ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ ਨਾ ਸਿਰਫ ਆਪਣੀ ਬਾਣੀ ਨਾਲ ਉਸ ਯੁੱਗ ਦਾ ਕਾਇਆ-ਕਲਪ ਕਰਨ ਲਈ ਮਨੁੱਖਾਂ ਨੂੰ ਜਾਗਰੂਕ ਕੀਤਾ ਸਗੋਂ ਅਜੋਕੇ ਯੁੱਗ ਨੂੰ ਦਿਸ਼ਾ ਦਿਖਾ ਕੇ ਆਪਣੇ ਅਧਿਕਾਰਾਂ, ਆਪਣੀਆਂ ਨੈਤਿਕ, ਸਮਾਜਿਕ ਆਦਿ ਕਦਰਾਂ-ਕੀਮਤਾਂ ਤੋਂ ਜਾਣੂ ਕਰਵਾਇਆ। ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਅਧਿਕਾਰਾਂ ਦੇ ਖੇਤਰ ’ਚ ਜ਼ਿਕਰਯੋਗ ਯੋਗਦਾਨ ਪਾਇਆ। ਉਨ੍ਹਾਂ ਦਾ ਸਮੁੱਚਾ ਜੀਵਨ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਨੂੰ ਸਮਰਪਿਤ ਸੀ। ਉਨ੍ਹਾਂ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਲਈ ਭਾਰਤ ਅਤੇ ਵਿਦੇਸ਼ਾਂ ’ਚ ਉਦਾਸੀਆਂ ਕੀਤੀਆਂ। ਉਨ੍ਹਾਂ ਉਸ ਸਮੇਂ ’ਚ ਪ੍ਰਚੱਲਿਤ ਵੱਖ-ਵੱਖ ਧਰਮਾਂ ਦੇ ਉਨ੍ਹਾਂ ਧਾਰਮਿਕ ਆਗੂਆਂ ਦੇ ਏਕਾਧਿਕਾਰ ਦੀ ਨਿੰਦਾ ਕੀਤੀ, ਜਿਨ੍ਹਾਂ ਨੇ ਆਮ ਲੋਕਾਂ ਨੂੰ ਧਾਰਮਿਕ ਆਜ਼ਾਦੀ ਦੇ ਅਧਿਕਾਰ ਤੋਂ ਵਾਂਝੇ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਧਰਮ ਦਾ ਅਸਲ ਅਰਥ ਸਿਖਾਇਆ ਅਤੇ ਉਨ੍ਹਾਂ ਨੇ ਧਰਮ ਦੇ ਨਾਂ ’ਤੇ ਉਨ੍ਹਾਂ ਦੇ ਸ਼ੋਸ਼ਣ ਅਤੇ ਜ਼ੁਲਮ ਤੋਂ ਜਾਣੂ ਕਰਵਾਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੇ ਸਾਰੇ ਧਾਰਮਿਕ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਬਾਹਰੀ ਰੀਤੀ-ਰਿਵਾਜਾਂ ਦੀ ਬਜਾਏ ਆਪਣੇ ਧਾਰਮਿਕ ਉਪਦੇਸ਼ਾਂ ਅਨੁਸਾਰ ਕੰਮ ਕਰਨ ਅਤੇ ਆਪਸੀ ਚਰਚਾ ਜ਼ਰੀਏ ਆਪਣੇ ਮੱਤਭੇਦਾਂ ਨੂੰ ਸੁਲਝਾਉਣ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੇ ਸ਼ਾਸਕਾਂ ਦੀ ਨਿੰਦਾ ਕੀਤੀ, ਜਿਨ੍ਹਾਂ ਨੇ ਧਰਮ ਦੀ ਆਜ਼ਾਦੀ ਦਾ ਅਧਿਕਾਰ ਖੋਹਿਆ। ਉਨ੍ਹਾਂ ਨੇ ਧਾਰਮਿਕ ਆਜ਼ਾਦੀ ਦਾ ਜ਼ੋਰਦਾਰ ਪ੍ਰਚਾਰ ਕੀਤਾ ਅਤੇ ਸਿੱਖ ਗੁਰੂਆਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਇਸ ਪ੍ਰੰਪਰਾ ਨੂੰ ਜਾਰੀ ਰੱਖਿਆ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਮਹਾਨ ਕੁਰਬਾਨੀਆਂ ਦੇ ਕੇ ਨਵਾਂ ਇਤਿਹਾਸ ਸਿਰਜਿਆ, ਜਿਵੇਂ ਕਿ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਹੋਇਆ ਸੀ। ਅਜਿਹੀਆਂ ਕੁਰਬਾਨੀਆਂ ਦੀ ਮਿਸਾਲ ਮਨੁੱਖੀ ਇਤਿਹਾਸ ਵਿਚ ਹੋਰ ਕਿੱਧਰੇ ਨਹੀਂ ਮਿਲਦੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਧਾਰਮਿਕ ਅਧਿਕਾਰਾਂ ਦੀ ਤਰ੍ਹਾਂ ਲੋਕਾਂ ਦੇ ਰਾਜਨੀਤਕ ਅਧਿਕਾਰ ਵੀ ਖ਼ਤਰੇ ’ਚ ਸਨ। ਉਨ੍ਹਾਂ ਨੇ ਆਪਣੀ ਬਾਣੀ ’ਚ ਅਜਿਹੇ ਅੱਤਿਆਚਾਰ ਨੂੰ ਬਿਆਨ ਕੀਤਾ। ਉਨ੍ਹਾਂ ਨੇ ਬਾਬਰ ਵਰਗੇ ਹਮਲਾਵਰਾਂ ਤੋਂ ਆਪਣੀ ਪਰਜਾ ਦੀ ਰੱਖਿਆ ਕਰਨ ਦੇ ਆਪਣੇ ਕਰਤੱਵ ਦੀ ਅਣਦੇਖੀ ਕਰਨ ਲਈ ਸਭ ਤੋਂ ਪਹਿਲਾਂ ਲੋਧੀ ਦੇ ਸਿਆਸੀ ਢਾਂਚੇ ਦੀ ਆਲੋਚਨਾ ਕੀਤੀ।
ਉਨ੍ਹਾਂ ਦੱਬੇ-ਕੁਚਲੇ ਲੋਕਾਂ ’ਚ ਨਵੀਂ ਰੂਹ ਫੂਕਣ ਅਤੇ ਉਨ੍ਹਾਂ ’ਚ ਰਾਜਨੀਤਕ ਚੇਤਨਾ ਜਗਾਉਣ ਦਾ ਯਤਨ ਕੀਤਾ। ਗੁਰੂ ਨਾਨਕ ਦੇਵ ਜੀ ਸਮਾਜ ਦੇ ਹਰ ਵਰਗ ਦੇ ਲੋਕਾਂ ਦਾ ਮਾਣ-ਸਨਮਾਨ ਬਹਾਲ ਕਰਨਾ ਚਾਹੁੰਦੇ ਸਨ ਅਤੇ ਜਾਤ, ਨਸਲ, ਰੰਗ ਅਤੇ ਵਰਗ ਦੇ ਬੰਧਨਾਂ ਨੂੰ ਤੋੜ ਕੇ ਸਾਰੇ ਲੋਕਾਂ ਦੀ ਬਰਾਬਰੀ ਦਾ ਉਪਦੇਸ਼ ਦਿੰਦੇ ਸਨ। ਜਾਤੀ ਭੇਦਭਾਵ ਨੂੰ ਦੂਰ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ 'ਸੰਗਤ' ਅਤੇ 'ਪੰਗਤ' ਦੇ ਸੰਕਲਪਾਂ ਨੂੰ ਪੇਸ਼ ਕੀਤਾ । ਗੁਰੂ ਨਾਨਕ ਦੇਵ ਜੀ ਨੇ ਬਰਾਬਰੀ ਦੇ ਅਧਿਕਾਰ ਦੀ ਵਕਾਲਤ ਕੀਤੀ ਅਤੇ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਦੀ ਨਿੰਦਾ ਕੀਤੀ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰਾਂ ਦੀ ਵਕਾਲਤ ਕੀਤੀ। ਉਨ੍ਹਾਂ ਔਰਤਾਂ ਨਾਲ ਸਬੰਧਤ ਸਾਰੀਆਂ ਸਮਾਜਿਕ ਬੁਰਾਈਆਂ ਦੀ ਨਿਖੇਧੀ ਕੀਤੀ ਅਤੇ ਔਰਤਾਂ ਦੇ ਹੱਕਾਂ ਲਈ ਆਵਾਜ਼ ਉਠਾਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਆਪਣੇ ਅਧਿਕਾਰਾਂ ਨੂੰ ਜਾਣਨ ਅਤੇ ਪਛਾਣਨ ਲਈ ਜਾਗਰੂਕ ਕੀਤਾ।
ਅੱਜ 21ਵੀਂ ਸਦੀ ’ਚ ਮਨੁੱਖੀ ਅਧਿਕਾਰਾਂ ਦੀ ਜੋ ਗੱਲ ਕੀਤੀ ਜਾ ਰਹੀ ਹੈ, ਉਨ੍ਹਾਂ ਹੀ ਅਧਿਕਾਰਾਂ ਦੀ ਗੱਲ ਗੁਰੂ ਨਾਨਕ ਦੇਵ ਜੀ ਨੇ 15ਵੀਂ ਸਦੀ ’ਚ ਹੀ ਕਰ ਦਿੱਤੀ ਸੀ। ਉਨ੍ਹਾਂ ਨੇ ਹਰ ਤਰ੍ਹਾਂ ਦੇ ਜ਼ੁਲਮ, ਸ਼ੋਸ਼ਣ ਤੋਂ ਮੁਕਤ ਨਵੀਂ ਤਰ੍ਹਾਂ ਦੇ ਸਮਾਜ ਦੀ ਕਲਪਨਾ ਕੀਤੀ ਸੀ ਪਰ ਬਦਕਿਸਮਤੀ ਨਾਲ ਅਜੋਕੇ ਹਾਲਾਤ ਗੁਰੂ ਨਾਨਕ ਦੇਵ ਜੀ ਵੱਲੋਂ ਵਰਣਿਤ ਹਾਲਾਤ ਨਾਲੋਂ ਬਹੁਤੇ ਵਧੀਆ ਨਹੀਂ ਹਨ। ਗੁਰੂ ਨਾਨਕ ਦੇਵ ਜੀ ਨੇ ਆਪਣਾ ਸਮੁੱਚਾ ਜੀਵਨ ਮਨੁੱਖਾਂ ਦੇ ਹੱਕਾਂ ਅਤੇ ਸਤਿਕਾਰ ਲਈ ਸਮਰਪਿਤ ਕਰ ਦਿੱਤਾ। ਗੁਰੂ ਨਾਨਕ ਦੇਵ ਜੀ ਦੇ ਮਨੁੱਖੀ ਜੀਵਨ ਦੀ ਮਹੱਤਤਾ ਨੂੰ ਸਮਝਦੇ ਹੋਏ ਸਾਨੂੰ ਸਮੁੱਚੀ ਸਥਿਤੀ ਬਾਰੇ ਨਵੇਂ ਸਿਰੇ ਤੋਂ ਸੋਚਣ ਦੀ ਲੋੜ ਹੈ। ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਸਮਝਣਾ, ਸੁਰਜੀਤ ਕਰਨਾ ਅਤੇ ਲਾਗੂ ਕਰਨਾ ਸਮੇਂ ਦੀ ਸਖ਼ਤ ਲੋੜ ਹੈ। ਮਨੁੱਖਤਾ ਨੂੰ ਨਿਘਾਰ ਤੋਂ ਬਚਾਉਣ ਦਾ ਇਹੀ ਤਰੀਕਾ ਹੈ। ਇਹ ਤਾਂ ਹੀ ਸੰਭਵ ਹੈ ਜਦੋਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਆਪਣਾ ਫਰਜ਼ ਸਮਝਾਂਗੇ ਅਤੇ ਇਹੀ ਸਾਡੇ ਮਹਾਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੀ ਸਾਰਥਿਕਤਾ ਹੋਵੇਗੀ ।
-ਜੋਤੀ ਸ਼ਰਮਾ
ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਸਫ਼ਰ
NEXT STORY