ਗੁਰਭਜਨ ਗਿੱਲ ਤੇ ਫੋਟੋ ਕਲਾਕਾਰ ਤੇਜਪ੍ਰਤਾਪ ਸਿੰਘ ਸੰਧੂ ਜੀ ਦੀ ਸਾਂਝੀ ਕਾਵਿ-ਕ੍ਰਿਤ ‘ਪੱਤੇ-ਪੱਤੇ ਲਿਖੀ ਇਬਾਰਤ’ ਕੁਦਰਤ ਤੇ ਮਨੁੱਖ ਵਿਚਲੇ ਟੁੱਟ ਰਹੇ ਰਿਸ਼ਤੇ ਨੂੰ ਮਾਰੀ ਪੀਢੀ ਗੰਢ ਵਰਗੀ ਸਚਿੱਤਰ ਕਾਵਿ ਪੁਸਤਕ ਹੈ।ਕੁਦਰਤ ਬਿਨਾਂ ਮਨੁੱਖ ਬੰਦਾ ਨਹੀਂ ਹੁੰਦਾ, ਰੋਬੋਟ ਹੁੰਦਾ ਹੈ। ਚੌਰਾਸੀ ਲੱਖ ਜੂਨਾਂ ਅਸੀਂ ਸੁਣੀਆਂ ਹੋਈਆਂ ਹਨ। ਉਸ ਤੋਂ ਅਗਲੀ ਜੂਨ ਦੀ ਕਲਪਨਾ ਸਾਡੇ ਪੁਰਖ਼ਿਆਂ ਨੇ ਨਹੀਂ ਕੀਤੀ ਸੀ। ਇਹ ਅਗਲੀ ਜੂਨ ਰੋਬੋਟ ਦੀ ਜੂਨ ਹੈ, ਜਿਸ ਵਿੱਚ ਬੰਦਾ ਮਰਕੇ ਨਹੀਂ ਪੈਂਦਾ, ਜਿਉਂਦੇ-ਜੀਅ ਪੈ ਜਾਂਦਾ ਹੈ। ਅਸੀਂ ਸਾਰੇ ਇਸ ਜੂਨ ’ਚ ਪਏ ਮਸ਼ੀਨੀ ਮਨੁੱਖ ਹਾਂ।
ਇਹ ਸਭ ਮੈਨੂੰ ਉਸ ਵਕਤ ਅਨੁਭਵ ਹੋਇਆ ਜਦੋਂ ਮੈਂ ‘ਪੱਤੇ-ਪੱਤੇ ਲਿਖੀ ਇਬਾਰਤ’ ਪੁਸਤਕ ਵਿੱਚੋਂ ਵੀ ਗੁਜ਼ਰੀ। ਅਸਲ ਵਿੱਚ ਪੁਸਤਕ ਵਿੱਚੋਂ ਦੀ ਨਹੀਂ ਕਿਸੇ ਖ਼ੂਬਸੂਰਤ ਬਾਗ਼ ਵਿਚੋਂ ਦੀ ਲੰਘੀ । ਕਿਤੇ ਗੁਲਾਨਾਰੀ ਫੁੱਲ ਮਹਿਕ ਰਹੇ .. ਕਿਤੇ ਮੁਰਝਾਇਆ ਗੁਲਾਬ ਪੰਜਾਬ ਦੇ ਵਾਸੀ ਹੋਣ ਦਾ ਸੰਤਾਪ ਹੰਢਾਅ ਰਿਹਾ .... ਕਿਤੇ ਹਰਾ-ਕਚੂਰ ਪੱਤਾ ਆਪਣੀ ਤਲੀ 'ਤੇ ਚਾਨਣ ਦੀ ਮਹਿੰਦੀ ਸਜਾਈ ਬੈਠਾ.... ਕਿਤੇ ਖਿੜਨ ਲਈ ਬੇਤਾਬ ਹੋਈ ਫੁੱਲ ਦੀ ਡੋਡੀ ਮਨੁੱਖਤਾ ਲਈ ਰਹਿਮਤ ਦਾ ਉਪਹਾਰ ਲਈ ਖੜ੍ਹੀ ਹੈ ... ਕੋਈ-ਕੋਈ ਪੱਤਾ ਥਲਾਂ 'ਚ ਸੜਦੀ ਸੱਸੀ ਦੇ ਮਲੂਕੜੇ ਮੁੱਖੜੇ ਦਾ ਭੁਲੇਖਾ ਪਾ ਰਿਹੈ .... ਤਰੇਲ ਬੂੰਦਾਂ ਦੀ ਚਿੱਤਰਕਾਰੀ ਪਿਕਾਸੋ ਯਾਦ ਕਰਵਾ ਰਹੀ ....।
ਅਨੰਤ ਸ਼ਬਦਾਂ ਦੇ ਭੰਡਾਰਾਂ ਵਾਲੀਆਂ ਕਿਤਾਬਾਂ ਛਪਦੀਆਂ ਨੇ। ਕੋਈ-ਕੋਈ ਕਿਤਾਬ ਮੌਨ ਭਾਸ਼ਾ ਵਿੱਚ ਵੀ ਛਪਦੀ ਹੈ। ਅਜਿਹੀ ਹੀ ਕਿਤਾਬ ਹੈ – ਪੱਤੇ ਪੱਤੇ ਲਿਖੀ ਇਬਾਰਤ। ਤੇਜ ਪਰਤਾਪ ਸਿੰਘ ਸੰਧੂ ਜੀ ਨੇ ਆਪਣੀ ਫ਼ੋਟੋਗ੍ਰਾਫੀ ਰਾਹੀਂ ਪੱਤਿਆਂ ਅੰਦਰਲੇ ਅਦਿੱਖ ਤੇ ਅਦਭੁਤ ਰੂਪਾਂ ਨੂੰ ਪ੍ਰਕਾਸ਼ਮਾਨ ਕੀਤਾ ਹੈ। ਮੇਰੇ ਵਰਗੇ ਜਿਹੜੇ ਨੰਗੀ ਅੱਖ ਨਾਲ ਪੱਤਿਆਂ ਦੀਆਂ ਕਿਤਾਬਾਂ ਨਹੀਂ ਪੜ੍ਹ ਸਕਦੇ, ਉਹਨਾਂ ਨੂੰ ਆਪਣੇ ਕੈਮਰੇ ਦੇ ਲੈਨਜ਼ ਰਾਹੀਂ ਅੱਖਰ ਵੱਡੇ ਕਰਕੇ ਪੜ੍ਹਾਏ ਹਨ।
ਗੁਰਭਜਨ ਗਿੱਲ ਨੇ ਮੂਕ ਪੱਤਿਆਂ ਨੂੰ ਜ਼ੁਬਾਨ ਲਾ ਦਿੱਤੀ ਹੈ। ਉਹਨਾਂ ਨੂੰ ਜੀਵਨ-ਆਧਾਰ ਬਣਾ ਕੇ ਪੇਸ਼ ਕਰਨਾ ਕਿਸੇ ਕਰਾਮਾਤ ਵਾਂਗ ਹੈ। ਉਹਨਾਂ ਨੇ ਕਾਵਿ-ਸਤਰਾਂ ਪੱਤੇ ਉੱਪਰ ਨਹੀਂ ਲਿਖੀਆਂ, ਖ਼ੁਦ ਨੂੰ ਪੱਤੇ 'ਚ ਵਟਾ ਕੇ ਸਿਰਜਣਾ ਕੀਤੀ ਹੈ, ਤਾਂ ਹੀ ਤਾਂ ਉਹ ਲਿਖਣ ਦੇ ਕਾਬਲ ਹੋਏ ਨੇ :-
ਮੋਹ ਸੱਖਣੇ ਮਨ, ਟੁੱਟ ਕੇ ਟਾਹਣੀਓਂ ਸੁੱਕਦੇ, ਸੁੱਕਦੇ ਸੁੱਕ ਜਾਂਦੇ ਨੇ।
ਸੋਹਣੇ ਦਿੱਸਦੇ ਹਰੀਅਲ ਤੋਤੇ, ਸਾਂਝ ਭਰੱਪਣ ਟੁੱਕ ਜਾਂਦੇ ਨੇ।
ਲਗਰ ਝੂਮਦੀ, ਜਦ ਵੀ ਬਹੁਤੀ ਤੇਜ ਹਵਾ ਸੰਗ ਆਢਾ ਲਾਵੇ,
ਜਨਮ ਜਾਤ ਦੇ ਰਿਸ਼ਤੇ ਪਹਿਲਾਂ, ਟੁੱਟਦੇ, ਮਗਰੋਂ ਮੁੱਕ ਜਾਂਦੇ ਨੇ ।
ਅਸਲ ਵਿਚ ਮਨੁੱਖ ਵੀ ਧਰਤੀ 'ਤੇ ਉੱਗਿਆ ਇੱਕ ਪੌਦਾ ਹੀ ਹੈ। ਮਾਂ ਮਾਲੀ ਵਾਂਗ ਪਾਲਦੀ ਹੈ। ਕੁੱਖ ਦੀਆਂ ਜੜ੍ਹਾਂ ਬਖਸ਼ਦੀ ਹੈ। ਉਹ ਵਧਦਾ-ਫੁੱਲਦਾ ਹੈ। ਕਦੇ-ਕਦੇ ਮਹਿਕਦਾ ਵੀ ਹੈ ਤੇ ਆਖ਼ਿਰ ਸੁੱਕ ਜਾਂਦਾ ਹੈ। ਉਹ ਧਰਤੀ 'ਚ ਮਿਲਦਾ ਹੈ, ਫਿਰ ਉੱਗਦਾ ਹੈ, ਕਿਸੇ ਹੋਰ ਰੂਪ ਵਿੱਚ। ਧਰਤੀ ਦੇ ਗੇੜਿਆਂ ਵਾਂਗ ਨਿਰੰਤਰ ਸਫ਼ਰ 'ਚ ਰਹਿੰਦਾ ਹੈ। ਜ਼ਰੂਰ ਕਿਸੇ ਪੱਤੇ ਦੇ ਸਾਹਾਂ ਵਿੱਚ ਵੀ ਧੜਕਦਾ ਹੋਵੇਗਾ ਕੋਈ ਮਨੁੱਖ ! ਇਸੇ ਲਈ ਤਾਂ ਰੁੱਖ ਤੇ ਮਨੁੱਖ ਦੇ ਨਾਂ ਜੁੜਵੇਂ ਹਨ। ਮੁਹਾਂਦਰੇ ਵੀ ਮਿਲਦੇ ਹਨ। ਬੱਸ ਰੁੱਖ ਤੇ ਮਨੁੱਖ ਦੇ ਮਿਲਦੇ ਮੁਹਾਂਦਰਿਆਂ ਦੀ ਬਾਤ ਕੋਈ-ਕੋਈ ਪਾਉਂਦਾ ਹੈ। ਇਹੀ ਬਾਤ ਪਾਈ ਹੈ ‘ਪੱਤੇ ਪੱਤੇ ਲਿਖੀ ਇਬਾਰਤ’ ਨੇ। ਕਿਤਾਬ ਪੜ੍ਹਦਿਆਂ ਹਰ ਮਨੁੱਖ ਦਾ ਚਿਹਰਾ ਪੱਤੇ ਵਾਂਗ ਜਾਪਣ ਲੱਗਦਾ ਹੈ। ਫੁੱਲ ਦੇ ਚਿਹਰੇ 'ਚੋਂ ਕਿਸੇ ਮਲੂਕ ਬੱਚੇ ਦਾ ਭੁਲੇਖਾ ਪੈਣ ਲੱਗਦਾ ਹੈ। ਪੱਤੇ ਆਪਣੇ ਵਜ਼ੂਦ ਤੇ ਰੂਪ ਰਾਹੀਂ ਮਨੁੱਖ ਨੂੰ ਵੱਡੀ ਨਸੀਹਤ ਦੇ ਦਿੰਦੇ ਹਨ। ਗੁਲਾਬ ਦੇ ਕੰਡੇ ਮਨੁੱਖ ਨੂੰ ਖ਼ਬਰਦਾਰ ਕਰਦੇ ਹਨ ਕਿ ਜੀਵਨ ਦੇ ਅਤਰ-ਫੁਲੇਲ ਨੂੰ ਮਾਨਣ ਲਈ ਕੰਡਿਆਲੇ ਰਾਹਾਂ ਦਾ ਪਾਂਧੀ ਬਣਨਾ ਪੈਂਦਾ ਹੈ। ਜਦੋਂ ਪੌਣ ਵਗਦੀ ਹੈ ਤਾਂ ਇਹ ਕੰਡੇ ਮਾਸੂਮ ਪੱਤਿਆਂ ਦਾ ਕਾਲਜਾ ਵਿੰਨ੍ਹ ਦਿੰਦੇ ਹਨ। ਅਜਿਹੇ ਕੰਡਿਆਂ ਵਰਗੇ ਬੇਅਸੂਲੇ ਬੰਦਿਆਂ ਦੀ ਦੁਨੀਆਂ ਵਿੱਚ ਵੀ ਬਹੁਤਾਤ ਹੈ। ਇਹਨਾਂ ਨਾਲ ਖਹਿਣ ਦੀ ਬਜਾਏ ਅਸੀਂ ਮੁਹੱਬਤੀ ਲੋਕਾਂ ਨਾਲ ਰਾਬਤਾ ਬਣਾਉਣਾ ਹੈ। ਉਹਨਾਂ ਲਈ ਜਿਉਣਾ ਤੇ ਉਹਨਾਂ ਲਈ ਮਹਿਕਣਾ ਹੈ। ਕੰਡਿਆਂ ਦੀ ਧਿਰ ਨੂੰ ਹਰਾਉਣ ਦਾ ਇਹ ਵੀ ਇਕ ਰਾਹ ਹੈ। ਇਹ ਪੁਸਤਕ ਹਦਾਇਤਾਂ ਨਹੀਂ ਦਿੰਦੀ ਤੇ ਨਾ ਹੀ ਕਿਸੇ ਅਧਿਆਪਕ ਵਾਂਗ ਸਬਕ ਸਿਖਾਉਂਦੀ ਹੈ ਸਗੋਂ ਤਸਵੀਰਾਂ ਤੇ ਕਵਿਤਾਵਾਂ ਰਾਹੀਂ ਬਿਨ-ਬੋਲਿਆਂ ਸਮਝਾ ਜਾਂਦੀ ਹੈ ਕਿ ਬੀਰਬਲ ਵਾਂਗ ਵੱਡੀ ਲਕੀਰ ਖਿੱਚ ਕੇ ਪਹਿਲੀ ਲਕੀਰ ਨੂੰ ਛੋਟਾ ਕਿਵੇਂ ਕਰੀਦਾ ਹੈ।
ਮੁਹੱਬਤੀ ਲੋਕਾਂ ਦਾ ਲੰਮਾ ਕਾਫ਼ਲਾ ਬਣਾ ਕੇ ਕੰਡਿਆਂ ਜਿਹੇ ਕਿਰਦਾਰਾਂ ਨੂੰ ਕਿਵੇਂ ਹਰਾਉਣਾ ਹੈ।ਇਸ ਕਿਤਾਬ ਵਿੱਚ ਕੁਦਰਤ ਦੀ ਚੁੱਪ ਬੋਲਦੀ ਹੈ। ਜਿੰਨੇ ਪੱਤਿਆਂ, ਟਾਹਣੀਆਂ ਤੇ ਫੁੱਲਾਂ ਦੀਆਂ ਤਸਵੀਰਾਂ ਇਸ ਪੁਸਤਕ ਵਿੱਚ ਦਰਜ ਹਨ ਸਾਰੀਆਂ ਹੀ ਕੁਦਰਤ ਦੇ ਡੂੰਘੇ ਰਹੱਸਾਂ ਨੂੰ ਬਿਆਨ ਕਰਦੀਆਂ ਹਨ। ਹੁਣ ਤੱਕ ਪੜ੍ਹੀਆਂ ਕਵਿਤਾਵਾਂ-ਕਹਾਣੀਆਂ ਵਿਚ ਮੈਂ ਕਿਸੇ ਬਿਰਖ਼ ਦੀ ਛਾਂ ਵਿੱਚ ਸੁੱਤੇ ਮੁਸਾਫ਼ਿਰ ਦਾ ਜ਼ਿਕਰ ਤਾਂ ਬਹੁਤ ਵਾਰ ਪੜ੍ਹਿਆ ਸੀ ਪਰ ਖ਼ੁਦ ਧਰਤੀ ਉੱਤੇ ਸੁੱਤੀ ਛਾਂ ਦਾ ਤਸੱਵਰ ਪਹਿਲੀ ਵਾਰ ਵੇਖਿਆ ਹੈ :-
ਵੇਖੋ ਸਿਖ਼ਰ ਦੁਪਹਿਰੇ ਸੁੱਤੀਆਂ ਧਰਤੀ ਉੱਪਰ ਛਾਵਾਂ।
ਲਿਖੀਆਂ ਜਾਪਣ ਕਿਸੇ ਕਵੀ ਨੇ ਮਾਂ ਵਿਹੜੇ ਕਵਿਤਾਵਾਂ।
ਇੱਕੀਵੀਂ ਸਦੀ ਨੇ ਸਾਨੂੰ ਘੁੰਮਦੇ ਟਾਇਰਾਂ ਵਾਲੇ ਬੂਟ ਪਾ ਦਿੱਤੇ ਹਨ। ਅਸੀਂ ਇੰਨੀ ਰਫ਼ਤਾਰ ਨਾਲ ਦੌੜੇ ਕਿ ਸਭ ਜੰਗਲ-ਬੂਟੇ, ਬਿਰਖ਼ ਮਿੱਧ ਕੇ ਸੁੱਟ ਦਿੱਤੇ। ਸਾਡੀਆਂ ਤਾੜੇ ਲੱਗੀਆਂ ਨਜ਼ਰਾਂ ਨੇ ਕੁਦਰਤ ਦੇ ਸੁਹੱਪਣ ਨੂੰ ਨਜ਼ਰਅੰਦਾਜ਼ ਕੀਤਾ। ਅਸੀਂ ਬਹੁਮੰਜ਼ਲੀ ਇਮਾਰਤਾਂ, ਆਲੀਸ਼ਾਨ ਕੋਠੀਆਂ ਤੇ ਮਹਿੰਗੀਆਂ ਗੱਡੀਆਂ ਦੇ ਝੱਲ 'ਚ ਮਖ਼ਮੂਰ ਹੋਏ ਮਲੂਕ ਕਲੀਆਂ, ਮਾਸੂਮ ਪੱਤੀਆਂ ਤੇ ਖਿੜਨ ਲਈ ਬੇਤਾਬ ਡੋਡੀਆਂ ਦੀ ਸੱਚੀ-ਸੁੱਚੀ ਮੁਹੱਬਤ ਦਾ ਅਪਮਾਨ ਕੀਤਾ।
ਇਸੇ ਲਈ ਸਾਡੇ ਘੁੰਮਦੇ ਟਾਇਰਾਂ ਵਾਲੇ ਬੂਟਾਂ ਬੱਧੇ ਪੈਰਾਂ ਨੂੰ ਕਹਿਰ ਕਰੋਨਾ ਦਾ ਅਜਿਹਾ ਠੇਡਾ ਵੱਜਿਆ ਕਿ ਅਸੀਂ ਮੂਧੇ-ਮੂੰਹ ਡਿੱਗ ਪਏ ਹਾਂ। ਨਾ ਹੀ ਸਾਨੂੰ ਤੇ ਨਾ ਹੀ ਸਾਡੇ ਰਾਜਨੀਤਿਕ ਰਹਿਬਰਾਂ ਨੂੰ ਕੁਝ ਸੁੱਝ ਰਿਹਾ ਹੈ। ਕੁਦਰਤ ਨਾਲੋਂ ਟੁੱਟ ਕੇ ਅਸੀਂ ਕਿਸੇ ਕੰਮ ਜੋਗੇ ਨਹੀਂ ਰਹੇ। ਬੇਕਾਰ ਬੈਠੇ ਹਾਂ। ਅਜਿਹੇ ਸਮਿਆਂ ਵਿੱਚ ਜਦੋਂ ਅਸੀਂ ਬੌਂਦਲੇ ਫਿਰ ਰਹੇ ਹਾਂ ਤਾਂ 'ਪੱਤੇ-ਪੱਤੇ ਲਿਖੀ ਇਬਾਰਤ' ਪੁਸਤਕ ਸਾਨੂੰ ਕੁਦਰਤ ਦੇ ਹੋਰ ਨੇੜੇ ਹੋਣ ਦਾ ਸਬੱਬ ਬਣਾਉਂਦੀ ਹੈ। ਦੱਸਦੀ ਹੈ ਕਿ ਸਿਰਫ਼ ਅਸੀਂ ਹੀ ਧਰਤੀ ਮਾਂ ਦੇ ਧੀਆਂ-ਪੁੱਤ ਨਹੀਂ ਹਾਂ। ਇਹ ਬਿਰਖ, ਫੁੱਲ-ਪੱਤੀਆਂ, ਪੰਛੀ ਤੇ ਜਾਨਵਰ ਸਭ ਸਾਡੇ ਭੈਣ-ਭਰਾ ਹਨ। ਇਹਨਾਂ ਨਾਲ ਟੁੱਟੇ ਰਿਸ਼ਤੇ ਗੰਢੀਏ ਤੇ ਮੁਹੱਬਤੀ ਗਲਵੱਕੜੀਆਂ ਪਾਈਏ ਤਾਂ ਕਿ ਧਰਤੀ ਦਾ ਤਪਦਾ ਹਿਰਦਾ ਠਰ ਜਾਵੇ। ਪੁਸਤਕ ਵਿਚਲੀਆਂ ਚਾਰ ਸਤਰਾਂ ਨਾਲ ਆਪਣੀ ਗੱਲ ਖ਼ਤਮ ਕਰਾਂਗੀ :-
ਨਰਗਸੀ ਫੁੱਲਾਂ ਦੀ ਸੰਗਤ ਮਾਣ ਲੈ ਤੂੰ।
ਮਹਿਕ ਦੇ ਸਿਰਨਾਵਿਆਂ ਨੂੰ ਜਾਣ ਲੈ ਤੂੰ।
ਭਟਕ ਨਾ ਐਵੇਂ ਪਿਆ ਤੂੰ ਥਾਂ-ਕੁਥਾਵੇਂ,
ਨਗਨ ਰੂਹ, ਫੁੱਲਾਂ ਦੀ ਚਾਦਰ ਤਾਣ ਲੈ ਤੂੰ।
ਪੁਸਤਕ 'ਪੱਤੇ-ਪੱਤੇ ਲਿਖੀ ਇਬਾਰਤ' ਨੂੰ ਮੇਰੀ ਸੌ ਵਾਰ ਸਲਾਮ।
ਸਰਬਜੀਤ ਕੌਰ ਜੱਸ
ਪਟਿਆਲ਼ਾ
ਕਹਾਣੀਨਾਮਾ 'ਚ ਪੜ੍ਹੋ ਅੱਜ ਦੀ ਕਹਾਣੀ 'ਧੂੰਆਂ'
NEXT STORY