ਮੈਂ ਹਰ ਗੱਲ ਹਰ ਗੱਲ ਤੇਰੀ ਮੰਨਾ ਵੇ
ਮੇਰੀ ਵੀ ਗੱਲ ਸੁਣ ਗੱਲ ਸੁਣ ਚੰਨਾ ਵੇ …..
ਖਾ ਲੈ ਰੋਟੀ ਪੀ ਲੱਸੀ ਵਾਲਾ ਛੰਨਾ ਵੇ
ਤੂੰ ਨਾਲ ਚੱਲ ਮੇਰੇ ਚੱਲ ਮੇਰੇ ਚੰਨਾ ਵੇ
ਮੇਰੀ ਗੱਲ ਸੁਣ ਗੱਲ ਸੁਣ ਚੰਨਾ ਵੇ …..
ਚੜ੍ਹਿਆ ਸਾਵਣ ਪੇਕੇ ਫੇਰਾ ਪਾਉਣਾ ਮੈਂ
ਕੁਝ ਦਿਨ ਬਾਬਲ ਦੇ ਡੇਰਾ ਲਾਉਣਾ ਮੈਂ
ਜਵਾਕਾਂ ਤੋਂ ਭੂਆ ਭੂਆ ਕਹਾਉਣਾ ਮੈਂ
ਲੈ ਚੱਲ ਮੈਨੂੰ ਵੇਖੀਂ ਪਾਵੀਂ ਨਾ ਨੰਨਾ ਵੇ
ਮੇਰੀ ਵੀ ਗੱਲ ਸੁਣ ਗੱਲ ਸੁਣ ਚੰਨਾ ਵੇ …..
ਜੁਗ ਜੁਗ ਜੀਵੇ ਮੇਰੀ ਅਮੜੀ ਦਾ ਜਾਇਆ
ਸਦਾ ਸੁਹਾਗਣ ਭਾਬੋ ਮੱਥੇ ਵੱਟ ਨਾ ਪਾਇਆ
ਸੁਖੀ ਵਸੇ ਚਾਚਾ ਸੁਖੀ ਵਸੇ ਮੇਰਾ ਤਾਇਆ
ਮਿਲਾ ਲਿਆ ਉਹਨਾਂ ਨੂੰ ਹੱਥ ਤੇਰੇ ਬੰਨਾ ਵੇ
ਮੇਰੀ ਵੀ ਗੱਲ ਸੁਣ ਗੱਲ ਸੁਣ ਚੰਨਾ ਵੇ …..
ਅਮੜੀ ਵਾਲਾ ਸੂਹਾ ਸੂਟ ਮੈਂ ਪਾਉਣਾ ਏ
ਸੱਸੜੀ ਵਾਲਾ ਹਾਰ ਗਲ 'ਚ ਸਜਾਉਣਾ ਏ
ਸੁਖੀ ਵਸਦੀ ਲਾਡੋ ਬਾਪੂ ਨੂੰ ਜਤਾਉਣਾ ਏ
ਜਿਹੜਾ ਲਾਵੇ ਨਜਰ ਡੇਲੇ ਉਹਦੇ ਭੰਨਾ ਵੇ
ਮੇਰੀ ਵੀ ਗੱਲ ਸੁਣ ਗੱਲ ਸੁਣ ਚੰਨਾ ਵੇ …..
ਚੰਨਾ ! ਕਦੀ ਸਹੇਲੀਆਂ ਕੋਲ ਮੈਂ ਵਸਦੀ ਸਾਂ
ਚੰਨਾ ! ਆਪਣੀ ਮੰਗਣੀ ਦੀ ਗੱਲ ਦੱਸਦੀ ਸਾਂ
ਚੰਨਾ ! ਨਾਲ ਉਹਨਾਂ ਉੱਚੀ ਉੱਚੀ ਹੱਸਦੀ ਸਾਂ
ਚੰਨਾ ! ਲੈ ਆਇਓਂ ਮੈਨੂੰ ਬਣ ਮੇਰਾ ਬੰਨਾ ਵੇ
ਮੇਰੀ ਵੀ ਗੱਲ ਸੁਣ ਗੱਲ ਸੁਣ ਚੰਨਾ ਵੇ …..
ਰਾਂਝੇ ਨਾਲ ਬੈਠ ਗਈ ਉਹਦੀ ਹੀਰ ,ਅਸ਼ਕੇ
ਨਿੱਕਲੀ ਘਰੋਂ ਗੱਡੀ ਜਿਉਂ ਕਮਾਨੋ ਤੀਰ, ਅਸ਼ਕੇ
ਬੁੱਲੀਆਂ ਤੇ ਹੈ ਹਾਸਾ ਅੱਖੀਆਂ 'ਚ ਨੀਰ, ਅਸ਼ਕੇ
ਪੇਕਿਆਂ ਨੂੰ ਲੈ ਜਾਵੇ ਮਾਹੀ ਖੁਸ਼ ਹੋਵਣ ਰੰਨਾਂ ਵੇ
(ਮਨਜੀਤ ਸਿੰਘ ਬੱਧਣ)
ਕਿਸਨੇ ਮੁਕਾਇਆ ਧਰਤੀ ਹੇਠਲਾ ਪਾਣੀ ?
NEXT STORY