ਭਾਰਤ 'ਚ ਬੱਚਿਆਂ ਦੀ ਸੁਰੱਖਿਆ ਇਕ ਅਹਿਮ ਮੁੱਦਾ ਬਣ ਗਈ ਹੈ ਅਤੇ ਸਕੂਲਾਂ ਨੂੰ ਸੁਰੱਖਿਆ ਦੀ ਨਜ਼ਰ ਤੋਂ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਸੀ ਪਰ ਮੌਜੂਦਾ ਸਮੇਂ ਕਈ ਘਟਨਾਵਾਂ ਹੋਣ ਕਾਰਨ ਮਾਂ-ਬਾਪ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਡਰਨ ਲੱਗ ਪਏ ਹਨ। ਮਾਂ-ਬਾਪ ਬੱਚਿਆਂ ਦੀ ਸੁਰੱਖਿਆਂ ਲਈ ਮੰਹਿਗੀਆਂ ਫੀਸਾਂ ਸਮੇਤ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਬੱਚਿਆਂ ਦੀ ਸਹੀ ਸਲਾਮਤੀ ਲਈ ਉਨ੍ਹਾਂ ਨੂੰ ਖੁਦ ਸਕੂਲ ਛੱਡ ਕੇ ਆਉਂਦੇ ਹਨ ਅਤੇ ਹਰ ਤਰਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਉਨ੍ਹਾਂ ਦੇ ਬੱਚੇ ਸਹੀ ਸਲਾਮਤ ਰਹਿਣ, ਉਨ੍ਹਾਂ ਨੂੰ ਕਿਸੇ ਵੀ ਤਰਾਂ ਦਾ ਕੋਈ ਕਸ਼ਟ ਨਾ ਹੋਵੇ ਪਰ ਫਿਰ ਵੀ ਕੋਈ ਨਾ ਕੋਈ ਅਨਸੁਖਾਵੀਂ ਘਟਨਾ ਵਾਪਰ ਹੀ ਜਾਂਦੀ ਹੈ। ਮਾਪੇ ਬੱਚਿਆਂ ਨੂੰ ਵਧੀਆ ਸਿੱਖਿਆ ਦਿਵਾਉਣ ਲਈ ਸਹੀ ਸਕੂਲ ਦੀ ਚੋਣ ਕਰਦੇ ਹਨ। ਉਹ ਸਮਝਦੇ ਹਨ ਕਿ ਸਕੂਲ ਇਕ ਸਹੀ ਜਗਾ ਹੈ ਜਿੱਥੇ ਉਨ੍ਹਾਂ ਦੇ ਬੱਚੇ ਕਈ ਘੰਟੇ ਸੁਰੱਖਿਅਤ ਰਹਿ ਸਕਦੇ ਹਨ, ਪਰ ਸਕੂਲਾਂ 'ਚ ਸ਼ਰੀਰਕ ਸੋਸ਼ਣ ਅਤੇ ਕਤਲਾਂ ਵਰਗੇ ਜੁਰਮ ਹੋ ਰਹੇ ਹਨ। ਜਿਵੇਂ ਕਿ ਪਰਦਯੂਮਨ ਨਾਲ ਹੋਇਆ ਹੈ। ਉਹ ਆਪਣੇ ਮਾਂ-ਬਾਪ ਦਾ ਲਾਡਲਾ ਪੁੱਤਰ ਸੀ ਜਿਸਦੀ ਬਿਨਾਂ ਕਿਸੇ ਕਸੂਰ ਤੋਂ ਸਕੂਲ 'ਚ ਹੱਤਿਆ ਕਰ ਦਿੱਤੀ ਗਈ ਜੋ ਰਿਯਾਨ ਇੰਟਰਨੈਸ਼ਨਲ ਸਕੂਲ 'ਚ ਦੂਜੀ ਜਮਾਤ ਦਾ ਵਿਦਿਆਰਥੀ ਸੀ। ਇਹ ਇਕ ਬੜੀ ਹੀ ਮੰਦਭਾਗੀ ਘਟਨਾ ਹੈ ਜਿਸਨੇ ਸਭ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਤਾ ਨਹੀਂ ਉਸਦੇ ਮਾਂ-ਬਾਪ ਦੀਆਂ ਕਿੰਨੀਆਂ ਕੁ ਉਮੀਦਾਂ ਉਸ 'ਤੇ ਟਿਕੀਆਂ ਹੋਈਆਂ ਸਨ ਜੋ ਉਸਦੇ ਕਤਲ ਹੋਣ ਦੇ ਨਾਲ ਹੀ ਹਮੇਸ਼ਾਂ ਲਈ ਖਤਮ ਹੋ ਗਈਆਂ ਹਨ।
ਇਕ ਹੋਰ ਤਾਜੀ ਘਟਨਾ ਪਾਣੀਪਤ ਦੇ ਮਿਲੇਨੀਅਮ ਸਕੂਲ ਦੀ ਹੈ ਜਿਥੇ 9 ਸਾਲ ਦੀ ਚੌਥੀ ਜਮਾਤ 'ਚ ਪੜਨ ਵਾਲੀ ਵਿਦਿਆਰਥਣ ਦੇ ਨਾਲ ਸਕੂਲ ਦੇ ਸਫਾਈ ਸੇਵਕ ਵਲੋਂ ਟਾਇਲਟ 'ਚ ਰੇਪ ਦੀ ਕੋਸ਼ਿਸ਼ ਕੀਤੀ ਗਈ। ਇਹ ਜੁਰਮ ਸਿਰਫ ਟਾਇਲਟ 'ਚ ਹੀ ਨਹੀਂ ਸਗੋਂ ਕਲਾਸ ਰੂਮਾਂ 'ਚ ਵੀ ਹੁੰਦਾ ਹੈ। ਲੜਕੇ ਲੜਕੀਆਂ ਨਾਲ ਛੇੜਛਾੜ ਕਰਦੇ ਹਨ, ਅਧਿਆਪਕ ਬੱਚਿਆਂ ਨੂੰ ਪਿਆਰ ਦੁਲਾਰ ਦੇਣ ਦੇ ਬਹਾਨੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਦੇ ਹਨ। ਇਸ ਤੋ ਬਿਨਾਂ ਕਈ ਮਾਮਲੇ ਅਜਿਹੇ ਵੀ ਸਾਹਮਣੇ ਆਏ ਹਨ ਜਿਨ੍ਹਾਂ 'ਚ ਅਧਿਆਪਕਾਂ ਦੁਆਰਾ ਕੁੱਟਣ ਤੇ ਉਨ੍ਹਾਂ ਦੀ ਮੌਤ ਹੋ ਗਈ, ਅਧਿਆਪਕਾਂ ਦੀ ਕੁੱਟਮਾਰ ਦਾ ਸ਼ਿਕਾਰ ਹੋ ਕੇ ਅੰਦਰੋ-ਅੰਦਰੀ ਘੁੱਟਣ ਮਹਿਸੂਸ ਕਰਨ ਜਾਂ ਪੜਾਈ ਛੱਡਣ ਦੇ ਮਾਮਲੇ ਆਮ ਹੋ ਰਹੇ ਹਨ। ਕਈ ਵੱਡੇ ਸਕੂਲਾਂ ਜਾਂ ਕਾਲਜਾਂ 'ਚ ਰੈਗਿੰਗ ਹੁੰਦੀ ਹੈ, ਸੀਨੀਅਰ ਵਿਦਿਆਰਥੀ ਯੂਨੀਅਰਾਂ ਉਪਰ ਜੁਰਮ ਕਰਦੇ ਹਨ ਅਤੇ ਬੇਇਜਤ ਕਰਦੇ ਹਨ ਜਿਸ ਕਾਰਨ ਜਿਥੇ ਵੱਡੀਆਂ ਕਲਾਸਾਂ ਦੇ ਵਿਦਿਆਰਥੀ ਪੜਾਈ ਤੱਕ ਛੱਡ ਚੁੱਕੇ ਹਨ ਉਥੇ ਹੀ ਰੈਗਿੰਗ ਦਾ ਮਾਮਲਾ ਖੁਦਕੁਸ਼ੀਆਂ ਤੱਕ ਪਹੁੰਚ ਚੁੱਕਾ ਹੈ। ਰੈਗਿੰਗ ਦੀਆਂ ਵੀਡੀਓ ਸ਼ੋਸ਼ਲ ਮੀਡੀਏ ਤੇ ਅਸੀਂ ਹਰ ਰੋਜ਼ ਦੇਖਦੇ ਹਾਂ ਕਿ ਕਿਸ ਤਰ੍ਹਾਂ ਸਕੂਲਾਂ 'ਚ ਸਰੀਰਕ ਜਾਂ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਨਾਲ ਅਨਿਆਂ ਹੁੰਦਾ ਹੈ। ਬੱਚਿਆਂ ਦੀ ਜਿਣਸ਼ੀ ਛੇੜਛਾੜ ਦੇ ਮਾਮਲਿਆਂ 'ਚ 'ਦੀ ਪ੍ਰੋਟਕਸ਼ਨ ਆਫ ਚਿਲਡਰਨ ਫਰੋਮ ਸੈਕਸੂਅਲ ਆਫੈਂਸਜ (ਪੀ ਓ ਸੀ ਐਸ ਓ ਐਕਟ) ਐਕਟ 2012 ਤਹਿਤ ਮਾਮਲਾ ਦਰਜ ਕੀਤਾ ਜਾਂਦਾ ਹੈ ਜਿਸਦੇ ਵੱਖ ਵੱਖ ਕਾਰਨਾਂ ਦੀ ਵੱਖਰੀ ਵੱਖਰੀ ਸਜਾ ਹੈ। ਇਸ ਐਕਟ ਤਹਿਤ ਉਮਰ ਕੈਦ ਅਤੇ ਜੁਰਮਾਨਾ ਤੱਕ ਹੋ ਸਕਦਾ ਹੈ। ਰੈਗਿੰਗ ਤਹਿਤ ਇੰਡੀਅਨ ਪੈਨਲ ਕੋਡ ਦੀ ਧਾਰਾ 319, 320, 321, 322 ਅਤੇ 323 (ਸਰੀਰਕ ਤੇ ਮਾਨਸ਼ਿਕ ਨੁਕਸਾਨ ਪਹੁੰਚਾਉਣਾ, ਸਵੈ ਇੱਛਾ ਨਾਲ ਜਾਂ ਹੋਰ, ਗੰਭੀਰ ਸੱਟ ਆਦਿ) ਤਹਿਤ ਮਾਮਲਾ ਦਰਜ ਹੁੰਦਾ ਹੈ ਅਤੇ ਦੋਸ਼ੀ ਨੂੰ ਇਕ ਸਾਲ ਤੱਕ ਦੀ ਜੇਲ•ਜਾਂ ਜੁਰਮਾਨਾ ਜਾਂ ਦੋਨੋਂ ਹੀ ਹੋ ਸਕਦੇ ਹਨ। ਧਾਰਾ 334 (ਪ੍ਰੇਸ਼ਾਨ ਹੋਣ ਤੇ ਸੱਟ ਲੱਗਣ ਕਾਰਨ) ਤਹਿਤ ਇਕ ਮਹੀਨੇ ਦੀ ਜੇਲ•ਜਾਂ ਪੰਜ ਸੌ ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਧਾਰਾ 335 (ਗੁੱਸੇ ਹੋਣ ਕਾਰਨ ਗੜ•ਬੜ ਹੋਣ ਕਾਰਨ) ਤਹਿਤ 4 ਸਾਲ ਦੀ ਸਜਾ ਜਾਂ ਜੁਰਮਾਨਾਂ ਜਾਂ ਦੋਵੇਂ ਹੋ ਸਕਦੇ ਹਨ। ਇਸ ਤੋਂ ਇਲਾਵਾ ਧਾਰਾ 336, 337, 338, 339, 341, 340, 342, 349, 350, 351 ਦੀਆਂ ਧਾਰਾਵਾਂ ਵੀ ਵੱਖ ਵੱਖ ਕਾਰਨਾਂ ਤੇ ਜੁੜ ਸਕਦੀਆਂ ਹਨ ਜਿਸ ਤਹਿਤ ਵੱਖ ਵੱਖ ਪ੍ਰਕਾਰ ਦੀ ਜੇਲ•ਅਤੇ ਜੁਰਮਾਨੇ ਦੀ ਸਜਾ ਦੀ ਵਿਵਸਥਾ ਰੱਖੀ ਗਈ ਹੈ। ਲੜਕੀਆਂ ਦੇ ਮਾਮਲੇ ਵਿਚ ਧਾਰਾ 354 ਵੀ ਲੱਗ ਸਕਦੀ ਹੈ ਜਿਸ ਤਹਿਤ 2 ਸਾਲ ਦੀ ਜੇਲ•ਤੇ ਜੁਰਮਾਨਾ ਹੋ ਸਕਦਾ ਹੈ। ਮਾਮਲਾ ਗੰਭੀਰ ਛੇੜਛਾੜ, ਬਲਾਤਕਾਰ ਜਾਂ ਸਮੂਹਿਕ ਬਲਾਤਕਾਰ ਵਰਗੀ ਸਟੇਜ ਤੇ ਪੰਹੁਚ ਜਾਣ ਤੇ ਧਾਰਾ 375, 376, 376 ਏ/ਬੀ/ਸੀ/ਡੀ ਵਰਗੀਆਂ ਸੰਗੀਨ ਧਾਰਾਵਾਂ ਲੱਗ ਜਾਂਦੀਆਂ ਹਨ ਤੇ ਸਜਾ ਬਹੁਤ ਸਖਤ ਹੁੰਦੀ ਹੈ। ਸੁਰੱਖਿਆ ਦੇ ਪਹਿਲੂਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਦਿਆਰਥੀਆਂ ਨੂੰ ਅਜਿਹੀ ਜਾਣਕਾਰੀ ਵੀ ਨਾਲ ਦੀ ਨਾਲ ਦੇਣੀ ਚਾਹੀਦੀ ਹੈ ਜੋ ਉਨ੍ਹਾਂ ਨੂੰ ਅਪਰਾਧ ਕਰਨ ਤੋਂ ਰੋਕਦੀ ਹੈ ਜਾਂ ਅਪਣੇ ਨਾਲ ਹੁੰਦੇ ਅਪਰਾਧ ਤੋਂ ਬਚਾਓ ਲਈ ਮਜਬੂਤ ਕਰਦੀ ਹੈ। ਮਾੜੀ ਸੋਚ ਦੇ ਲੋਕਾਂ ਨਾਲ ਲੜ•ਨ ਲਈ ਅੰਦਰੂਨੀ ਤਾਕਤ ਦਿੰਦੀ ਹੈ। ਅਜਿਹਾ ਕਰਨ ਨਾਲ ਵੱਡੇ ਬੱਚਿਆਂ ਦੀ ਸੁਰੱਖਿਆ ਨਾਲ ਸਬੰਧਿਤ ਮਸਲਿਆਂ ਨੂੰ ਤਾਂ ਕਾਫੀ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ ਪਰ ਛੋਟੇ ਬੱਚਿਆਂ ਦੇ ਸੰਬਧ 'ਚ ਮਾਪਿਆਂ, ਅਧਿਆਪਕਾਂ, ਸਕੂਲ ਪ੍ਰਬੰਧਕਾਂ ਅਤੇ ਸਮਾਜ ਨੂੰ ਹੀ ਅਪਣੀ ਜਿੰਮੇਵਾਰੀ ਸਮਝਣੀ ਹੋਵੇਗੀ।
ਹਰ ਕੋਈ ਆਖਦਾ ਹੈ ਕਿ ਸਕੂਲ ਬੱਚਿਆਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਦਾ ਹੈ ਇਸ ਲਈ ਸਹੀ ਦੇਣ ਵਾਲਿਆਂ ਨੂੰ ਬਦਲਦੇ ਸਮੇਂ ਨਾਲ ਆਪਣੇ ਆਪ ਨੂੰ ਬਦਲਣਾ ਹੋਵੇਗਾ। ਭਾਵ ਜਦੋਂ ਤੱਕ ਬੱਚੇ ਮੈਨੇਜਮੈਂਟ ਅਤੇ ਅਧਿਆਪਕਾਂ ਦੀ ਨਿਗਰਾਨੀ 'ਚ ਰਹਿੰਦੇ ਹਨ ਉਦੋਂ ਤੱਕ ਉਨ੍ਹਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਵੀ ਇਨ੍ਹਾਂ ਦੋਵਾਂ ਦੀ ਹੁੰਦੀ ਹੈ।ਵੱਡੇ ਪ੍ਰਾਈਵੇਟ ਸਕੂਲਾਂ ਵਿਚ ਤਾਂ ਮਾਂ-ਬਾਪ ਨੂੰ ਸਕੂਲ ਜਾਂ ਕਲਾਸ ਰੂਮ ਦੇ ਅੰਦਰ ਜਾਣ ਦੀ ਇਜਾਜਤ ਨਹੀਂ ਹੁੰਦੀ, ਪਰ ਪ੍ਰਦਯੂਮਨ ਦੀ ਹੋਈ ਹੱਤਿਆ ਤੇ ਸੋਚਣ ਵਾਲੀ ਗੱਲ ਇਹ ਹੈ ਸਕੂਲ 'ਚ ਕੰਡਕਟਰ ਨੂੰ ਜਾਣ ਦੀ ਇਜਾਜਤ ਕਿਉਂ ਮਿਲੀ? ਉਸਨੂੰ ਬੱਚਿਆਂ ਦੇ ਬਾਥਰੂਮ 'ਚ ਕਿਉਂ ਜਾਣ ਦਿੱਤਾ ਗਿਆ? ਕਿਸੇ ਨੇ ਉਸਨੂੰ ਰੋਕਿਆ ਕਿਉਂ ਨਹੀਂ? ਉਸਨੂੰ ਚਾਕੂ ਲਿਜਾਂਦੇ ਹੋਏ ਕਿਸੇ ਨੇ ਦੇਖਿਆ ਕਿਉਂ ਨਹੀਂ? ਮਨ 'ਚ ਅਜਿਹੇ ਕਈ ਸਵਾਲ ਸਕੂਲ ਦੇ ਖਿਲਾਫ ਉੱਠਦੇ ਹਨ ਜਿਨ੍ਹਾਂ ਦਾ ਜਵਾਬ ਕਿਸੇ ਕੋਲ ਨਹੀਂ ਹੈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਹਰ ਸਕੂਲ ਅਤੇ ਕਾਲਜਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਜਿਨ੍ਹਾਂ ਨੇ ਅਪਣੀ ਸੋਚ ਨੂੰ ਸਿਰਫ ਜਿਆਦਾ ਦਾਖਲਾ ਫੀਸਾਂ ਵਸੂਲਣਾ ਜਾਂ ਆਨੇ ਬਹਾਨੇ ਨਾਲ ਮਾਪਿਆਂ ਦੀ ਆਰਥਿਕ ਲੁੱਟ ਕਰਨ ਤੱਕ ਹੀ ਸੀਮਿਤ ਰੱਖਿਆ ਹੋਇਆ ਹੈ। ਹਰ ਸਾਲ ਦਾਖਲੇ ਦੇ ਨਾਮ ਤੇ ਮੋਟੀਆਂ ਫੀਸਾਂ ਲੈ ਕੇ ਇਨ੍ਹਾਂ ਨੇ ਸਿੱਖਿਆ ਨੂੰ ਵਪਾਰ ਬਣਾ ਕੇ ਰੱਖ ਦਿੱਤਾ ਹੈ ਜੋ ਕਿ ਬਹੁਤ ਹੀ ਸ਼ਰਮਨਾਕ ਕਾਰਾ ਹੈ।
ਜੇਕਰ ਕਿਸੇ ਅਣਸੁਖਾਵੀਂਆਂ ਘਟਨਾਵਾਂ (ਜੋ ਹੁਣ ਬੱਚਿਆਂ ਦੇ ਕਤਲਾਂ ਤੱਕ ਪਹੁੰਚ ਗਈਆਂ ਹਨ) ਬਾਰੇ ਸਕੂਲਾਂ 'ਚ ਲੱਗੇ ਕੈਮਰਿਆਂ ਦੀ ਗੱਲ ਕਰੀਏ ਤਾਂ ਪਹਿਲਾਂ ਤਾਂ ਕੈਮਰੇ ਲੱਗੇ ਹੀ ਨਹੀ ਹੁੰਦੇ, ਜੇਕਰ ਲੱਗੇ ਹੋਣ ਤਾਂ ਉਹ ਖਰਾਬ ਹੁੰਦੇ ਹਨ। ਕਈ ਸਕੂਲਾਂ ਨੇ ਸੁਰੱਖਿਆ ਦੇ ਨਾਮ ਤੇ ਸਕੂਲਾਂ 'ਚ ਮਾੜੀ ਗੁਣਵੱਤਾ ਦੇ ਕੈਮਰੇ ਲਗਾ ਕੇ ਅੱਖਾਂ 'ਚ ਘੱਟਾ ਪਾਉਣ ਦਾ ਹੀ ਕੰਮ ਕੀਤਾ ਹੁੰਦਾ ਹੈ ਲੋੜ ਪੈਣ ਤੇ ਅਜਿਹੇ ਕੈਮਰੇ ਅਗੂੰਠਾ ਦਿਖਾ ਦਿੰਦੇ ਹਨ। ਬੱਚਿਆਂ ਨਾਲ ਮਾੜੀ ਘਟਨਾ ਵਾਪਰਨ ਤੋਂ ਰੋਕਣ ਲਈ ਕੈਮਰਿਆਂ ਦਾ ਚੰਗੀ ਹਾਲਤ 'ਚ ਚੱਲਣਾ ਬਹੁਤ ਜਰੂਰੀ ਹੈ। ਕੈਮਰੇ ਕਲਾਸ ਰੂਮਾਂ ਦੇ ਨਾਲ ਨਾਲ ਟਾਇਲਟ ਦੇ ਬਾਹਰ ਵੀ ਲੱਗਣੇ ਜਰੂਰੀ ਹਨ ਤਾਂ ਜੋ ਹਰ ਅਧਿਆਪਕ, ਬੱਚਿਆਂ ਅਤੇ ਸਕੂਲ ਸਟਾਫ 'ਤੇ ਨਿਗਰਾਨੀ ਰੱਖੀ ਜਾ ਸਕੇ। ਕੁੱਝ ਅਜਿਹੇ ਗੁਪਤ ਕੈਮਰੇ ਵੀ ਲਗਾਉਣੇ ਚਾਹੀਦੇ ਹਨ ਜਿਨ੍ਹਾਂ ਦੀ ਜਾਣਕਾਰੀ ਸਕੂਲ ਦੇ ਚੰਦ ਜਿੰਮੇਵਾਰ ਮੋਹਤਵਾਰਾਂ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਹੋਣਾ ਚਾਹੀਦੀ ਕਿਉਂਕਿ ਹੁਣ ਆਮ ਸਾਹਮਣੇ ਆ ਰਿਹਾ ਹੈ ਕਿ ਜੁਰਮ ਕਰਨ ਵਾਲੇ ਸ਼ਾਤਰ ਦਿਮਾਗੀ ਸਭ ਤੋਂ ਪਹਿਲਾਂ ਘਟਨਾ ਸਥਾਨ 'ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦੇ ਹਨ। ਸਕੂਲ ਸਟਾਫ ਅਤੇ ਵਿਦਿਆਰਥੀਆਂ ਦੇ ਟਾਇਲਟ ਵੱਖ-ਵੱਖ ਹੋਣ ਤੋਂ ਇਲਾਵਾ ਸਕੂਲ 'ਚ ਆਉਂਦੇ ਬਾਹਰੀ ਲੋਕਾਂ ਦੇ ਟਾਇਲਟ ਵੀ ਵੱਖਰੇ ਹੋਣੇ ਚਾਹੀਦੇ ਹਨ।
ਸਕੂਲੀ ਵਾਹਨਾਂ ਦੀ ਗੱਲ ਕਰੀਏ ਤਾਂ ਇਹਨਾਂ 'ਚ ਵੀ ਬੱਚੇ ਸੁਰੱਖਿਅਤ ਨਹੀਂ ਹਨ। ਕਈ ਵਾਰ ਡਰਾਇਵਰਾਂ ਦੀ ਲਾਪਰਵਾਹੀ ਕਾਰਨ ਵਾਹਨ ਦੁਰਘਟਨਾ ਗ੍ਰਸਤ ਹੋ ਜਾਂਦੇ ਹਨ। ਡਰਾਇਵਰ ਸ਼ਰਾਬ ਪੀ ਕੇ ਵਾਹਨ ਚਲਾਉਂਦੇ ਹਨ ਅਤੇ ਬੱਚਿਆਂ ਦੀ ਜਿੰਦਗੀ ਨਾਲ ਖਿਲਵਾੜ ਕਰਦੇ ਹਨ। ਭਰਤੀ ਵੇਲੇ ਘੱਟ ਤਨਖਾਹ ਦੇਣ ਦੇ ਲਾਲਚ ਵਿਚ ਸਕੂਲਾਂ ਦੁਆਰਾ ਉਨ੍ਹਾਂ ਦੇ ਪਿਛੋਕੜ ਬਾਰੇ ਪੁੱਛ-ਪੜਤਾਲ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਉਨ੍ਹਾਂ ਤੋਂ ਕਿਸੇ ਜ਼ਿੰਮੇਵਾਰ ਵਿਅਕਤੀ ਜਾਂ ਅਧਿਕਾਰੀ ਦੁਆਰਾ ਤਸਦੀਕਸ਼ੁਦਾ ਚਰਿੱਤਰ ਸਰਟੀਫਿਕੇਟ ਲਿਆ ਜਾਂਦਾ ਹੈ। ਰਿਪੋਰਟ ਦੇ ਅਨੁਸਾਰ ਭਾਰਤ 'ਚ ਹਰ ਸਾਲ 41 ਫੀਸਦੀ ਬੱਚੇ ਐਕਸੀਡੈਂਟ ਨਾਲ ਮਰ ਜਾਂਦੇ ਹਨ ਅਤੇ ਇਸ ਤੋਂ ਵੱਧ ਜਖਮੀ ਹੋ ਜਾਂਦੇ ਹਨ। ਅਕਸਰ ਇਹ ਵੀ ਦੇਖਿਆ ਗਿਆ ਹੈ ਕਿ ਬੱਚੇ ਸਕੂਲ ਬੱਸਾਂ ਦੀਆਂ ਖਿੜਕੀਆਂ 'ਚ ਖੜੇ ਹੁੰਦੇ ਹਨ ਜਿਸਦੇ ਕਾਰਨ ਸੜਕ ਤੇ ਗਿਰਨ ਦਾ ਖਤਰਾ ਬਣਿਆ ਹੁੰਦਾ ਹੈ। ਸਕੂਲੀ ਆਟੋ, ਰਿਕਸ਼ੇ ਜਾਂ ਬੱਸਾਂ 'ਚ ਲੋੜ ਤੋਂ ਵੱਧ ਬੱਚੇ ਭਰੇ ਹੁੰਦੇ ਹਨ। ਬਹੁਤੇ ਸਕੂਲੀ ਵਾਹਨਾਂ ਦੀ ਹਾਲਤ ਖਸਤਾ ਹੁੰਦੀ ਹੈ। ਵਾਹਨਾਂ 'ਚ ਨਾ ਤਾਂ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੁੰਦੇ ਹਨ ਅਤੇ ਨਾ ਹੀ ਲੜਕੀਆਂ ਦੀ ਸੁਰੱਖਿਆ ਲਈ ਵੱਖਰੇ ਤੌਰ ਤੇ ਲੇਡੀਜ਼ ਕੰਡਕਟਰ ਦਾ ਪ੍ਰਬੰਧ ਹੁੰਦਾ ਹੈ। ਜਿਹਨਾਂ ਵਾਹਨਾਂ 'ਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੁੰਦੇ ਹਨ ਉਨ੍ਹਾਂ ਦਾ ਕੁਨੈਕਸ਼ਨ ਵੀ ਸਕੂਲ ਦੇ ਕੈਮਰਿਆਂ ਨਾਲ ਹੋਣਾ ਚਾਹੀਦਾ ਹੈ।
ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜਰ ਘਰ 'ਚ ਮਾਪੇ, ਰਸਤੇ ਵਿਚ ਸਮਾਜ/ ਡਰਾਈਵਰ ਤੇ ਕੰਡਕਟਰ, ਸਕੂਲ 'ਚ ਸਕੂਲ ਦਾ ਸਟਾਫ ਆਪਣੀ ਆਪਣੀ ਜ਼ਿੰਮੇਵਾਰੀ ਸਮਝੇ। ਛੋਟੀਆਂ ਛੋਟੀਆਂ ਗੱਲਾਂ ਨੂੰ ਨਜ਼ਰ ਅੰਦਾਜ ਕਰਨ ਦੀ ਬਜਾਏ ਉਨ੍ਹਾਂ 'ਤੇ ਧਿਆਨ ਦੇਣ ਅਤੇ ਅਮਲ ਕਰਨ ਦੀ ਬਹੁਤ ਜ਼ਿਆਦਾ ਜਰੂਰਤ ਹੈ। ਕਿਸੇ ਵੀ ਅਣਜਾਣ ਵਿਆਕਤੀ 'ਤੇ ਵਿਸ਼ਵਾਸ ਕਰਨ ਤੇ ਜਾਣਕਾਰ ਵਿਆਕਤੀ ਤੇ ਅੰਨਾ ਵਿਸ਼ਵਾਸ ਕਰਨ ਦੀ ਆਦਤ ਨੂੰ ਤਿਆਗਣਾ ਹੋਵੇਗਾ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸਾਡੇ ਬੱਚੇ ਕਿਤੇ ਵੀ ਸੁਰੱਖਿਅਤ ਨਹੀਂ ਹਨ।
ਜਰਨਲਿਸਟ ਗੁਰਿੰਦਰ ਕੌਰ ਮਹਿਦੂਦਾਂ
ਐਮ ਏ ਜਰਨਲਿਜਮ ਐਂਡ ਮਾਸ ਕਮਿਊਨੀਕੇਸ਼ਨ
92179-18897
ਤੂੰ ਬਾਵਿਆ ਟਾਈਮ ਗੁਆਇਆ
NEXT STORY