ਮਨੁੱਖ ਬੁੱਧੀਧਾਰੀ ਜੀਵ ਹੋਣ ਨਾਤੇ ਨਵੇਂ ਨਕੋਰ ਪੈਂਡੇ ਤੈਅ ਕਰਦਾ ਇੱਕ ਪੁਰਾਤਨ ਖਿੰਡਰੇ-ਪੁੰਡਰੇ ਸਮਾਜਿਕ ਸਿਸਟਮ 'ਚੋ ਨਿਕਲ ਸੰਗਠਿਤ ਅਧੁਨਿਕ ਗਲੋਬਲੀ ਪਿੰਡ 'ਚ ਜੀਵਨ ਬਸਰ ਕਰ ਰਿਹਾ ਹੈ ।ਸੰਚਾਰ ਸਾਧਨਾ ਅਤੇ ਤਕਨੀਕੀ ਉੱਨਤੀ ਨੇ ਉਸਦੀ ਜੀਵਨ ਸ਼ੈਲੀ ਨੂੰ ਪਰਿਵਰਤਿਤ ਕਰ ਦਿੱਤਾ ਹੈ। ਇਕ ਅਲੱਗ ਕਿਸਮ ਦੇ ਗਿਆਨ ਭੰਡਾਰ ਨਾਲ ਉਸ ਦੀ ਮਾਨਸਿਕਤਾ ਨੱਕੋ-ਨੱਕੀ ਭਰ ਚੁੱਕੀ ਹੈ।ਜਿਸਦੇ ਪ੍ਰਭਾਵ ਸਦਕਾ ਹਰੇਕ ਵਰਗ ਨੇ ਪੂਰਨ ਤੌਰ ਤੇ ਭੋਤਿਕਵਾਦੀ ਦ੍ਰਿਸ਼ਟੀਕੋਣ ਅਪਣਾ ਲਿਆ ਹੈ।ਦੌਲਤ-ਸ਼ੌਹਰਤ ਦੀ ਭੁੱਖ,ਦਿਖਾਵਾ ਪ੍ਰਵਿਰਤੀ,ਸਮਾਜਿਕ ਅਹੁਦੇ ਦੀ ਲਾਲਸਾ ਨੇ ਉਸਦੀਆਂ ਕਦਰਾਂ-ਕੀਮਤਾਂ ਨੂੰ ਬਦਲ ਦਿੱਤਾ ਹੈ।ਇਸੇ ਕਾਰਨ ਅੰਦਰੂਨੀ,ਮਾਨਸਿਕ ਅਤੇ ਬਾਹਰੀ, ਦੁਨਿਆਵੀ ਤੌਰ ਤੇ ਇੱਕ ਖਲਾਅ ਤੇਜੀ ਨਾਲ ਡੂੰਘੇਰਾ ਹੋ ਰਿਹਾ ਹੈ। ਬਾਹਰੀ ਖੁਸ਼ੀ ਦਿਖਾਵਾ ਜਾਂ ਰਸਮ ਮਾਤਰ ਹੈ ਪਰ ਮਾਨਸਿਕ ਤੌਰ ਤੇ ਪਰੇਸ਼ਾਨੀ ਕਈ ਤਰਾਂ ਦੇ ਮਾਨਸਿਕ ਰੋਗਾਂ ਨੂੰ ਜਨਮ ਦੇ ਰਹੀ ਹੈ।ਇਹ ਮਾਨਸਿਕ ਰੋਗ ਸਿੱਧੇ ਜਾਂ ਅਸਿੱਧੇ ਸਹਿਣਸ਼ੀਲਤਾ ਲਈ ਘਾਤਕ ਸਿੱਧ ਹੋ ਰਹੇ ਹਨ ਜਿਸ ਕਾਰਨ ਹਿੰਸਾਤਮਕ ,ਅਸੱਭਿਅਕ ਅਤੇ ਅਣਮੁਨੁੱਖੀ ਮਾਨਸਿਕ ਪ੍ਰਗਟਾਅ ਵਧ ਰਿਹਾ ਹੈ।
ਭਾਰਤੀ ਸੰਸਕ੍ਰਿਤੀ 'ਚ ਵੱਖਰਾਪਨ ਹੋਣ ਦਾ ਕਾਰਨ ਰਿਸ਼ਤਿਆਂ ਵਿਚਲੀ ਮਧੁਰਤਾ ਹੈ। ਪੁਰਾਤਨ ਸਮਾਜ 'ਚ ਸੰਯੁਕਤ ਪਰਿਵਾਰ ਪ੍ਰਣਾਲੀ ਅਧੀਨ ਸਾਰੇ ਪਰਿਵਾਰਕ ਮੈਂਬਰਾ ਵਿੱਚਕਾਰ ਆਪਸੀ ਸਾਂਝ ਹੋਣ ਦਾ ਕਾਰਨ ਆਦਰ-ਸਤਿਕਾਰ,ਪਿਆਰ ਆਦਿ ਵਰਗੀਆਂ ਕਦਰਾਂ ਕੀਮਤਾਂ ਸਨ। ਸੰਯੁਕਤ ਪਰਿਵਾਰਾਂ ਦਾ ਇਕਹਰੇ ਪਰਿਵਾਰਕ ਸਿਸਟਮ 'ਚ ਪਰਿਵਰਤਿਤ ਹੋਣ ਦਾ ਕਾਰਨ ਭੋਤਿਕਵਾਦ 'ਚੋਂ ਉਪਜੇ ਸਵਾਰਥੀਪਣ,ਲਾਲਚ ਆਦਿ ਔਗੁਣ ਹਨ ਪਰ ਹੁਣ ਇਕਹਿਰੇ ਪਰਿਵਾਰਾਂ 'ਚ ਵੀ ਸਾਂਝ ਖਤਮ ਹੁੰਦੀ ਜਾ ਰਹੀ ਹੈ ।ਪਵਿੱਤਰ ਮੰਨੇ ਜਾਂਦੇ ਰਿਸ਼ਤਿਆਂ ਵਿਚਕਾਰ ਕੁੜੱਤਣ ਵਧ ਗਈ ਹੈ। ਖੂਨ ਦੇ ਰਿਸ਼ਤਿਆਂ ਸਿਰ ਖੂਨ ਸਵਾਰ ਹੋਣ ਕਾਰਨ ਦਿਲ ਨੂੰ ਝੰਜੋੜਨ ਅਤੇ ਰਿਸ਼ਤਿਆਂ ਦਾ ਘਾਣ ਕਰਨ ਵਾਲੀਆਂ ਘਟਨਾਵਾਂ ਅਸੀਂ ਆਮ ਸੁਣਦੇ ਹਾਂ। ਇਨ੍ਹਾਂ ਘਟਨਾਵਾਂ ਦੀ ਪਿਠਭੂਮੀ ਭੌਤਿਕਤਾ ਨੇ ਹੀ ਤਿਆਰ ਕੀਤੀ ਹੈ ਉਦਾਰਹਨ ਵਜੋਂ ਦਾਜ ਦੀ ਮੰਗ ਕਰਨਾ ਸਿੱਧੇ ਤੌਰ ਤੇ ਭੌਤਿਕਵਾਦ ਦੀ ਲਾਲਸਾ ਵੱਲ ਸੰਕੇਤ ਹੈ ਦਾਜ ਨਾ ਦੇਣ ਤੇ ਪਤਨੀ ਜਾਂ ਨੂੰਹ ਨੂੰ ਮਾਰਨਾ ਇਸ 'ਚੋਂ ਉਪਜੀ ਘਟਨਾ ਹੈ।ਜਾਇਦਾਦ ਜਾਂ ਜਮੀਨ ਹਰ ਕੋਈ ਲਾਲਚ ਵੱਸ ਪ੍ਰਾਪਤ ਕਰਨੀ ਚਾਹੁੰਦਾ ਹੈ ਪਰ ਇਨ੍ਹਾਂ ਨੂੰ ਹੜੱਪਣ ਦੀ ਕੋਸ਼ਿਸ਼ ਨਾਲ ਆਪਸੀ ਸੰਬੰਧ ਕਤਲ ਜਾਂ ਖੂਨ ਤੱਕ ਪੁੱਜ ਜਾਣਾ ਭੋਤਿਕਵਾਦ ਦੀ ਦੇਣ ਹੈ ।ਚਰਿੱਤਰ 'ਚ ਗਿਰਾਵਟ ਪਤੀ-ਪਤਨੀ ਦੇ ਸੰਬੰਧਾਂ 'ਚ ਤਣਾਅ ਪੈਦਾ ਕਰਦੀ ਹੈ ਇਹ ਵੀ ਭੋਤਿਕਵਾਦ 'ਚੋਂ ਮਿਲੀ ਖੁੱਲ ਅਤੇ ਰਿਸ਼ਤਿਆਂ ਦੀ ਅਹਿਮੀਅਤ ਦੇ ਘੱਟ ਹੋਣ ਦਾ ਨਤੀਜਾ ਹੈ । ਰਿਸ਼ਤਿਆਂ ਵਿਚਕਾਰ ਫਿਰ ਤੋਂ ਸਾਂਝ ਸਥਾਪਿਤ ਕਰਨਾ ਇੱਕ ਸਿਹਤਮੰਦ ਸਮਾਜ ਲਈ ਬਹੁਤ ਜ਼ਰੂਰੀ ਹੈ ਭੌਤਿਕਵਾਦੀ ਹੋਣਾ ਮਾੜਾ ਨਹੀਂ ਪਰ ਨੈਤਿਕ ਕਦਰਾਂ ਕੀਮਤਾਂ ਨੂੰ ਭੁੱਲ ਭੌਤਿਕਵਾਦ ਪਿੱਛੇ ਅੰਨੇ ਹੋਣਾ ਮਾੜਾ ਹੈ। ਭੌਤਿਕਤਵਾਦ 'ਚੋਂ ਨਿਕਲ ਅਤੇ ਸਰਵਪ੍ਰਮਾਣਿਤ ਪ੍ਰਤੀਮਾਨਾ ਅਨੁਸਾਰ ਰਿਸ਼ਤਿਆਂ ਨੂੰ ਅਹਿਮੀਅਤ ਦੇਣਾ ਇੱਕ ਪਰਿਵਾਰ ਅਤੇ ਸਮਾਜ ਲਈ ਬਹੁਤ ਜਰੂਰੀ ਹੈ।
ਅੰਮ੍ਰਿਤਪਾਲ ਸਿੰਘ ਸੰਧੂ
ਪਿੰਡ ਤੇ ਡਾਕਖਾਨਾ ਬਾੜੀਆਂ ਕਲਾਂ
ਜਿਲਾ ਹੁਸ਼ਿਆਰਪੁਰ
94649-29718
ਮੇਰੀ ਮਾਂ ਦੀਆਂ ਦਿੱਤੀਆਂ ਦੁਆਵਾਂ...
NEXT STORY