ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ,ਦਰਦੀ) : ਪੰਜਾਬ ਸਰਕਾਰ ਦੇ ਵਿਸ਼ੇਸ਼ ਸਕੱਤਰ ਅਤੇ ਪਨਸਪ ਦੇ ਐਮ. ਡੀ. ਡਾ. ਅਮਰਪਾਲ ਸਿੰਘ ਨੇ ਅੱਜ ਜ਼ਿਲੇ 'ਚ ਕਣਕ ਦੀ ਖਰੀਦ ਦੀ ਚੱਲ ਰਹੀ ਪ੍ਰਕਿਰਿਆ ਦੀ ਸਮੀਖਿਆ ਲਈ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਬੈਠਕ ਕੀਤੀ। ਇਸ ਬੈਠਕ 'ਚ ਉਨ੍ਹਾਂ ਕਿਹਾ ਕਿ ਲੰਘੀ ਸ਼ਾਮ ਤੱਕ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀਆਂ ਮੰਡੀਆਂ 'ਚ 5,70,565 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ, ਜਿਸ 'ਚੋਂ 5,40,201 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਪਨਗਰੇਨ ਵਲੋਂ 1,21,640 ਮੀਟ੍ਰਿਕ ਟਨ, ਮਾਰਕਫੈਡ ਵਲੋਂ 1,29,017 ਮੀਟ੍ਰਿਕ ਟਨ, ਪਨਸਪ ਵਲੋਂ 63,350 ਮੀਟ੍ਰਿਕ ਟਨ, ਵੇਅਰ ਹਾਊਸ ਵਲੋਂ 97,520 ਮੀਟ੍ਰਿਕ ਟਨ, ਪੰਜਾਬ ਐਗਰੋ ਵਲੋਂ 56,400 ਮੀਟ੍ਰਿਕ ਟਨ ਅਤੇ ਐਫ. ਸੀ. ਆਈ. ਵਲੋਂ 72,274 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸ ਦੇ ਨਾਲ ਹੀ ਜ਼ਿਲੇ 'ਚ 602.43 ਕਰੋੜ ਰੁਪਏ ਦੀਆਂ ਅਦਾਇਗੀਆਂ ਲਈ ਅਡਵਾਈਸ ਜਾਰੀ ਕੀਤੇ ਗਏ ਹਨ। ਇਸ ਬੈਠਕ ਦੌਰਾਨ ਐਮ. ਡੀ. ਪਨਸਪ ਨੇ ਕਿਹਾ ਕਿ ਮੰਡੀ 'ਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ ਅਤੇ ਮੰਡੀ 'ਚ ਫਸਲ ਲਿਆਉਣ ਵਾਲੇ ਕਿਸਾਨਾਂ ਦੀ ਫਸਲ ਜਲਦੀ ਤੋਂ ਜਲਦੀ ਖਰੀਦੀ ਜਾਵੇ। ਇਸ ਮੌਕੇ ਉਨ੍ਹਾਂ ਨੇ ਲਿਫਟਿੰਗ 'ਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਪੰਜਾਬ ਸਰਕਾਰ ਨੇ ਤੇਜੀ ਨਾਲ ਲਿਫਟਿੰਗ ਕਰਨ ਲਈ ਟਰੈਕਟਰ ਟਰਾਲੀਆਂ ਨਾਲ ਢੋਆ ਢੁਆਈ ਦੀ ਪ੍ਰਵਾਨਗੀ ਵੀ ਦੇ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਜਪਾਲ ਸਿੰਘ, ਡੀ. ਐਫ. ਐਸ. ਸੀ. ਦੀਵਾਨ ਚੰਦ, ਡੀ. ਐਮ. ਮਾਰਕਫੈਡ ਵਿਨੋਦ ਕੁਮਾਰ ਆਦਿ ਹਾਜ਼ਰ ਸਨ।
...ਤੇ ਹੁਣ ਸਮਾਰਟ ਕਾਰਡ ਨਾਲ ਮਿਲੇਗਾ 'ਆਟਾ-ਦਾਲ ਯੋਜਨਾ' ਦਾ ਲਾਭ
NEXT STORY