ਕਿਸੇ ਕੰਮ ਲਈ ਸੋਨੂੰ ਅੱਜ ਸ਼ਹਿਰ ਜਾਣ ਲਈ ਤਿਆਰ ਸੀ ਘਰੋਂ ਅਜੇ ਤੁਰਨ ਈ ਲੱਗਾ ਸੀ ਕਿ ਉਸ ਦਾ ਦੋਸਤ ਬੰਟੀ ਅੱਗੋਂ ਆ ਗਿਆ। ਉਸ ਨੇ ਸਟਾਰਟ ਹੋਇਆ ਮੋਟਰਸਾਈਕਲ ਅੱਗੋਂ ਰੋਕ ਲਿਆ ਤੇ ਚਾਬੀ ਕੱਢ ਕੇ ਆਖਿਆ ਸੋਨੂੰ ਮਾਸਕ ਨਹੀਂ ਲਾਇਆ ? ਕਿੰਨਾ ਰੌਲਾ ਪਿਆ ਹੋਇਆ ਆ ਸਾਰੇ ਪਾਸੇ, ਬਈ ਮੂੰਹ ਢੱਕ ਕੇ ਰੱਖੋ, ਵਾਰ ਵਾਰ ਹੱਥ ਸਾਫ ਕਰੋ ਆਪਣਾ ਆਲਾ-ਦੁਆਲਾ ਸੈਨੀਟਾਈਜ਼ਰ ਕਰਕੇ ਰੱਖੋ ਪਰ ਤੇਰੇ ਕੰਨ ਤੇ ਜੂੰਅ ਨਹੀਂ ਸਰਕੀ, ਫਿਰ ਵੀ ਤੂੰ ਉਵੇਂ ਈ ਤੁਰ ਪਿਆ ਏਂ ? ਸੌਰੀ ਯਾਰ ਬੰਟੀ ਚੰਗਾ ਕੀਤਾ ਈ ਚੇਤਾ ਕਰਾਤਾ ਈ, ਨਹੀਂ ਤੇ ਪੱਕਾ ਅੱਜ ਚਲਾਣ ਕੱਟਿਆ ਜਾਣਾ ਸੀ, ਸੋਨੂੰ ਨੇ ਬੰਟੀ ਦਾ ਧੰਨਵਾਦ ਕਰਦੇ ਹੋਏ ਨੇ ਕਿਹਾ, ਮੇਰੇ ਯਾਰਾ ਚਲਾਣ ਦਾ ਕੀ ਏ, ਇਹ ਤਾਂ ਭੁਗਤ ਕੇ ਵੀ ਖਲਾਸੀ ਹੋ ਜਾਂਦੀ ਏ ਪਰ ਜ਼ਿੰਦਗੀ ਦਾ ਜੇ ਸਦਾ ਲਈ ਚਲਾਣ ਕੱਟਿਆ ਜਾਵੇ ਤਾਂ ਫਿਰ ਇਹ ਜ਼ਿੰਦਗੀ ਕਦੇ ਵਾਪਿਸ ਨਹੀਂ ਆਉਂਦੀ, ਬੰਟੀ ਨੇ ਸਮਝਾਉਂਦੇ ਹੋਏ ਨੇ ਕਿਹਾ। ਵੈਰੀ ਵੈਰੀ ਸੌਰੀ ਯਾਰ ਬੰਟੀ, ਤੂੰ ਮੇਰਾ ਜਿਗਰੀ ਦੋਸਤ ਈ ਨਹੀਂ, ਮੇਰਾ ਭਰਾ ਵੀ ਏਂ, ਚੰਗਾ ਮੈਂ ਚੱਲਦਾ ਹਾਂ ਵੈਸੇ ਵੀ ਦੋ ਵਜੇ ਬਾਜਾਰ ਬੰਦ ਹੋ ਜਾਣਾ ਏਂ, ਇੰਨੀ ਕਹਿ ਕੇ ਸੋਨੂੰ ਨੇ ਮੋਟਰ ਸਾਈਕਲ ਨੂੰ ਕਿੱਕ ਮਾਰ ਲਈ, ਸੋਨੂੰ ਪੂਰੀ ਸਪੀਡ ਨਾਲ ਰੋਡ ਤੇ ਜਾ ਰਿਹਾ ਸੀ, ਜਦੋਂ ਸੜਕ ਤੇ ਲੰਮੀ ਨਜ਼ਰ ਮਾਰੀ ਤਾਂ ਹਾਉਕਾ ਨਿਕਲ ਗਿਆ ਕਿਉਂਕਿ ਸੜਕ ਦੇ ਉੱਤੋਂ ਦੀ ਲੰਘ ਰਹੀਆਂ ਬਹੁਤ ਜ਼ਿਆਦਾ ਧੂੰਏਂ ਦੀਆਂ ਲੰਮੀਆਂ ਲਪਟਾਂ ਵੇਖ ਕੇ ਇੱਕ ਦਮ ਸੋਨੂੰ ਹੱਕਾਬੱਕਾ ਹੋ ਗਿਆ ਅਤੇ ਕੋਲ ਜਾ ਕੇ ਰੁੱਕ ਗਿਆ।
ਉਹੋ ਇਹ ਕੀ, ਅੱਗੇ ਤਾਂ ਕੁਝ ਵੀ ਨਹੀਂ ਦਿਸ ਰਿਹਾ, ਸੋਨੂੰ ਨੇ ਅਗਾਂਹ ਤੱਕ ਵੇਖਣ ਦੀ ਕੋਸ਼ਿਸ਼ ਕੀਤੀ ਪਰ ਕੁੱਝ ਨਾ ਦਿੱਸਿਆ। ਉਂਝ ਸੜਕ ਦੇ ਨਾਲ-ਨਾਲ ਸਾਰੇ ਦਰੱਖਤ ਝੁਲਸੇ ਪਏ ਸਨ ਕਈਆਂ ਦੇ ਤਣਿਆਂ ਚੋਂ ਧੂੰਆਂ ਅਜੇ ਵੀ ਨਿਕਲ ਰਿਹਾ ਸੀ, ਸੋਨੂੰ ਕਿੰਨੀ ਦੇਰ ਤੱਕ ਖੜ੍ਹਾ ਰਿਹਾ ਅਤੇ ਪਿੱਛੋਂ ਆਏ ਰਾਹਗੀਰਾਂ ਦੀਆਂ ਗੱਲਾਂ ਸੁਣਦਾ ਰਿਹਾ, ਕਈ ਕਹਿ ਰਹੇ ਸਨ, ਇਹ ਜ਼ਮੀਨ ਤਾਂ ਯਾਰ ਉਹਦੀ ਆ, ਜਿਹੜਾ ਆਪਣੇ ਆਪ ਨੂੰ ਬੜਾ ਵਾਤਾਵਰਣ ਪ੍ਰੇਮੀ ਅਖਵਾਉਂਦਾ ਹੈ, ਆਹੋ ਯਾਰ ਯੂ-ਟਿਊਬ ਤੇ ਤਾਂ ਬੜਾ ਭਾਸ਼ਣ ਦੇਂਦਾ ਆ ਬਈ -- ਰੁੱਖ ਲਗਾਉ---- ਵਾਤਾਵਰਣ ਬਚਾਉ--, ਇੱਥੇ ਕਿਤੇ ਦਿਸੇ ਤਾਂ ਉਹ ਨੂੰ ਪੁੱਛੀਏ ਤਾਂ ਸਹੀ, ਬਈ ਤੂੰ ਕਿਹੜਾ ਵਾਤਾਵਰਣ ਬਚਾ ਰਿਹਾਂ ? ਦੂਜੇ ਨੇ ਜਵਾਬ ਦਿੱਤਾ, ਵਾਤਾਵਰਣ ਬਚਾ ਰਿਹਾਂ ਕੇ ਜਿਹੜੀ ਥੋੜ੍ਹੀ ਬਹੁਤ ਆਕਸੀਜਨ ਬਚੀ ਆ ਉਹ ਵੀ ਨਸ਼ਟ ਕਰ ਰਿਹਾਂ ਏਂ ? ਸਾਰੇ ਰੁੱਖਾਂ ਦਾ ਸੱਤਿਆ ਨਾਸ ਕਰਤਾ, ਇਹ ਤਾਂ ਸਿਰਫ ਦਿਖਾਵੇ ਦੇ ਈ ਪ੍ਰੇਮੀ ਆਂ, ਕਹਿਣਾ ਕੁੱਛ ਤੇ ਕਰਨਾ ਕੁੱਛ , ਸੋਨੂੰ ਨੇ ਵੀ ਹੁੰਗਾਰਾ ਦਿੰਦਿਆਂ ਕਿਹਾ।
ਅਜੇ ਆਪਸ ਵਿੱਚ ਗੱਲਾਂ ਕਰ ਈ ਰਹੇ ਸਨ ਕਿ ਅਚਾਨਕ ਪਿੱਛੋਂ ਤੇਜ਼ ਰਫ਼ਤਾਰ ਆ ਰਹੀ ਗੱਡੀ ਧੂੰਏਂ ਨੂੰ ਚੀਰਦੀ ਹੋਈ ਵਿੱਚੋਂ ਦੀ ਅੱਗੇ ਲੰਘਣ ਈ ਲੱਗੀ ਸੀ ਕਿ ਬੜੀ ਜ਼ੋਰ ਨਾਲ ਹਾਦਸਾ ਵਾਪਰ ਗਿਆ, ਛੇਤੀ ਨਾਲ ਸੋਨੂੰ ਨੇ ਮੋਟਰਸਾਈਕਲ ਸਟੈਂਡ 'ਤੇ ਲਾ ਕੇ ਭੱਜ ਕੇ ਵੇਖਿਆ ਕਿ ਅੱਗੋਂ ਆ ਰਹੀ ਕਿਸੇ ਗੱਡੀ ਦਾ ਐਕਸੀਡੈਂਟ ਹੋ ਗਿਆ ਹੈ ,ਗੱਡੀ ਬੁਰੀ ਤਰ੍ਹਾਂ ਨਸ਼ਟ ਹੋ ਗਈ ਸੀ ਇੰਨੇ ਧੂੰਏਂ ਵਿੱਚੋਂ ਕਿਸੇ ਨੂੰ ਕੁੱਝ ਸੁੱਝ ਨਹੀਂ ਰਿਹਾ ਸੀ, ਆਖ਼ਿਰ ਸੋਨੂੰ ਨੇ ਹਿੰਮਤ ਕਰਕੇ ਸੜਕ ਦੇ ਨਾਲ ਨਾਲ ਦੌੜ ਲਾਈ ਅਤੇ ਅੱਗੇ ਜਾ ਕੇ ਉੱਧਰੋਂ ਆ ਰਹੀ ਟਰੈਫਿਕ ਨੂੰ ਰੋਕਿਆ ਅਤੇ ਨਾਲੇ ਦੱਸਿਆ ਕਿ ਤੁਸੀਂ ਵੀ ਮੇਰੇ ਨਾਲ ਜਲਦੀ ਆਓ ਦੋਵਾਂ ਗੱਡੀਆਂ ਦੇ ਲੋਕਾਂ ਨੂੰ ਬਾਹਰ ਕੱਢੀਏ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਈਏ ਕੁੱਝ ਲੋਕ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਹੱਥਾਂ ਦੇ ਵਿੱਚੋਂ ਹੀ ਦਮ ਤੋੜ ਰਹੇ ਸਨ।
ਵੇਖਦੇ ਹੀ ਵੇਖਦੇ ਕੁੱਝ ਜ਼ਿੰਦਗੀਆਂ ਰੱਬ ਨੂੰ ਪਿਆਰੀਆਂ ਹੋ ਗਈਆਂ ਸਨ। ਅੱਜ ਸੋਨੂੰ ਦੇ ਅੱਖਾਂ ਦੇ ਸਾਹਮਣੇ ਤੜਫ-ਤੜਫ ਕੇ ਲੋਕ ਮਰ ਰਹੇ ਸਨ, ਇਹ ਦ੍ਰਿਸ਼ ਵੇਖ ਕੇ ਸੋਨੂੰ ਧੁਰ ਅੰਦਰ ਤੱਕ ਝੰਜੋੜਿਆ ਗਿਆ, ਆਪਣੀਆਂ ਅੱਖਾਂ 'ਚੋਂ ਵਗਦੇ ਹੋਏ ਹੰਝੂਆਂ ਨੂੰ ਪੂੰਝਦਾ ਹੋਇਆ ਵਾਪਿਸ ਘਰ ਵੱਲ ਨੂੰ ਮੁੜ ਪਿਆ, ਕੰਨਾਂ ਵਿੱਚ ਵਾਰ-ਵਾਰ ਰੋਣ ਕੁਰਲਾਉਣ ਦੀਆਂ ਅਵਾਜ਼ਾਂ ਗੂੰਜ ਰਹੀਆਂ ਸਨ।
ਵੀਰ ਸਿੰਘ ਵੀਰਾ ਪੰਜਾਬੀ ਲਿਖਾਰੀ ਸਾਹਿਤ ਸਭਾ ਪੀਰ ਮੁਹੰਮਦ
ਮੋਬਾਇਲ-9855069972-9780253156
ਕੋਰੋਨਾ ਕਾਲ ਦੇ ਭਿਆਨਕ ਦੌਰ 'ਚ ਲੋਕਾਂ ਲਈ ਉਮੀਦ ਬਣੀਆਂ ਸਮਾਜਿਕ ਸੰਸਥਾਵਾਂ
NEXT STORY