ਜੈਤੋ (ਜਿੰਦਲ, ਪਰਾਸ਼ਰ) - ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖੁਰਾਕੀ ਵਸਤਾਂ ਮੁਹੱਈਆ ਕਰਵਾਉਣ ਲਈ ਮਿਲਾਵਟਖੋਰੀ ਵਿਰੁੱਧ ਚਲਾਈ ਮੁਹਿੰਮ ਤਹਿਤ ਸਿਹਤ ਵਿਭਾਗ ਫਰੀਦਕੋਟ ਅਤੇ ਮਾਨਸਾ ਦੀ ਸਾਂਝੀ ਟੀਮ ਵੱਲੋਂ ਕੋਟਕਪੂਰਾ ਦੇ ਫੋਕਲ ਪੁਆਇੰਟ ਵਿਖੇ ਗੁਪਤ ਸੂਚਨਾ ਦੇ ਆਧਾਰ ’ਤੇ ਵੱਡੀ ਕਾਰਵਾਈ ਕੀਤੀ ਗਈ। ਟੀਮ ਨੇ ਗੈਰ-ਮਿਆਰੀ ਜਾਂ ਮਿਲਾਵਟੀ ਹੋਣ ਦੇ ਸ਼ੱਕ ਵਾਲੇ 21,550 ਕਿਲੋ ਘਿਓ ਨਾਲ ਭਰੇ ਇਕ ਟਰੱਕ ਨੂੰ ਕਾਬੂ ਕੀਤਾ।
ਫੂਡ ਸੇਫਟੀ ਵਿਭਾਗ ਵੱਲੋਂ ਘਿਓ ਦੇ ਲੋੜੀਂਦੇ ਨਮੂਨੇ ਸੀਲ ਕਰ ਕੇ ਜਾਂਚ ਲਈ ਸਰਕਾਰੀ ਫੂਡ ਲੈਬਾਰਟਰੀ ਖਰੜ ਭੇਜੇ ਗਏ ਹਨ ਅਤੇ ਟਰੱਕ ਨੂੰ ਫਰੀਦਕੋਟ ਪੁਲਸ ਦੀ ਹਿਰਾਸਤ ਵਿਚ ਰੱਖਿਆ ਗਿਆ ਹੈ। ਸਿਵਲ ਸਰਜਨ ਫ਼ਰੀਦਕੋਟ ਡਾ. ਰਮਨਦੀਪ ਸਿੰਗਲਾ ਅਤੇ ਜੁਆਇੰਟ ਕਮਿਸ਼ਨਰ ਫੂਡ ਸੇਫਟੀ ਪੰਜਾਬ ਅਮਿਤ ਜੋਸ਼ੀ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲੈਬ ਰਿਪੋਰਟ ਆਉਣ ਤੋਂ ਬਾਅਦ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਅਧੀਨ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਿਵਲ ਸਰਜਨ ਮਾਨਸਾ ਡਾ. ਰਣਜੀਤ ਰਾਏ ਨੇ ਇਸ ਕਾਰਵਾਈ ਨੂੰ ਵਿਭਾਗਾਂ ਦੇ ਬਿਹਤਰ ਤਾਲਮੇਲ ਦਾ ਪ੍ਰਮਾਣ ਦੱਸਦਿਆਂ ਲੋਕਾਂ ਨੂੰ ਵੀ ਖੁਰਾਕੀ ਵਸਤਾਂ ਦੀ ਗੁਣਵੱਤਾ ਤੇ ਮਿਆਦ ਦੀ ਜਾਂਚ ਕਰਨ ਦੀ ਅਪੀਲ ਕੀਤੀ। ਇਸ ਸਾਂਝੀ ਕਾਰਵਾਈ ਵਿਚ ਜੁਆਇੰਟ ਕਮਿਸ਼ਨਰ ਫੂਡ ਸੇਫਟੀ ਪੰਜਾਬ ਅਮਿਤ ਜੋਸ਼ੀ, ਸਿਵਲ ਸਰਜਨ ਮਾਨਸਾ ਡਾ. ਰਣਜੀਤ ਰਾਏ, ਫੂਡ ਸੇਫਟੀ ਅਫ਼ਸਰ ਮਾਨਸਾ ਸ੍ਰੀ ਅਮਰਿੰਦਰ ਪਾਲ ਸਿੰਘ, ਫੂਡ ਸੇਫਟੀ ਅਫ਼ਸਰ ਫਰੀਦਕੋਟ ਨਵਦੀਪ ਚਾਹਲ ਅਤੇ ਸਹਾਇਕ ਫੂਡ ਬ੍ਰਾਂਚ ਫਰੀਦਕੋਟ ਤ੍ਰਿਲੋਕ ਸਿੰਘ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ।
ਟਰੱਕ ਸਮੇਤ ਮਾਲ ਗਾਇਬ ਕਰਨ ਦੇ ਦੋਸ਼ ਹੇਠ ਡਰਾਈਵਰ ਸਮੇਤ 2 ਖਿਲਾਫ ਕੇਸ ਦਰਜ, 1 ਕਾਬੂ
NEXT STORY