ਮੈਂ ਉਸ ਨੂੰ ਵਟਸਐਪ ਮੈਸੇਜ਼ ਭੇਜਿਆ“ਤੇਰੇ ਸ਼ਹਿਰ ਆ ਰਿਹਾ ਹਾਂ। ਮਿਲ ਸਕਦੀ ਹੈਂ? ਉਸੇ ਥਾਂ ਤੇ ਉਸੇ ਵਕਤ। “ਉਮੀਦ ਅਨੁਸਾਰ ਜਵਾਬ ਆਇਆ। ਵਾਅਦਾ ਨਹੀਂ ਕੋਸ਼ਿਸ਼ ਕਰਾਂਗੀ। ਪਤਾ ਸੀ ਉਹ ਨਹੀਂ ਆਏਗੀ। ਕਿਉਂਕਿ ਜੇਕਰ ਉਸ ਆਉਣਾ ਹੁੰਦਾ ਤਾਂ ਉਹ ਕੋਸ਼ਿਸ਼ ਕਰਾਂਗੀ ਲਿਖ ਭੇਜਣ ਦੀ ਬਜਾਏ ਮਿਲਣ ਦਾ ਵਾਅਦਾ ਲਿਖ ਭੇਜਦੀ। ਪਰ ਮੈਂ ਫਿਰ ਵੀ ਧੰਨਵਾਦ ਲਿਖ ਭੇਜਿਆ। ਮੇਰਾ ਉਸਦਾ ਰਿਸ਼ਤਾ ਵੀ ਬੜਾ ਅਜੀਬ ਹੈ। ਮੈਂ ਚਾਹ ਕੇ ਵੀ ਕਦੇ ਇਸ ਨੂੰ ਸਮਝ ਨਹੀਂ ਸਕਿਆ। ਮੇਰੀ ਉਸਦੀ ਮੁਲਾਕਾਤ ਇਕ ਸਵੇਰ ਉਸ ਸਮੇਂ ਹੋਈ ਜਦ ਉਹ ਕਾਲਜ ਦੇ ਹਾਜ਼ਰੀ ਰਜਿਸਟਰ ਤੇ ਹਾਜ਼ਰੀ ਭਰ ਰਹੀ ਸੀ ਤੇ ਬਾਹਰ ਰਿਮ ਝਿਮ ਬਰਸਾਤ ਹੋ ਰਹੀ ਸੀ। ਉਸਦੇ ਚਿਹਰੇ ਤੇ ਪਾਣੀ ਦੀਆਂ ਬੂੰਦਾਂ ਲਿਸ਼ਕ ਰਹੀਆਂ ਸਨ ਜੋ ਉਸਦੇ ਸ਼ੋਲਡਰ ਕੱਟ ਵਾਲਾਂ ਤੋਂ ਡਿੱਗ ਕੇ ਉਸਦੇ ਚਿਹਰੇ ਤੇ ਅਟਕ ਗਈਆਂ ਸਨ।
ਬਹੁਤ ਜਲਦ ਹੀ ਮੇਰੀ ਤੇ ਉਸਦੀ ਦੋਸਤੀ ਹੋ ਗਈ। ਉਸਦੀ ਤੇ ਮੇਰੀ ਦੋਸਤੀ ਹੋਣ ਦੇ ਦੋ ਕਾਰਨ ਸਨ ਪਹਿਲਾ ਮੇਰਾ ਤੇ ਉਸਦਾ ਵਿਸ਼ਾ ਇੱਕ ਸੀ। ਉਹ ਜਿਸ ਵਿਸ਼ੇ ਦੀ ਲੈਕਚਰਾਰ ਸੀ ਮੈਂ ਉਸ ਵਿਸ਼ੇ ਦੇ ਵਿਭਾਗ ਦਾ ਮੁਖੀ ਸਾਂ। ਦੂਜਾ ਮੇਰਾ ਲੇਖਕ ਹੋਣਾ ਤੇ ਉਸਦਾ ਸਾਹਿਤ ਪ੍ਰਤੀ ਲਗਾਅ ਸੀ।
ਪਹਿਲਾਂ ਤੁਆਰਫ਼ ਹੋਇਆ ਫਿਰ ਜਾਣ ਪਛਾਣ ਵਧੀ ਜੋ ਬਾਅਦ ਵਿਚ ਦੋਸਤੀ ਵਿੱਚ ਤਬਦੀਲ ਹੋ ਗਈ। ਫਿਰ ਦੋਸਤੀ ਦੇ ਵੀ ਮਾਅਨੇ ਬਦਲੇ ਸ਼ਾਇਦ ਇਹ ਰੰਗ ਮਹੁੱਬਤ ਵਿੱਚ ਵਟ ਗਿਆ ਕਿਉਂ ਜੋ ਮੈਨੂੰ ਉਸ ਨੂੰ ਵੇਖੇ ਬਿਨਾਂ ਤੇ ਉਸ ਨੂੰ ਮੈਨੂੰ ਵੇਖੇ ਬਿਨਾਂ ਚੈਨ ਨਹੀਂ ਸੀ ਆਉਂਦਾ। ਅਸੀਂ ਵਿਹਲੇ ਪੀਰੀਅਡਾਂ ਵਿੱਚ ਕੰਟੀਨ ਵਿੱਚ ਜਾ ਬੈਠਦੇ ਤੇ ਦੇਰ ਤੱਕ ਗੱਲਾਂ ਕਰਦੇ ਰਹਿੰਦੇ। ਫਿਰ ਸਾਨੂੰ ਮਹਿਸੂਸ ਹੋਇਆ ਕਾਲਜ ਵਿੱਚ ਜਾਂ ਕੰਟੀਨ ਵਿੱਚ ਇਸ ਤਰ੍ਹਾਂ ਬੈਠਣਾ ਉਚਿਤ ਨਹੀਂ ਹੈ ਇਸ ਕਰਕੇ ਅਸੀਂ ਸ਼ਹਿਰ ਦੇ ਇੱਕ ਕੌਫੀ ਹਾਊਸ ਵਿੱਚ ਹਫਤੇ ਵਿੱਚ ਇੱਕ ਦੋ ਵਾਰ ਮਿਲਣ ਲੱਗੇ। ਸਾਡੀਆਂ ਗੱਲਾਂ ਦਾ ਕੋਈ ਥਹੁ ਸਿਰਾ ਨਹੀਂ ਸੀ ਹੁੰਦਾ ਪਤਾ ਨਹੀਂ ਕਿੱਥੋਂ ਗੱਲ ਤੁਰਦੀ ਤੇ ਫਿਰ ਕਿੱਥੇ ਜਾ ਪਹੁੰਚਦੀ। ਉਹ ਅਕਸਰ ਅਖ਼ਬਾਰਾਂ ਵਿੱਚ ਛਪਦੀਆਂ ਮੇਰੀਆਂ ਕਵਿਤਾਵਾਂ ਤੇ ਕਹਾਣੀਆਂ ਤੇ ਡੂੰਘੀ ਤਨਕੀਦ ਕਰਦੀ। ਮੈਂ ਉਸਦੇ ਪੰਜਾਬੀ ਬੋਲਣ ਦੇ ਲਹਿਜੇ ਤੇ ਨੁਕਤਾਚੀਨੀ ਕਰਦਾ। ਉਹ ਜਦ ਪੌੜੀ ਨੂੰ ਪੋੜੀ ਤੇ ਕੌਲੀ ਨੂੰ ਕੋਲੀ ਆਖਦੀ ਤਾਂ ਮੈਂ ਉਸ ਦਾ ਖੂਬ ਮਜ਼ਾਕ ਬਣਾਉਂਦਾ। ਇਹ ਉਹ ਵਕਤ ਸੀ ਜਦ ਉਮਰ ਵਿੱਚ ਉਮੰਗ ਤੇ ਜਿੰਦਗੀ ਵਿੱਚ ਅਨੇਕਾਂ ਰੰਗ ਸਨ। ਦਿਨ ਕਦ ਹਫ਼ਤਿਆਂ 'ਚ ਬਦਲੇ, ਹਫ਼ਤੇ ਕਦ ਮਹੀਨਿਆਂ ਤੇ ਸਾਲਾਂ ਵਿੱਚ ਬਦਲੇ ਪਤਾ ਹੀ ਨਾ ਚੱਲਿਆ ਕਦ ਦੋ ਸਾਲ ਲੰਘ ਗਏ। ਹਮੇਸ਼ਾਂ ਲਈ
ਇੱਕ ਹੋਣ ਦਾ ਇਕਰਾਰ ਹੋਇਆ ਪਰ ਨਾਲ ਇਹ ਵੀ ਫੈਸਲਾ ਕੀਤਾ ਜਦ ਤੱਕ ਅਸੀਂ ਪ੍ਰੋਫੈਸ਼ਨਲ ਤੌਰ ਤੇ ਕਾਮਯਾਬ ਨਹੀਂ ਹੋ ਜਾਂਦੇ ਅਸੀਂ ਇੰਤਜ਼ਾਰ ਕਰਾਂਗੇ।
ਮੈਂ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਲੱਗਾ ਤੇ ਉਹ ਉਚੇਰੀ ਵਿੱਦਿਆ ਹਾਸਿਲ ਕਰਨ ਯੂਨੀਵਰਸਿਟੀ ਚਲੀ ਗਈ। ਮੈਂ ਮੁਕਾਬਲੇ ਦੇ ਇਮਤਿਹਾਨ ਦੇ ਕੇ ਕੋਈ ਵੱਡਾ ਸਰਕਾਰੀ ਅਫ਼ਸਰ ਤਾਂ ਨਾ ਬਣ ਸਕਿਆ ਪਰ ਹਾਂ ਆਪਣੀ ਯੋਗਤਾ ਤੇ ਤਜ਼ਰਬੇ ਦੇ ਅਧਾਰ ਤੇ ਇੱਕ ਸਰਕਾਰੀ ਅਦਾਰੇ ਦਾ ਮੁਖੀ ਜ਼ਰੂਰ ਬਣ ਗਿਆ। ਵਕਤ ਦੀ ਤੋਰ ਬਦਲੀ। ਸਾਡੇ ਰਸਤੇ ਵੀ ਥੋੜ੍ਹਾ ਬਦਲੇ। ਅਸਲ ਵਿੱਚ ਇਹ ਉਸ ਵਕਤ ਦੀ ਗੱਲ ਹੈ ਜਦ ਮੋਬਾਈਲ ਫ਼ੋਨ ਜ਼ਰੂਰਤ ਤੋਂ ਜ਼ਿਆਦਾ ਰੁਤਬੇ ਦੀ ਪਛਾਣ ਸੀ। ਸੋ ਸਾਡਾ ਆਪਸ ਵਿੱਚ ਕੋਈ ਸਿੱਧਾ ਸੰਪਰਕ ਨਹੀਂ ਸੀ। ਸਾਨੂੰ ਸਾਡੇ ਇੱਕ ਦੂਜੇ ਦੀ ਖ਼ਬਰ ਸਾਰ ਸਾਡੀ ਇੱਕ ਸਾਂਝੀ ਦੋਸਤ ਦੁਆਰਾ ਹੀ ਮਿਲਦੀ ਸੀ।
ਫਿਰ ਵਕਤ ਆਇਆ ਸਾਡੀ ਉਸ ਸਾਂਝੀ ਦੋਸਤ ਦਾ ਵਿਆਹ ਹੋ ਗਿਆ। ਇਹ ਆਪਸੀ ਸੰਪਰਕ ਦਾ ਇੱਕੋ ਇੱਕ ਸਾਧਨ ਵੀ ਖ਼ਤਮ ਹੋ ਗਿਆ। ਚਾਰ ਵਰ੍ਹੇ ਲੰਘ ਗਏ। ਇਨ੍ਹਾਂ ਵਰ੍ਹਿਆਂ ਵਿੱਚ ਝੁੱਲੀ ਵਕਤ ਦੀ ਹਨੇਰੀ ਨੇ ਮੈਨੂੰ ਉਸ ਤੋਂ ਸਦੀਆਂ ਦੂਰ ਕਰ ਦਿੱਤਾ। ਮੈਂ ਘਰ ਦੀਆਂ ਮਜ਼ਬੂਰੀਆਂ ਤੇ ਮਾਂ ਦੀ ਅੰਤਲੀ ਇੱਛਾ ਪੂਰੀ ਕਰਨ ਸਦਕਾ ਇੱਕ ਵਿਦੇਸ਼ ਵੱਸਦੀ ਲੜਕੀ ਦੇ ਰਿਸ਼ਤੇ ਲਈ ਤਿਆਰ ਹੋ ਗਿਆ।
ਮੰਗਣੀ ਹੋ ਗਈ। ਕਈ ਮਹੀਨੇ ਲੰਘ ਗਏ ਪਰ ਮੇਰਾ ਉਸਦਾ ਕੋਈ ਸੰਪਰਕ ਨਾ ਹੋ ਸਕਿਆ। ਅੰਤ ਨੂੰ ਵਿਆਹ ਕਰਵਾ ਵਿਦੇਸ਼ ਆ ਵੱਸਿਆ।ਵਕਤ ਆਪਣੀ ਚਾਲ ਚਲਦਾ ਗਿਆ। ਸਮੇਂ ਦੇ ਨਾਲ- ਨਾਲ ਕਈ ਤਬਦੀਲੀਆਂ ਵਾਪਰੀਆਂ। ਮੋਬਾਈਲ ਆਮ ਹੋ ਗਿਆ। ਫੇਸਬੁੱਕ ਤੇ ਵਟਸਐਪ ਵਰਗੀਆਂ ਐਪਸ ਸਦਕਾ ਲੋਕ ਨਵੇਂ ਪੁਰਾਣੇ ਦੋਸਤਾਂ ਮਿੱਤਰਾਂ ਨਾਲ ਜੁੜਨ ਲੱਗੇ। ਅਜਿਹੀ ਹੀ ਤਬਦੀਲੀ ਨਾਲ ਮੇਰਾ ਉਸ ਦਾ ਸੰਪਰਕ ਸਤਾਰਾਂ ਵਰ੍ਹਿਆਂ ਬਾਅਦ ਵਟਸਐਪ ਰਾਹੀਂ ਹੋਇਆ। ਜਦ ਇੱਕ ਦਿਨ ਉਸਦਾ ਸੁਨੇਹਾ ਮੈਨੂੰ ਮਿਲਿਆ। ਉਸਨੂੰ ਖੁਸ਼ੀ ਸੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਆਪਣੀ ਪਤਨੀ ਅਤੇ ਬੱਚਿਆਂ ਨਾਲ ਬਹੁਤ ਖੁਸ਼ ਸਾਂ। ਪਰ ਚਾਹ ਕੇ ਵੀ ਮੈਂ ਉਸ ਬਾਰੇ ਵਧੇਰਾ ਨਾ ਜਾਣ ਸਕਿਆ। ਬਸ ਉਹ ਕਦੇ ਕਦਾਈਂ ਦਿਨ ਤਿਉਹਾਰਾਂ ਮੌਕੇ ਮੈਨੂੰ ਸੰਦੇਸ਼ ਭੇਜਦੀ ਰਹੀ। ਪਰ ਉਸਨੇ ਆਪਣੇ ਆਲੇ ਦੁਆਲੇ ਇੱਕ ਲਛਮਣ ਰੇਖਾ ਖਿੱਚ ਲਈ ਸੀ ਜਿਸ ਨੂੰ ਪਾਰ ਕਰਨ ਦੀ ਹਿੰਮਤ ਮੇਰੇ ਵਿੱਚ ਨਹੀਂ ਸੀ। ਇਸੇ ਕਰਕੇ ਜਦ ਇੱਕ ਘਰੇਲੂ ਕੰਮ ਕਰਕੇ ਵਰ੍ਹਿਆਂ ਬਾਅਦ ਇਕੱਲੇ ਦੇਸ਼ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਉਸ ਨੂੰ ਮਿਲਣ ਦਾ ਸੁਨੇਹਾ ਭੇਜੇ ਬਿਨਾਂ ਨਾ ਰਹਿ ਸਕਿਆ। ਤੇ ਹੁਣ ਮੈਂ ਉਸੇ ਥਾਂ 'ਤੇ ਬੈਠਾ ਇਹ ਡਾਇਰੀ ਲਿਖ ਰਿਹਾ ਹਾਂ ਜਿਸ ਥਾਂ ਤੇ ਮੈਂ ਉਸ ਨੂੰ ਮਿਲਣ ਦੀ ਦਰਖ਼ਾਸਤ ਕੀਤੀ ਸੀ। ਮੈਂ ਤਿੰਨ ਕੱਪ ਕੌਫੀ ਦੇ ਪੀ ਚੁੱਕਾ ਹਾਂ। ਵਕਤ ਮਿਲਣ ਦੇ ਨਿਸ਼ਚਿਤ ਸਮੇਂ ਤੋਂ ਕਿਤੇ ਅੱਗੇ ਲੰਘ ਗਿਆ ਹੈ। ਪਰ ਉਮੀਦ ਅਨੁਸਾਰ ਉਹ ਨਹੀਂ ਆਈ ਤੇ ਹੁਣ ਆਉਣ ਦੀ ਉਮੀਦ ਵੀ ਕੋਈ ਨਹੀਂ। ਸਾਅਬ੍ਹ ਕੁਝ ਹੋਰ!” ਵੇਟਰ ਰੈਸਟੋਰੈਂਟ ਮਾਲਕ ਦੇ ਹੁਕਮ ਅਨੁਸਾਰ ਕੁਝ ਹੋਰ ਆਰਡਰ ਕਰਨ ਲਈ ਜਾਂ ਜਾਣ ਲਈ ਪੁੱਛ ਰਿਹਾ ਹੈ।
“ਨਹੀਂ ਕੁਝ ਹੋਰ ਨਹੀਂ। ਬਸ ਬਿਲ ਲੈ ਆ। ਮੈਂ ਘੜੀ ਤੇ ਨਿਗਾਹ ਮਾਰਦਿਆਂ ਆਖਦਾ ਹਾਂ। ਵੇਟਰ ਦੇ ਬਿਲ ਲੈ ਕੇ ਆਉਣ ਤੱਕ ਮੈਂ ਇੱਕ ਵਾਰ ਫਿਰ ਸਾਰੇ ਰੈਸਟੋਰੈਂਟ ਵਿੱਚ ਨਜ਼ਰ ਮਾਰਦਾ ਹਾਂ। ਪਰ ਉਸ ਨੂੰ ਕਿਧਰੇ ਨਾ ਪਾ ਨਿਰਾਸ਼ ਹੋ ਜਾਂਦਾ ਹਾਂ। ਵੇਟਰ ਬਿਲ ਲੈ ਆਇਆ ਹੈ। ਮੈਂ ਸਰਸਰੀ ਨਜ਼ਰ ਮਾਰ ਪੈਸੇ ਦੇ ਬਾਕੀ ਚੇਂਜ ਵੇਟਰ ਨੂੰ ਰੱਖਣ ਲਈ ਆਖ ਆਪਣੀ ਡਾਇਰੀ ਬੰਦ ਕਰ ਰੈਸਟੋਰੈਂਟ ਤੋਂ ਬਾਹਰ ਆ ਜਾਂਦਾ ਹਾਂ।
ਉਹ ਸ਼ੀਸ਼ੇ ਦੇ ਉਸ ਪਾਰ ਲੱਗਭੱਗ ਡੇੜ੍ਹ ਘੰਟਾ ਮੇਰਾ ਇੰਤਜ਼ਾਰ ਕਰਦਾ ਰਿਹਾ। ਪਰ ਚਾਹ ਕੇ ਵੀ ਮੈਂ ਉਸ ਨੂੰ ਨਾ ਮਿਲ ਸਕੀ। ਸ਼ਾਇਦ ਸਾਡੇ ਵਿਚਕਾਰ ਬਹੁਤ ਵੱਡਾ ਖਲਾਅ ਆ ਗਿਆ ਹੈ। ਸ਼ਾਇਦ ਵਕਤ, ਰਿਸ਼ਤੇ ਜਾਂ ਸਾਡੀਆਂ ਮਜ਼ਬੂਰੀਆਂ। ਤੇ ਜਾਂ ਸ਼ਾਇਦ ਇਹ ਸਭ ਕੁਝ। ਉਹ ਵਰ੍ਹਿਆਂ ਬਾਅਦ ਮੇਰੇ ਸਾਹਮਣੇ ਸੀ। ਉਸੇ ਤਰ੍ਹਾਂ ਸਿਆਣਾ ਸੰਜੀਦਾ ਦਿੱਖ ਵਾਲਾ। ਉਹ ਕੁਝ ਖਾਸ ਨਹੀਂ ਸੀ ਬਦਲਿਆ।
ਉਹ ਸ਼ਾਇਦ ਵਕਤ ਦਾ ਇੱਕ ਅਜੀਬ ਲਮਹਾ ਸੀ ਜਦ ਅਸੀਂ ਜੁਦਾ ਹੋ ਗਏ ਸਾਂ। ਮੈਨੂੰ ਅੱਜ ਵੀ ਯਾਦ ਹੈ ਉਹ ਸਰਦੀਆਂ ਦੀ ਉਹ ਧੁੰਦ ਭਰੀ ਸਵੇਰ ਜਦ ਮੇਰੀ ਉਸ ਦੀ ਮੁਲਾਕਾਤ ਆਖਰੀ ਵਾਰ ਹੋਈ ਸੀ। ਉਸ ਦਿਨ ਅਸੀਂ ਕਾਲਜ ਦੀ ਕੰਟੀਨ ਵਿੱਚ ਬੈਠੇ ਸਾਂ। ਉਹ ਪਹਿਲਾਂ ਦਿਨ ਸੀ ਜਦ ਸਾਡੇ
ਦਰਮਿਆਨ ਗੱਲਾਂ ਘੱਟ ਤੇ ਖ਼ਾਮੋਸ਼ੀ ਵੱਧ ਸੀ। ਉਸ ਨੂੰ ਮੇਰਾ ਉਚੇਰੀ ਵਿੱਦਿਆ ਲਈ ਯੂਨੀਵਰਸਿਟੀ ਜਾਣਾ ਪਸੰਦ ਨਹੀਂ ਸੀ। ਉਸ ਅਨੁਸਾਰ ਮੈਨੂੰ ਆਪਣੇ ਸ਼ਹਿਰ ਰਹਿ ਕੇ ਹੀ ਉਚ ਵਿੱਦਿਆ ਹਾਸਿਲ ਕਰ ਲੈਣੀ ਚਾਹੀਦੀ ਹੈ ਜਾਂ ਕਿਸੇ ਮੁਕਾਬਲੇ ਦੇ ਇਮਤਿਹਾਨ ਦੀ ਤਿਆਰੀ ਕਰਨੀ ਚਾਹੀਦੀ ਹੈ।
ਮੈਂ ਚਾਹੁੰਦੀ ਸਾਂ ਉਸ ਨੂੰ ਮੇਰੀ ਤਰ੍ਹਾਂ ਵੱਡੇ ਸ਼ਹਿਰ ਜਾ ਆਪਣੀ ਕਿਸਮਤ ਅਜ਼ਮਾਉਣੀ ਚਾਹੀਦੀ ਹੈ। ਪਰ ਅਫ਼ਸੋਸ ਉਹ ਮੇਰੇ ਤੇ ਮੈਂ ਉਸ ਦੇ ਖਿਆਲਾਂ ਨਾਲ ਸਹਿਮਤ ਨਾ ਹੋ ਸਕੀ। ਜਦ ਮੈਂ ਉਸ ਤੋਂ ਅਲਵਿਦਾ ਲਈ ਤਾਂ ਉਹ ਬਹੁਤ ਉਦਾਸ ਸੀ ਸ਼ਾਇਦ ਉਸ ਨੂੰ ਪਤਾ ਸੀ ਇਹ ਸਾਡੀ ਆਖ਼ਰੀ ਮੁਲਾਕਾਤ ਹੈ। ਪਰ ਮੈਂ ਨਹੀਂ ਸਾਂ ਜਾਣਦੀ ਸ਼ਾਇਦ ਇਸੇ ਕਰਕੇ ਮੈਂ ਉਸ ਨੂੰ ਉਸੇ ਤਰ੍ਹਾਂ ਬੈਠੇ ਨੂੰ ਛੱਡ ਤੁਰ ਗਈ। ਅੱਜ ਵੀ ਉਹ ਮੇਰੇ ਸਾਹਮਣੇ ਉਸੇ ਦਿਨ ਦੀ ਤਰ੍ਹਾਂ ਬੈਠਾ ਸੀ। ਲੱਗਦਾ ਹੀ ਨਹੀਂ ਸਾਡੇ ਦਰਮਿਆਨ ਉੱਨੀਂ ਵੀਹ ਵਰ੍ਹੇ ਲੰਘ ਗਏ ਸਨ ਤੇ ਸਾਡੇ ਵਿਚਕਾਰ ਅਨੇਕਾਂ ਆਪ ਸਿਰਜੇ ਹੋਏ ਰਿਸ਼ਤਿਆਂ ਦਾ ਖਲਾਅ ਆ ਗਿਆ। ਅੱਜ ਵੀ ਜਦ ਮੈਂ ਉਸ ਨੂੰ ਜਾਂਦੇ ਹੋਏ ਵੇਖਿਆ ਤਾਂ ਉਹ ਉਸ ਦਿਨ ਜਿਨ੍ਹਾਂ ਹੀ ਉਦਾਸ ਸੀ ਜਿਨ੍ਹਾਂ ਮੈਨੂੰ ਉਹ ਮੇਰੇ ਨਾਲ ਆਖਰੀ ਮੁਲਾਕਾਤ ਸਮੇਂ ਲੱਗਿਆ ਸੀ।
ਮੈਂ ਉਸ ਨੂੰ ਛੱਡ ਕੇ ਚਲੀ ਗਈ ਉਚੇਰੀ ਵਿੱਦਿਆ ਹਾਸਲ ਕਰਨ ਉਸਨੂੰ ਜ਼ਿੰਦਗੀ ਦੇ ਹਾਲਾਤਾਂ ਨਾਲ ਲੜਦਿਆਂ ਛੱਡ ਕੇ। ਫਿਰ ਅਸੀਂ ਆਪਣੀ- ਆਪਣੀ ਜ਼ਿੰਦਗੀ ਵਿੱਚ ਗੁਆਚ ਗਏ ਆਪੋ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜਦੋ-ਜਹਿਦ ਕਰਨ ਲਈ। ਮੈਂ ਉਚੇਰੀ ਵਿੱਦਿਆ ਹਾਸਲ ਕਰ ਆਪਣੇ ਸ਼ਹਿਰ ਪਰਤ ਆਈ। ਮੈਂ ਸ਼ਹਿਰ ਆ ਕੇ ਉਸ ਨੂੰ ਲੱਭਣ ਤੇ ਉਸ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਪਰ ਹੱਥ ਪੱਲੇ ਕੁਝ ਨਾ ਪਿਆ। ਪਰ ਮੈਂ ਹਰ ਰੋਜ਼ ਇਸੇ ਕਾਫੀ ਹਾਊਸ ਆ ਕੇ ਉਸ ਦੀਆਂ ਉਡੀਕਾਂ ਕਰਦੀ ਰਹੀ। ਫਿਰ ਇੱਕ ਦਿਨ ਮੇ ਆਈ ਸਿਟ ਵਿਦ ਯੂ ਕਿਸੇ ਨੇ ਮੇਰੇ ਟੇਬਲ ਪਾਸ ਆ ਕੇ ਕਿਹਾ। ਜਦ ਮੈਂ ਨਜ਼ਰ ਉਠਾ ਕੇ ਵੇਖਿਆ ਤਾਂ ਮੇਰੇ ਸਾਹਮਣੇ ਇੱਕ ਖ਼ੂਬਸੂਰਤ ਨੌਜਵਾਨ ਬੈਠਣ ਲਈ ਇਜਾਜ਼ਤ ਮੰਗ ਰਿਹਾ ਸੀ। ਉਸਨੂੰ ਮੈਂ ਚਾਹ ਕੇ ਵੀ ਇਨਕਾਰ ਨਾ ਕਰ ਸਕੀ।
ਮੈਨੂੰ ਲੱਗਦਾ ਹੈ ਤੁਸੀਂ ਕਿਸੇ ਦਾ ਇੰਤਜ਼ਾਰ ਕਰ ਰਹੇ ਹੋ ਜਾਂ ਸ਼ਾਇਦ ਮੈਂ ਜਾਣਦਾ ਹਾਂ ਕਿ ਤੁਸੀਂ ਕਿਸ ਦਾ ਇੰਤਜ਼ਾਰ ਕਰ ਰਹੇ ਹੋ। ਫਿਰ ਉਸ ਨੌਜਵਾਨ ਨੇ ਮੈਨੂੰ ਉਸ ਬਾਰੇ ਦੱਸਿਆ ਕਿ ਕਿਵੇਂ ਉਹ ਘੰਟਿਆਂ ਬੱਧੀ ਉਹ ਮੇਰਾ ਇੰਤਜ਼ਾਰ ਕਰਦਾ ਰਹਿੰਦਾ ਸੀ। ਤੇ ਫਿਰ ਸ਼ਾਇਦ ਮੇਰੀ ਲੰਮੀ ਉਡੀਕ ਕਰਨ ਤੋਂ ਬਾਅਦ ਕਿਸੇ ਵਿਦੇਸ਼ ਵੱਸਦੀ ਲੜਕੀ ਨਾਲ ਵਿਆਹ ਕਰ ਵਿਦੇਸ਼ ਚਲਾ ਗਿਆ ਸੀ। ਉਸ ਨੌਜਵਾਨ ਦੀਆਂ ਗੱਲਾਂ ਸੁਣ ਮੈਂ ਉਸ ਵਿਚੋਂ ਦੋਸਤ ਤਲਾਸ਼ਣ ਲੱਗੀ। ਜਾਂ ਦੋਸਤ ਤੋਂ ਵੀ ਕੁਝ ਵਧੇਰੇ ਆਖਰ ਟੁੱਟੇ ਦਿਲ ਨੂੰ ਧਰਵਾਸ ਦੇਣ ਲਈ ਕੋਈ ਆਸਰਾ ਚਾਹੀਦਾ ਸੀ। ਫਿਰ ਕਈ ਵਰ੍ਹੇ ਲੰਘ ਗਏ। ਉਸਦੀਆਂ ਰਚਨਾਵਾਂ ਅਖ਼ਬਾਰਾਂ ਵਿੱਚ ਛਪਦੀਆਂ। ਨਾਲ ਹੀ ਉਸਦਾ ਵਿਦੇਸ਼ੀ ਪਤਾ, ਈ ਮੇਲ ਐਡਰੈੱਸ ਤੇ ਫੋਨ ਨੰਬਰ
ਛਪਿਆ ਹੁੰਦਾ। ਮੈਂ ਅਖ਼ਬਾਰ ਵਿੱਚ ਛਪੇ ਫੋਨ ਨੰਬਰ ਤੇ ਹੀ ਉਸ ਨੂੰ ਵਟਸਐਪ ਮੈਸੇਜ ਕੀਤਾ ਸੀ। ਫਿਰ ਮੈਂ ਉਸਨੂੰ ਵਰ੍ਹੇ ਛਿਮਾਹੀ ਦਿਨ ਤਿਉਹਾਰ ਤੇ ਵਟਸਐਪ ਮੈਸੇਜ ਭੇਜਣ ਲੱਗੀ। ਕਈ ਵਾਰ ਉਹ ਮੇਰੇ ਬਾਰੇ ਪੁੱਛਦਾ ਪਰ ਮੈਂ ਕਦੇ ਜਵਾਬ ਨਾ ਦਿੰਦੀ। ਮੈਂ ਉਸਦੇ ਫੇਸਬੁੱਕ ਪੇਜ ਤੇ ਹਰ ਰੋਜ਼ ਨਿਗਾਹ ਮਾਰਦੀ ਪਰ ਨਾ ਮੈਂ ਕਦੇ ਉਸਨੂੰ ਫਰੈਂਡ ਐਡ ਕੀਤਾ ਨਾ ਉਸਦੀ ਫਰੈਂਡ ਰਿਕੁਅਐਸਟ ਅਕਸੈਪਿਟ ਕੀਤੀ। ਹੁਣ ਜਦ ਉਹ ਜਾ ਚੁੱਕਾ ਹੈ ਤਾਂ ਮਨ ਬਹੁਤ ਉਦਾਸ ਹੈ। ਮੰਮਾ ਕੀ ਕਰ ਰਹੇ ਹੋ?” ਮੈਂ ਡਾਇਰੀ ਲਿਖਣੀ ਛੱਡ ਜਦ ਉਪਰ ਧਿਆਨ ਮਾਰਦੀ ਹਾਂ ਤਾਂ ਸਾਹਮਣੇ ਮੇਰਾ ਅੱਠ ਸਾਲ ਦਾ ਬੇਟਾ ਅਹਿਸਾਸ ਮੈਨੂੰ ਪੁੱਛ ਰਿਹਾ ਹੈ। ਕੁੱਝ ਨਹੀਂ ਬੇਟਾ ਬਸ ਰੈਸਟੋਰੈਂਟ ਦਾ ਹਿਸਾਬ ਕਿਤਾਬ ਵੇਖ ਰਹੀ ਸੀ। ਉਹ ਮੌਮ ਪਾਪਾ ਕਿੱਥੇ ਨੇ?” ਅਹਿਸਾਸ ਪੁੱਛਦਾ ਹੈ। ਤੇਰੇ ਪਾਪਾ ਆਉਂਦੇ ਈ ਨੇ ਨਾਲੇ ਤੇਰਾ ਸਕੂਲ ਬੜੀ ਜਲਦੀ ਖ਼ਤਮ ਹੋ ਗਿਆ।“ਮੈਂ ਅਹਿਸਾਸ ਤੋਂ ਪੁੱਛਦੀ ਹਾਂ। ਭੁੱਲ ਗਏ ਮੰਮਾ ਅੱਜ ਸੈਟਰਡੇ ਹੈ” ਓ ਕੇ ਬੇਟਾ ਚਲ ਘਰ ਚਲਦੇ ਹਾਂ।“ ਮੈਂ ਆਪਣੀ ਡਾਇਰੀ ਬੰਦ ਕਰ ਅਹਿਸਾਸ ਦਾ ਬੈਗ ਖ਼ੁਦ ਚੁੱਕ ਲੈਂਦੀ ਹਾਂ। ਸੋਹਨ ਰੈਸਟੋਰੈਂਟ ਦਾ ਖਿਆਲ ਰੱਖੀਂ। ਅਸ਼ੀਸ਼ ਆਉਂਦੇ ਹੀ ਹੋਣੇ ਨੇ। ਆਖ ਮੈਂ ਆਪਣੀ ਕਾਰ ਵੱਲ ਵਧ ਜਾਂਦੀ ਹਾਂ। ਫਿਰ ਆਪਣੇ ਪਤੀ ਅਸ਼ੀਸ਼ ਬਾਰੇ ਸੋਚ ਤੇ ਬੇਟੇ ਅਹਿਸਾਸ ਵਲ ਦੇਖ ਆਪਣੇ ਹੱਥ ਵਿੱਚ ਪਕੜੀ ਡਾਇਰੀ ਨੇੜੇ ਪਏ ਕੂੜੇਦਾਨ ਵਿੱਚ ਸੁੱਟ ਦਿੰਦੀ ਹਾਂ ਤੇ ਡੂੰਘਾ ਹੌਕਾ ਭਰ ਆਪਣੇ ਬੇਟੇ ਅਹਿਸਾਸ ਦਾ ਹੱਥ ਦੱਬ ਕੇ ਪਕੜ ਲੈਂਦੀ ਹਾਂ।
ਮਿੱਟੀ ਨਾ ਫਰੋਲ ਜੋਗੀਆ
NEXT STORY