ਮਿੱਟੀ ਨਾ ਫਰੋਲ ਜੋਗੀਆ,
ਨਹੀਂਉ ਲੱਭਣੇ ਲਾਲ ਗੁਆਚੇ,
ਮਿੱਟੀ ਨਾ ਫਰੋਲ ਜੋਗੀਆ,
ਜਿਹੜੇ ਤੁਰ ਜਾਂਦੇ ਮੁੜ ਨਹੀਂਉ ਆਉਂਦੇ,
ਕਾਹਤੋਂ ਰਿਹਾ ਟੋਲ ਜੋਗੀਆ,
ਕਿੱਥੇ ਗਿਆ ਪਿੰਡ ਮੇਰਾ, ਕੱਚਾ ਘਰ ਯਾਰ ਉਹ,
ਕਿੱਥੇ ਗਿਆ ਬਚਪਨ ਤੇ ਭੈਣਾਂ ਦਾ ਪਿਆਰ ਉਹ,
ਹੁਣ ਯਾਦਾਂ ਨੂੰ ਹੀ ਮੰਨ ਲੈ ਸਹਾਰਾ,
ਜੋ ਨੇ ਤੇਰੇ ਕੋਲ ਜੋਗੀਆ,
ਨਹੀਂਉ ਲੱਭਣੇ ਲਾਲ ਗੁਆਚ,ੇ
ਖੋ ਗਈ ਆ ਕਿਤੇ ਬੋਹੜ ਪਿੱਪਲਾਂ ਦੀ ਛਾਂ ਵੀ,
ਵਕਤ ਦੇ ਹਨ੍ਹੇਰੇ ਨੇ ਨਿਗਲ ਲਈ ਆ ਮਾਂ ਵੀ,
ਹੁਣ ਸਬਰਾਂ ਦੇ ਘੁੱਟ ਹੀ ਤੂੰ ਭਰ ਲੈ ਕਾਹਤੋਂ ਰਿਹਾ ਡੋਲ ਜੋਗੀਆ,
ਨਹੀਂਉ ਲੱਭਣੇ ਲਾਲ ਗੁਆਚੇ,
ਕਿੱਥੇ ਫਿਰੇ ਲੱਭਦਾ ਜਵਾਨੀ ਵਾਲੇ ਸਾਲ ਤੂੰ,
ਯਾਰਾਂ ਦੀਆਂ ਮਹਿਫ਼ਲਾਂ ਤੇ ਪਾਏ ਜੋ ਧਮਾਲ ਤੂੰ,
ਹੁਣ ਕਿਸੇ ਨਹੀਂਉ ਤੇਰੇ ਨਾਲ ਨੱਚਣਾ,
ਕਿਉਂ ਗਲ ਪਾਇਆ ਢੋਲ ਜੋਗੀਆ,
ਨਹੀਂਉ ਲੱਭਣੇ ਲਾਲ ਗੁਆਚੇ,
ਮਰਜ਼ੀ ਸੀ ਤੇਰੀ ਜੋ ਤੂੰ ਛੱਡਿਆ ਸੀ ਦੇਸ ਨੂੰ,
ਸਭ ਕੁਝ ਛੱਡ ਅਪਣਾਇਆ ਪਰਦੇਸ਼ ਨੂੰ,
ਹੁਣ ਇੱਥੇ ਹੀ ਤੂੰ ਮਨ ਚਿੱਤ ਲਾ ਲੈ ਹੋ ਨਾ ਡਾਵਾਂ ਡੋਲ ਜੋਗੀਆ,
ਨਹੀਂਉ ਲੱਭਣੇ ਲਾਲ ਗੁਆਚੇ
ਮਿੱਟੀ ਨਾ ਫਰੋਲ ਜੋਗੀਆ,
ਜਿਹੜੇ ਮੁੱਕ ਜਾਂਦੇ ਮੁੜ ਨਹੀਂਉ ਆਉਂਦੇ,
ਕਾਹਤੋਂ ਰਿਹਾ ਟੋਲ ਜੋਗੀਆ
ਅਮਰੀਕ ਐਡੀਲੇਡ
ਸ਼ਹੀਦੀਆਂ ਦਾ ਮਹੀਨਾ : ਪੋਹ
NEXT STORY