਿੱਥੇ ਨਿੱਜੀ ਬੈਂਕਾਂ ਦੇ ਦਫ਼ਤਰ ਹਨ, ਇਥੇ ਤਾਂ ਬੈਂਕ ਟਾਈਮ ਜਾਮਾਂ ਦੀ ਲਡ਼ੀ ਟੁੱਟਦੀ ਹੀ ਨਹੀਂ। ਇਨ੍ਹਾਂ ਥਾਵਾਂ ਤੋਂ ਇਲਾਵਾ ਸ਼ਹਿਰ ਦੇ ਹੋਰਨਾਂ ਹਿੱਸਿਆ ’ਚ ਲੋਕ ਟ੍ਰੈਫਿਕ ਦੀ ਸਮੱਸਿਆ ਨਾਲ ਜੂਝ ਰਹੇ ਹਨ।
ਸੋਸ਼ਲ ਮੀਡੀਆ ’ਤੇ ਵੀ ਸ਼ਹਿਰ ਦੇ ਟ੍ਰੈਫਿਕ ਦੀ ਗੂੰਜ
ਸੰਗਰੂਰ ਸ਼ਹਿਰ ਦੀ ਚਿੰਤਾ ਦਾ ਵਿਸ਼ਾ ਬਣੀ ਟ੍ਰੈਫਿਕ ਦੀ ਸਮੱਸਿਆ ਸੋਸ਼ਲ ਮੀਡੀਆ ’ਤੇ ਵੀ ਛਾਈ ਹੋਈ ਹੈ ਤੇ ਅਕਸਰ ਲੋਕ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਵਟਸਅੈਪ ਗਰੁੱਪਾਂ ’ਚ ਕੁਮੈਂਟ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਸ਼ਹਿਰ ਦੀ ਟ੍ਰੈਫਿਕ ਪੁਲਸ ਕੋਲ ਟ੍ਰੈਫਿਕ ਨੂੰ ਸੁਧਾਰਨ ਦੀ ਵਿਹਲ ਨਹੀਂ। ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੀ ਉਲਝੀ ਤਾਣੀ ਨੂੰ ਹੋਰ ਗੁੰਝਲਦਾਰ ਹੋਣ ਤੋਂ ਬਾਅਦ ਸ਼ਾਇਦ ਟ੍ਰੈਫਿਕ ਪੁਲਸ ਸੁਲਝਾਉਣ ਦੀ ਕੋਸ਼ਿਸ਼ ਕਰੇ।
ਚਾਰ ਥਾਣੇਦਾਰ ਤੇ 14 ਮੁਲਾਜ਼ਮਾਂ ਦੇ ਕਾਬੂ ਨਹੀਂ ਆ ਰਹੀ ਟ੍ਰੈਫਿਕ :
ਸਿਟੀ ਸੰਰਗੂਰ ਦੀ ਟ੍ਰੈਫਿਕ ਕੰਟਰੋਲ ਕਰਨ ਲਈ ਜ਼ਿਲਾ ਟ੍ਰੈਫਿਕ ਇੰਚਾਰਜ ਸਿਟੀ, ਟ੍ਰੈਫਿਕ ਇੰਚਾਰਜ ਤੇ ਚਾਰ ਥਾਣੇਦਾਰਾਂ ਤੋਂ ਇਲਾਵਾ 14 ਟ੍ਰੈਫਿਕ ਪੁਲਸ ਕਰਮੀ ਇਥੇ ਤਾਇਨਾਤ ਹਨ ਪਰ ਫਿਰ ਵੀ ਟ੍ਰੈਫਿਕ ਆਊਟ ਆਫ ਕੰਟਰੋਲ ਹੋ ਰਹੀ ਹੈ। ਟ੍ਰੈਫਿਕ ਪੁਲਸ ਦੇ ਹੁੰਦਿਆਂ ਵੀ ਸ਼ਹਿਰ ਦੀ ਟ੍ਰੈਫਿਕ ’ਚ ਸੁਧਾਰ ਨਾ ਹੋਣਾ ਟ੍ਰੈਫਿਕ ਪੁਲਸ ਦੀ ਕਾਰਗੁਜ਼ਾਰੀ ’ਤੇ ਸਵਾਲ ਖਡ਼੍ਹੇ ਹੁੰਦੇ ਹਨ।
ਕੀ ਕਹਿਣੈ ਡੀ. ਐੱਸ. ਪੀ. ਟ੍ਰੈਫਿਕ ਦਾ
ਜਦੋਂ ਸ਼ਹਿਰ ਦੀ ਟ੍ਰੈਫਿਕ ਦੀ ਗੰਭੀਰ ਬਣੀ ਸਮੱਸਿਆ ਬਾਰੇ ਡੀ. ਐੱਸ. ਪੀ. ਟ੍ਰੈਫਿਕ ਰੋਸ਼ਨ ਲਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਾਰੇ ਨਜ਼ਲਾਂ ਨਗਰ ਕੌਂਸਲ ਸੰਗਰੂਰ ’ਤੇ ਝਾਡ਼ਦਿਆਂ ਕਿਹਾ ਕਿ ਸ਼ਹਿਰ ਅੰਦਰ ਟ੍ਰੈਫਿਕ ਸਮੱਸਿਆ ਨੂੰ ਸੁਧਾਰਨ ਲਈ ਟ੍ਰੈਫਿਕ ਪੁਲਸ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਪਰ ਸਥਾਨਕ ਨਗਰ ਕੌਂਸਲ ਅਧਿਕਾਰੀ ਉਨ੍ਹਾਂ ਦਾ ਟ੍ਰੈਫਿਕ ਸਮੱਸਿਆ ਨੂੰ ਸੁਧਾਰਨ ’ਚ ਸਾਥ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਅੰਦਰ-ਅੰਦਰ ਬਾਜ਼ਾਰਾਂ ’ਚ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਅਸੀਂ ਕਈ ਵਾਰ ਨਗਰ ਕੌਂਸਲ ਅਧਿਕਾਰੀਆਂ ਨੂੰ ਕਹਿ ਚੁੱਕੇ ਹਾਂ ਪਰ ਉਹ ਸਾਡਾ ਸਾਥ ਨਹੀਂ ਦੇ ਰਹੇ, ਜਿਸ ਕਾਰਨ ਬਾਜ਼ਾਰਾਂ ’ਚ ਟ੍ਰੈਫਿਕ ਦੀ ਸਮੱਸਿਆ ਵੱਧ ਰਹੀ ਹੈ। ਡੀ. ਐੱਸ. ਪੀ. ਟ੍ਰੈਫਿਕ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਵਾਹਨ ਨੋ ਐਂਟਰੀ ਸਮੇਂ ਬਾਜ਼ਾਰਾਂ ’ਚ ਨਾ ਲਿਆਉਣ।
ਕੀ ਕਹਿੰਦੇ ਨੇ ਜ਼ਿਲਾ ਟ੍ਰੈਫਿਕ ਇੰਚਾਰਜ
ਇਸ ਸਬੰਧੀ ਜ਼ਿਲਾ ਟ੍ਰੈਫਿਕ ਇੰਚਾਰਜ ਗੁਰਮੀਤ ਸਿੰਘ ਨੂੰ ਪੁੱÎਛਿਆ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ’ਚ ਸਵੇਰੇ 9 ਤੋਂ ਸ਼ਾਮ ਤੱਕ 4 ਪਹੀਆ ਵਾਹਨ ਬਾਜ਼ਾਰ ਵਿਚ ਲਿਜਾਣ ਦੀ ਮਨਾਹੀ ਹੈ ਪਰ ਜੇਕਰ ਕੋਈ ਵਾਹਨ ਚਾਲਕ ਇਸ ਦੀ ਉਲੰਘਣਾ ਕਰਦਾ ਹੈ ਤਾਂ ਟ੍ਰੈਫਿਕ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਟ੍ਰੈਫਿਕ ਸਮੱਸਿਆ ਤੋਂ ਮੁਕਤ ਹੋਵੇ ਸ਼ਹਿਰ : ਐਡਵੋਕੇਟ ਜੁਨੇਜਾ
ਐਡਵੋਕੇਟ ਨਰੇਸ਼ ਜੁਨੇਜਾ ਨੇ ਜ਼ਿਲਾ ਪ੍ਰਸ਼ਾਸਨ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਦੀ ਆ ਰਹੀ ਸਮੱਸਿਆਂ ਤੋਂ ਪਹਿਲ ਦੇ ਅਾਧਾਰ ’ਤੇ ਨਿਜਾਤ ਦਿਵਾਈ ਜਾਵੇ ਤਾਂ ਜੋ ਕਿ ਨਿਤ ਦੇ ਜਾਮਾਂ ਤੋਂ ਦੁਖੀ ਸ਼ਹਿਰੀਆਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਟ੍ਰੈਫਿਕ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਸ ਨੇ ਹੋਰ ਗੰਭੀਰ ਰੂਪ ਅਪਣਾ ਲੈਣਾ ਹੈ।
ਜਬਰ-ਜ਼ਨਾਹ ਦੇ ਦੋਸ਼ 'ਚ ਨੌਜਵਾਨ ਖਿਲਾਫ ਪਰਚਾ ਦਰਜ
NEXT STORY