'ਅਸੀਂ ਸਿਆਲਕੋਟੀਏ ਬਾਜਵੇ ਹੁੰਨੇ ਆਂ'
" ਪਿਆਰੇ ਸਾਥੀਓ, ਮੈਂ ਵਰਿਆਮ ਸਿੰਘ ਵਲਦ ਵਧਾਵਾ ਸਿੰਘ ਵਲਦ ਗੁਰਦਿੱਤ ਸਿੰਘ, ਪਿੰਡ ਜਗਰਾਲ ਤਹਿਸੀਲ ਵਾ ਜ਼ਿਲ੍ਹਾ ਜਲੰਧਰ ਤੋਂ ਮੁਖ਼ਾਤਿਬ ਹਾਂ। ਪਿਤਾ ਵਧਾਵਾ ਸਿੰਘ ਅਤੇ ਮੇਹਰ ਸਿੰਘ ਦੋ ਭਰਾ ਸਨ। ਇਤਫ਼ਾਕ ਵਸ ਅੱਗੋਂ ਅਸੀਂ ਵੀ ਦੋ ਭਰਾ ਈ ਆਂ, ਮੈਂ ਅਤੇ ਛੋਟਾ ਭਗਵਾਨ ਸਿੰਘ। ਮੇਰੀ ਪੈਦਾਇਸ਼ ਵਧਾਵਾ ਸਿੰਘ/ਸਤਵੰਤ ਕੌਰ ਦੇ ਘਰ 1931 ਦੀਆ। ਅਸੀਂ ਇਧਰੋਂ ਨਹੀਂ ਗਏ। ਸਾਡਾ ਜੱਦੀ ਪਿੰਡ ਭਰੋ ਕੇ, ਤਹਿਸੀਲ ਵਾ ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਐ। ਓਧਰ ਸਾਡੇ ਗੁਆਂਢੀ ਪਿੰਡ ਸਨ- ਬਡਿਆਣਾ, ਗੁੰਨ੍ਹਾ ਨਿੱਕਾ ਅਤੇ ਵੱਡਾ। ਸਾਡਾ ਸਾਰਾ ਈ ਪਿੰਡ ਬਾਜਵੇ ਜੱਟ ਸਿੱਖਾਂ ਦਾ ਈ। ਬਾਜਵਿਆਂ ਦੇ ਕੋਈ ਢਾਈ ਸੌ ਤੋਂ ਉਪਰ, 20 ਕੁ ਘਰ ਮਜ਼੍ਹਬੀਆਂ ਦੇ ਅਤੇ ਕੋਈ 3-3 ਘਰ ਕੰਮਾਂ ਦੇ ਅਧਾਰਤ ਛੋਟੀਆਂ ਬਰਾਦਰੀਆਂ ਦੇ। ਪਿੰਡ ਵਿੱਚ ਦੋ ਖੂਹੀਆਂ, ਇਕ ਬਾਜਵਿਆਂ ਅਤੇ ਇਕ ਮਜ਼੍ਹਬੀਆਂ ਦੇ ਮੁਹੱਲੇ ਸੀ। ਪਿੰਡ ਵਿੱਚਕਾਰ ਬਾਣੀਏ ਦੀ ਇਕ ਹੱਟੀ ਹੁੰਦੀ। ਦੋ ਮਹਿਰੇ ਭਰਾ ਬੇਲੀ ਤੇ ਮੇਲੀ ਲੋਕਾਂ ਦੇ ਘਰਾਂ ਅਤੇ ਖੇਤਾਂ ਵਿੱਚ ਕਾਮਿਆਂ ਜਿੰਮੀਦਾਰਾਂ ਲਈ ਪਾਣੀ ਢੋਂਹਦੇ। ਉਨ੍ਹਾਂ ਦੀ ਮਾਈ ਭੱਠੀ ਤੇ ਦਾਣੇ ਭੁੰਨਦੀ। ਦੋ ਮੁਸਲਿਮ ਅੱਲ੍ਹਾ ਦਿੱਤਾ ਲੁਹਾਰਾ ਅਤੇ ਮਿਹਰਦੀਨ ਤਰਖਾਣਾਂ ਕੰਮ ਕਰਦੇ।
ਬਾਜਵਿਆਂ ’ਚੋਂ ਲੰਬੜਦਾਰ ਲੱਧਾ ਸਿੰਘ ਅਤੇ ਜ਼ੈਲਦਾਰ ਕਿਰਪਾਲ ਸਿੰਘ ਹੁੰਦਾ। ਪਿੰਡ ’ਚੋਂ ਉਹੀ ਕੁੱਝ ਪੜ੍ਹੇ ਲਿਖੇ ਸਨ। ਲੋਕਾਂ ਦੇ ਝਗੜੇ ਨਜਿੱਠਣ ਦੇ ਨਾਲ-ਨਾਲ, ਚਿੱਠੀਆਂ ਉਹੀ ਲਿਖਦੇ, ਪੜ੍ਹਦੇ। ਬਾਬਾ ਜੀ ਦੇ ਨਾਮ ’ਤੇ ਜ਼ਮੀਨ ਇਕ ਮੁਰੱਬਾ ਹੀ ਸੀ। ਕੁਝ ਹਾਲੇ਼ ਭਾਉਲੀ ’ਤੇ ਵਾਹੁੰਦੇ ਸਾਂ। ਜ਼ਮੀਨਾਂ ਮਾਰੂ ਸਨ। ਮੀਂਹ ਪੈਣ ’ਤੇ ਖੇਤ ਤਿਆਰ ਕਰਕੇ ਜਿਣਸ ਦਾ ਛਿੱਟਾ ਦੇ ਆਉਣਾ। ਚਰੀ, ਬਾਜਰਾ, ਤਿਲ਼, ਕਣਕ, ਮੱਕੀ ਅਤੇ ਕਪਾਹ ਵਗੈਰਾ ਮਾੜੀਆਂ ਮੋਟੀਆਂ ਫ਼ਸਲਾਂ ਹੁੰਦੀਆਂ। ਕੰਮ ਜ਼ਿਆਦਾ ਹੱਥੀਂ ਕਰਦੇ ਪਰ ਕਿਤੇ ਮਜ਼੍ਹਬੀ ਜਾਂ ਮੁਸਲਮਾਨ ਕਾਮਿਆਂ ਨੂੰ ਦਿਹਾੜੀ ਲੱਪਾ ਲਈ ਲੈ ਜਾਂਦੇ। ਵੈਸੇ ਮੰਡੀ ਸਾਨੂੰ ਸਿਆਲਕੋਟ ਦੀ ਹੀ ਲੱਗਦੀ ਪਰ ਕਦੇ ਜਿਣਸ ਮੰਡੀ ਵੇਚਣ ਜੋਗੀ ਨਾ ਹੁੰਦੀ। ਘਰਾਂ ਤੋਂ ਛੋਟੇ ਵਪਾਰੀ ਜਿਣਸ ਖ਼ਰੀਦ, ਖੋਤਿਆਂ ਉਤੇ ਲੱਦ ਲੈ ਜਾਂਦੇ। ਬਸ ਇਵੇਂ ਆਈ ਚਲਾਈ ਮੁਸ਼ਕਲ ਨਾਲ ਹੁੰਦੀ। ਜ਼ੈਲਦਾਰ, ਲੰਬੜਾਂ ਅਤੇ ਕੁਝ ਸਰਦਿਆਂ ਤੋਂ ਇਲਾਵਾ ਬਾਕੀ ਘਰ ਜ਼ਿਆਦਾਤਰ ਕੱਚੇ ਸਨ। ਪਿੰਡ 'ਚ ਸਕੂਲ ਕੋਈ ਨਹੀਂ ਸੀ, ਨਾ ਹੀ ਉਦੋਂ ਬੱਚਿਆਂ 'ਚ ਪੜ੍ਹਾਈ ਦਾ ਕੋਈ ਏਡਾ ਰੁਝਾਨ ਹੁੰਦਾ। ਵਿਰਲੇ ਬੱਚੇ ਬਡਿਆਣੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਈ ਲਈ ਜਾਂਦੇ। ਅਸੀਂ ਸਕੂਲ ਕੋਈ ਨਾ ਗਏ। ਪਸ਼ੂ ਚਾਰਨੇ ਜਾਂ ਖੇਤੀ ਬਾੜੀ ’ਚ ਬਜ਼ੁਰਗਾਂ ਦਾ ਹੱਥ ਵਟਾ ਦੇਣਾ ਈ ਰੋਜ਼ ਦਾ ਆਹਰ ਹੁੰਦਾ। ਸਾਰੀਆਂ ਕੌਮਾਂ ਆਪਸੀ ਮਿਲਵਰਤਨ ਨਾਲ ਰਹਿੰਦੀਆਂ। ਲੋੜ ਮੁਤਾਬਕ ਵਸਤੂ, ਸੰਦ ਇਕ ਦੂਜੇ ਤੋਂ ਮੰਗ ਲੈਂਦੇ। ਦੁੱਖ ਸੁੱਖ ਵਿੱਚ ਇਕ ਦੂਜੇ ਦੇ ਕੰਮ ਆਉਂਦੇ। ਪਿੰਡ ਦੀ ਧੀ ਸਾਰਿਆਂ ਦੀ ਸਾਂਝੀ ਧੀ ਹੁੰਦੀ।
ਉਦੋਂ ਅੱਜ ਦੀ ਤਰਾਂ ਅਖ਼ਬਾਰਾਂ, ਟੀਵੀਆਂ ਦਾ ਜ਼ਮਾਨਾ ਨਹੀਂ ਸੀ। ਕਿਧਰੇ ਸ਼ਹਿਰ ਗੇੜਾ ਲੱਗਣਾ ਤਾਂ ਕੋਈ ਖ਼ਬਰਸਾਰ ਮਿਲਣੀ। ਘਰ ’ਚ ਕਈ ਦਫ਼ਾ ਬਜ਼ੁਰਗਾਂ ਨੂੰ ਪ੍ਰੇਸ਼ਾਨੀ ਵਿੱਚ ਗੱਲਾਂ ਕਰਦਿਆਂ ਸੁਣਨਾ ਵੇਖਣਾ ਕਿ ਹੁਣ ਪਾਕਿਸਤਾਨ ਬਣੇਗਾ। ਉਠ ਕੇ ਰਾਵੀ ਪਾਰ ਜਾਣਾ ਪੈਣੈ। ਇਵੇਂ ਇਕ ਦਿਨ ਪਿੰਡੋਂ ਕੁਝ ਬੰਦੇ ਸਿਆਲਕੋਟ ਗਏ। ਉਥੇ ਅੱਗਜ਼ਨੀ ਅਤੇ ਫਿਰਕੂ ਦੰਗੇ ਭੜਕਦੇ ਦੇਖੇ। ਪਿੰਡ ਇਤਲਾਹ ਹੋਈ ਤਾਂ ਤਿਆਰੀ ਫੜਨ ਦੀਆਂ ਚਰਚਾਵਾਂ ਸ਼ੁਰੂ ਹੋਈਆਂ। ਮੋਹਤਬਰਾਂ ਵਲੋਂ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਪਿੰਡ ਦਾ 'ਕੱਠ ਹੋਇਆ। ਵਾਰੀ ਵੰਡ ਕੇ ਚੋਣਵੇਂ ਜਵਾਨਾਂ ਦਾ ਪਹਿਰਾ ਲਗਾ ਦਿੱਤਾ। ਸੁਰੱਖਿਆ ਲਈ ਹਥਿਆਰ ਵੀ ਧੜਾ-ਧੜ ਬਣਨ ਲੱਗੇ ਪਰ ਸੁੱਖ ਸਬੀਲੀ ਰਹੀ ਪਿੰਡ ਉਪਰ ਕੋਈ ਬਾਹਰੀ ਹਮਲਾ ਨਾ ਹੋਇਆ। ਕਈ ਦਫ਼ਾ ਦੂਰ ਦੁਰਾਡੇ ਪਿੰਡਾਂ ’ਚੋਂ ਅੱਗ ਦੀਆਂ ਲਾਟਾਂ ਉਚੀਆਂ ਉਠਦੀਆਂ ਦਿਸਦੀਆਂ। ਹਾਏ ਓਏ ਦਾ ਚੀਕ ਚਿਹਾੜਾ ਵੀ ਸੁਣਨ ਨੂੰ ਮਿਲਦਾ। ਭਰਵੀਂ ਬਰਸਾਤ ਅਤੇ ਹੜਾਂ ਦਾ ਸਮਾਂ ਕਰੀਬ ਲੰਘ ਚੁੱਕਾ ਸੀ। ਕਪਾਹਾਂ ਦੀਆਂ ਡੋਡੀਆਂ ਖਿੜਨ ’ਤੇ ਸਨ। ਜਦ ਲੋਕਾਂ ਕਾਫ਼ਲੇ ਦੇ ਰੂਪ ’ਚ ਬੁਢਿਆਣਾ ਕੈਂਪ ਲਈ, ਪਿੰਡ ਛੱਡਤਾ। ਜੋ ਰਸਦ ਪਾਣੀ, ਗਹਿਣਾ ਗੱਟਾ ਸਿਰਾਂ ਅਤੇ ਗਠੜੀਆਂ ਬੰਨ੍ਹ ਚੁੱਕ ਹੋਇਆ, ਚੁੱਕ ਲਿਆ। ਕਈਆਂ ਗਹਿਣੇ, ਸਿੱਕੇ ਘਰਾਂ ’ਚ ਦੱਬਤੇ, ਅਖੇ ਮੁੜ ਗੇੜਾ ਲੱਗਾ ਤਾਂ ਲੈ ਜਾਵਾਂਗੇ। ਗੱਡੇ ਅਸਾਂ ਤਾਂ ਨਾ ਜੋੜੇ ਕਿਓਂ ਜੋ ਤੁਰ ਕੇ ਹੀ ਰਾਵੀ ਪਾਰ ਹੋਣਾ ਸੀ। ਸੋ ਬਜ਼ੁਰਗਾਂ ਨੇ ਹਾਉਕਾ ਲੈਂਦਿਆਂ ਪਸ਼ੂਆਂ ਦੇ ਰੱਸੇ ਖੋਲ, ਮਾਲ ਅਸਬਾਬ ਮੁਸਲਿਮ ਭਰਾਵਾਂ ਲਈ ਇਹ ਕਹਿੰਦਿਆਂ ਛੱਡ ਦਿੱਤਾ, ਅਖੇ ਟਿਕ ਟਿਕਾ ਹੋਇਆ ਤਾਂ ਮੁੜ ਆਵਾਂਗੇ। ਮੁੜ ਕਿਸ ਪਰਤਣਾ ਸੀ,ਜਾਨ ਬਚਾਉਣ ਅਤੇ ਮੁੜ ਸੰਭਲਣ ਦੇ ਹੀ ਲਾਲੇ ਪਏ ਰਹੇ।
ਕੋਈ ਹਫ਼ਤਾ ਭਰ ਬੁਢਿਆਣਾ ਕੈਂਪ ’ਚ ਰਹੇ। ਰਸਦ ਪਾਣੀ ਕੋਲ ਸੀ ਕੁਝ ਸਰਕਾਰੀ ਮਿਲਦਾ ਰਿਹਾ। ਕਈ ਦਫ਼ਾ ਐਵੇਂ ਰੌਲਾ ਪੈ ਜਾਂਦਾ ਕਿ ਦੰਗਈਆਂ ਦੀ ਰੇਲ ਗੱਡੀ ਆਈ ਏ ਹੁਣ ਆਪਣੀ ਖ਼ੈਰ ਨਹੀਂ। ਦਿਨ ਤਾਂ ਸੌਖਾ ਲੰਘ ਜਾਂਦਾ ਪਰ ਰਾਤਾਂ ਬੇਚੈਨੀ ਤੇ ਡਰ ਨਾਲ ਲੰਬੀਆਂ ਹੋ ਜਾਂਦੀਆਂ। ਬਦਲ ਬਦਲ ਪਹਿਰਾ ਵੀ ਲੱਗਦਾ। ਫਿਰ ਇਕ ਦਿਨ ਕਾਫ਼ਲਾ ਡੇਰਾ ਬਾਬਾ ਨਾਨਕ ਲਈ ਤੁਰ ਕੇ ਵੱਡੇ ਤੜਕੇ ਚੱਲ ਪਿਆ। ਟਿੱਕੇ ਦੀ ਥੇਹ ’ਤੇ ਰਾਤ ਦਾ ਪੜਾਅ ਕੀਤਾ। ਰਸਤੇ ’ਚ ਅਤੇ ਇਥੇ ਕਈ ਲੁੱਟ ਖੋਹ ਕਰਨ ਵਾਲੇ ਟੋਲਿਆਂ, ਕਾਫ਼ਲੇ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਾਂ ਹਰ ਵਾਰ ਅਸਫ਼ਲ ਕਰਤਾ। ਕਈ ਗੁਆਂਢੀ ਪਿੰਡਾਂ ’ਚੋਂ ਧੂੰਆਂ ਉਠਦਾ ਅਤੇ ਰਸਤੇ ਦੇ ਆਸ-ਪਾਸ ਛਵੀਆਂ ਨਾਲ ਵਿੰਨ੍ਹੀਆਂ ਹੋਈਆਂ ਲਾਸ਼ਾਂ ਦੇਖੀਆਂ। ਇਥੋਂ ਤੱਕ ਕਿ ਬੰਦਿਆਂ ਖ਼ਾਸ ਕਰ ਔਰਤਾਂ ਨੂੰ ਜੰਗਲ ਪਾਣੀ ਜਾਣਾ ਵੀ ਮੁਹਾਲ ਹੁੰਦਾ। ਉਥੋਂ ਹੀ ਰਾਵੀ ਉਰਾਰ ਹੋਏ। ਇਕ ਦੋ ਦਿਨ ਡੇਰਾ ਬਾਬਾ ਨਾਨਕ ਰੁੱਕ ਕੇ ਥਕੇਵਾਂ ਲਾਹਿਆ। ਫ਼ਿਕਰ ਹੋਇਆ ਹੁਣ ਜਾਈਏ ਕਿੱਧਰ? ਕਿਉਂ ਜੋ ਸਾਡਾ ਜੱਦੀ ਪਿੰਡ ਤਾਂ ਉਧਰ ਈ ਸੀ। ਇਧਰ ਕੋਈ ਰਿਸ਼ਤੇ ਨਾਤੇ ਦਾਰੀ ਵੀ ਨਹੀਂ ਸੀ। ਬਾਕੀਆਂ ਨਾਲ ਅਸੀਂ ਵੀ ਬਟਾਲਾ ਦੀ ਤਰਫ਼ ਚੱਲ ਪਏ।
ਬਟਾਲਾ ਨਜ਼ਦੀਕ ਪਤਾ ਲੱਗਾ ਕਿ ਪਿੰਡ ਤੇਲੀਆਣਾ ਮੁਸਲਮਾਨਾਂ ਵਲੋਂ ਖਾਲੀ ਕੀਤਾ ਹੋਇਐ। ਸੋ ਉਥੇ ਜਾ ਡੇਰਾ ਲਾਇਆ। ਅਸੀਂ ਵੀ ਕਿਸੇ ਮੁਸਲਮਾਨ ਦਾ ਖਾਲੀ ਘਰ ਅਤੇ ਜ਼ਮੀਨ ਜਾਂ ਮੱਲੀ। ਕੱਚੀ ਪਰਚੀ ਉਥੇ ਦੀ ਪੈ ਗਈ। ਕੁਝ ਅਰਸਾ ਬਾਅਦ ਪੱਕੀ ਪਰਚੀ ਇਸ ਜਗਰਾਲ ਦੀ ਪੈ ਗਈ। ਇਕ ਖਾਲੀ ਘਰ 3 ਏਕੜ ਚਾਹੀ, ਵਗਦੇ ਹਲਟ ਵਾਲੀ ਅਤੇ 3 ਏਕੜ ਬਰਾਨੀ ਜ਼ਮੀਨ ਅਲਾਟ ਹੋਈ। ਤਦੋਂ ਮੂੰਗਫਲੀ ਹੁੰਦੀ ਸੀ, ਇਥੇ। ਉਧਰ ਸਾਡੀ ਜ਼ਮੀਨ ਦਾ ਮੁੱਲ ਚਵਾਨੀ ਤੇ ਇਧਰ ਇਕ ਰੁਪਏ ਦੇ ਹਿਸਾਬ ਅਲਾਟ ਹੋਈ। ਸੋ ਹੁਣ ਤੱਕ ਉਹੀ ਖਾਂਦੇ ਹਾਂ। ਮੇਰਾ ਵਿਆਹ 1955 ’ਚ ਨੂਰਮਹਿਲ ਦੀ ਸਰਦਾਰਨੀ ਤੇਜ਼ ਕੌਰ ਨਾਲ ਹੋਇਆ। ਮੇਰੇ ਘਰ ਚਾਰ ਬੇਟੇ ਬਲਕਾਰ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਪੱਪੂ ਪੈਦਾ ਹੋਏ। ਕਿਉਂ ਜੋ ਜ਼ਮੀਨ ਵੰਡ 'ਚ ਘਟ ਗਈ ਸੋ ਸਾਰੇ ਆਪੋ ਆਪਣਾ ਕਾਰੋਬਾਰ ਕਰਦੇ ਨੇ।
ਵੰਡ ਦਾ ਦੋਸ਼ ਕਿਸ ਨੂੰ ਦੇਈਏ? ਆਪੋ ਆਪਣੀਆਂ ਕੁਰਸੀਆਂ ਬਚਾਉਣ ਲਈ ਰਾਜਨੀਤੀਵਾਨਾ ਧਰਮ ਦੇ ਨਾਮ ਪੁਰ ਖੂਨ ਦੀ ਹੋਲੀ ਖੇਡੀ। ਅਫਸੋਸ ਕਿ ਉਹੀ ਵਰਤਾਰਾ ਬਾ ਦਸਤੂਰ ਹਾਲੇ ਵੀ ਉਵੇਂ ਜਾਰੀ ਹੈ। ਬੱਚੇ ਸਾਡੇ ਚੰਗੇ ਭਵਿੱਖ ਦੀ ਭਾਲ਼ ’ਚ ਪ੍ਰਵਾਸ ਕਰ ਰਹੇ ਨੇ। ਅਖੇ-ਦਰ ਖੁਲਾ ਹਸ਼ਰ ਅਜ਼ਾਬ ਦਾ-ਬੁਰਾ ਹਾਲ ਹੋਯਾ ਪੰਜਾਬ ਦਾ"। ਬਾਜਵਾ ਸਾਬ ਨੇ ਲੰਬਾ ਹੌਂਕਾ ਭਰਦਿਆਂ ਆਪਣੀ ਗੱਲ ਕਹਿ ਮੁਕਾਈ।
ਲੇਖਕ: ਸਤਵੀਰ ਸਿੰਘ ਚਾਨੀਆਂ
92569-73526
ਖਾਲਸੇ ਦੀ ਚੜ੍ਹਦੀ ਕਲਾ ਅਤੇ ਸਿੱਖਾਂ ਦਾ ਕੌਮੀ ਤਿਉਹਾਰ ‘ਹੋਲਾ-ਮਹੱਲਾ’
NEXT STORY