ਮੇਰੀ ਮਾਂ ਦੀਆਂ ਦਿੱਤੀਆਂ ਦੁਆਵਾਂ...
ਇਕ ਵਾਰੀ ਵੀ ਨਹੀਂ ਸਗੋਂ ਬਹੁਤ ਵਾਰੀ ਮਾਂ ਹਰ ਪਲ ਮੱਥਾ ਚੁੰਮਦੀ ਸੀ। ਹਮੇਸ਼ਾ ਮਾਂ ਮਿੱਟੀ ਨਾਲ ਮਿੱਟੀ ਹੋਈ ਰਹਿੰਦੀ ਸੀ। ਜੇਠ, ਹਾੜ ਦੀਆਂ ਧੁੱਪਾਂ 'ਚ ਮਾਂ ਬੈਠ ਰੋਟੀਆਂ ਲਾਉਂਦੀ ਸੀ। ਭੋਰਾ ਵੀ ਖਿਆਲ ਨਹੀਂ ਕਰਦੀ ਸੀ, ਧੁੱਪੇ ਬਹਿਣ ਦਾ, ਫਿਰ ਦੁਪਹਿਰ ਵੇਲ੍ਹੇ ਹੀ ਪਾਥੀਆਂ ਪੱਥਣ ਲੱਗ ਜਾਣਾ। ਪਾਥੀਆਂ 'ਤੇ ਜੋ ਮਾਂ ਦੀਆਂ ਉਂਗਲਾਂ ਉਹ ਦਿਲ 'ਚ ਇਕ ਵੱਖਰੀ ਥਾਂ ਬਣਾ ਲੈਦੀਆਂ ਨੇ, ਭਾਵੇਂ ਅਸੀਂ ਮਾਂ ਦਾ ਕਰਜ਼ ਚੁਕਾ ਨਹੀਂ ਸਕਦੇ ਪਰ ਦਿਲੋਂ ਸੇਵਾ ਤਾਂ ਜ਼ਰੂਰ ਕਰ ਸਕਦੇ ਹਾਂ । ਮਾਂ ਆਪਣੇ ਬੱਚਿਆਂ ਨੂੰ ਦਿਲੋਂ ਬੇਹਦ ਪਿਆਰ ਕਰਦੀ ਹੈ। ਮਾਂ ਆਪਣੇ ਤੋਂ ਜ਼ਿਆਦਾ ਬੱਚਿਆਂ ਲਈ ਰੱਬ ਤੋਂ ਦੁਆਵਾਂ ਮੰਗਦੀ ਹੈ। ਮੈਂ ਆਪਣੀ ਮਾਂ ਦੇ ਇਕੱਲੇ- ਇੱਕਲੇ ਫਰਜਾਂ ਨੂੰ ਯਾਦ ਕਰਦਾ ਹਾਂ। ਜਦੋਂ ਮੇਰੀ ਮਾਤਾ ਜੀ ਬਿਮਾਰ ਸਨ। ਫਿਰ ਵੀ ਮਾਂ ਮੇਰੇ ਲਈ ਸਭ ਕੁਝ ਕਰਦੀ ਸੀ। ਮੈਨੂੰ ਚੋਟ ਨਹੀਂ ਆਉਣ ਦਿੰਦੀ ਸੀ। ਮੇਰੀ ਮਾਂ ਮੈਨੂੰ ਦੁੱਖਾਂ 'ਚ ਨਹੀਂ ਵੇਖ ਸਕਦੀ ਸੀ। ਮਾਂ ਦੀ ਵੇਹੜੇ 'ਚ ਲਾਈ ਮਿੱਟੀ ਮੀਂਹ ਆਉਣ ਤੇ ਏਦਾਂ ਸੁਗੰਧ ਪੈਦਾ ਕਰਦੀ ਸੀ।ਜਿਵੇਂ ਕਿ ਉਹ ਮਨ ਦੀ ਖੁਰਾਕ ਹੋਵੇ। ਜਦੋਂ ਮਾਂ ਮੈਨੂੰ ਸਕੂਲ ਜਾਣ ਲਈ ਤਿਆਰ ਕਰਦੀ, ਤਦ ਮੇਰੇ ਰੋਟੀ ਵਾਲੇ ਡਿੱਬੇ 'ਚ ਚੂਰੀ ਦੀਆਂ ਪਿੰਨੀਆਂ ਪਾ ਦਿੰਦੀ, ਉਦੋਂ ਮਨ ਬਹੁਤ ਉਤਾਵਲਾ ਹੁੰਦਾ ਕਿ ਮਾਂ ਮੇਰਾ ਕਿੰਨਾ ਖਿਆਲ ਰੱਖਦੀ ਹੈ। ਫਿਰ ਜਦੋਂ ਸਕੂਲੋਂ ਘਰ ਪਰਤ ਆਉਣਾ ਉਦੋਂ ਮਾਂ ਨੇ ਕੋਲ ਬਿਠਾ ਕੇ ਪੜ੍ਹਾਉਣਾ। ਫਿਰ ਜੱਦੋ -ਜਹਿਦ ਕਰਦੇ ਹੋਏ ਨੇ ਖੇਡਣ ਤੁਰ ਜਾਣਾ 'ਤੇ ਸ਼ਾਮੀ ਲਿਬੜ ਕੇ ਘਰੇ ਮੁੜ ਆਉਂਦਾ ਸੀ। ਫਿਰ ਮਾਂ ਦਾ ਪਿਆਰ ਉਦਾਂ ਹੀ ਬਰਕਰਾਰ ਰਹਿੰਦਾ ਸੀ। ਘੂਰ ਵੀ ਮਿੱਠੀ ਜਿਹੀ ਦੇਣੀ। ਉਦੋਂ ਦਾ ਵੇਲਾ ਬਹੁਤ ਅੱਲ੍ਹੜ ਜਿਹਾ ਸੀ। ਘਰ ਵੀ ਕੱਚੀਆਂ ਇੱਟਾਂ ਦੇ ਹੀ ਸਨ। ਹਰ ਘਰ 'ਚ ਰੁੱਖ ਹੁੰਦਾ ਸੀ। ਉਦੋਂ ਸਵੇਰੇ ਵੇਲੇ ਹੀ ਮੁਟਿਆਰਾਂ ਦੁੱਧ ਰਿੜਕ ਦੀਆਂ ਸਨ। ਸ਼ਾਮ ਤੱਕ ਹਰ ਘਰ 'ਚ ਖੁਸ਼ੀ ਦਾ ਮਹੌਲ ਹੁੰਦਾ ਸੀ। ਦੁਪਹਿਰ ਦੇ ਵਕਤ ਮੁਟਿਆਰਾਂ ਤੂਤਾਂ ਹੇਠ ਬੈਠ ਚਾਦਰਾਂ, ਕਸੀਦੇ, ਸੂਹੇ ਫੁੱਲਾਂ ਨਾਲ ਫੁਲਕਾਰੀਆਂ ਸਜਾਇਆ ਕਰਦੀਆਂ ਸਨ। ਉਦੋਂ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸਨ। ਮੇਰੇ ਨਾਲ ਦੇ ਤੂਤਾਂ ਦੀਆਂ ਠੰਡੀਆਂ ਛਾਂਵਾਂ ਹੇਠ ਬੈਠ ਕੇ ਖੂਬ ਖੇਡਦੇ ਸੀ। ਉਨ੍ਹਾਂ ਦਿਨਾਂ 'ਚ ਮੇਰੀ ਮਾਤਾ ਜੀ ਗੱਲਾਂ ਕਰਦੇ ਸੀ ਕਿ ਮੈਂ ਆਪਣੇ ਪੁੱਤ ਲਈ ਸਵੈਟਰ ਬਣਾ ਰਹੀ ਹਾਂ । ਉਦੋਂ ਵੀ ਮੇਰਾ ਮਨ ਖੇਡਾਂ ਤੋਂ ਹੱਟ ਮਾਂ ਵੱਲ ਚਲਿਆ ਜਾਂਦਾ ਸੀ। ਫਿਰ ਸੋਚੀਂ ਪੈ ਜਾਂਦਾ ਕਿ ਮਾਂ ਮੇਰੇ ਲਈ ਕਿੰਨਾ ਚੰਗਾ ਸੋਚਦੀ ਆ। ਉਨ੍ਹਾਂ ਦਿਨਾਂ ਵਿੱਚ ਗਰਮੀ ਦੀਆਂ ਛੁੱਟੀਆਂ ਸਨ। ਉਦੋਂ ਮਾਂ ਮੈਨੂੰ ਨਵਾ ਕੇ ਮੇਰੀ ਛਾਤੀ 'ਤੇ ਘਿਓ ਮਲਦੀ ਸੀ। ਮਾਂ ਮੈਨੂੰ ਪਿਆਰ ਅਤੇ ਲਾਡ ਲੜਾਉਂਦੀ ਸੀ। ਜੇਕਰ ਮੈਨੂੰ ਖੇਡਦੇ ਸਮੇਂ ਸੱਟ ਲੱਗਣੀ ਤਦ ਪਹਿਲਾਂ ਮਾਂ ਭੱਜੀ ਆਉਂਦੀ ਸੀ। ਆਉਂਦੇ ਸਾਰ ਮਾਂ ਮੇਰੀ ਸੱਟ 'ਤੇ ਫੂਕ ਮਾਰਦੀ ਸੀ। ਮਾਂ ਵੱਲੋਂ ਮਾਰੀ ਫੂਕ ਮੇਰੇ ਦਰਦ ਦੀ ਦਵਾ ਬਣ ਜਾਂਦੀ। ਫਿਰ ਮੈਂ ਰੋਂਦੇ-ਰੋਂਦੇ ਹੱਸ ਪੈਂਦਾ ਸੀ।ਸਵੇਰੇ ਮਾਂ ਗੁਰੂ ਘਰ ਜਾਂਦੀ 'ਤੇ ਹਮੇਸ਼ਾਂ ਮੇਰੀ ਲੰਮੀ ਉਮਰ ਲਈ
ਦੁਆਵਾਂ ਮੰਗਦੀ ਸੀ। ਇੰਨੀਆਂ ਖੁਸ਼ੀਆਂ, ਏਨੇ ਅਰਮਾਨ ਮਾਂ ਮੇਰੀ ਝੋਲੀ ਭਰਦੀ ਰਹਿੰਦੀ। ਮੇਰੀ ਮਾਂ ਮੈਂਨੂੰ ਹਮੇਸ਼ਾ ਖੁਸ਼ ਰੱਖਦੀ ਸੀ, ਭਾਵੇਂ ਮਾਂ ਆਪ ਗਿੱਲੀ ਥਾਂ 'ਤੇ ਸੋਂਦੀ ਸੀ। ਪਰ ਮੈਨੂੰ ਸੁੱਕੀ ਥਾਂ 'ਤੇ ਪਾ ਦਿੰਦੀ। ਫਿਰ ਇਹੀ ਕਹਿ ਰਿਹਾ ਹਾਂ। ਮਾਂ-ਪਿਉ ਨਾ ਮਿਲਣੇ ਦੁਬਾਰਾ, ਭੁੱਲ ਜਾਵੀਂ ਨਾ ਦਿੱਤੀਆਂ ਦੁਆਵਾਂ, ਮਾਂ-ਪਿਉ ਵਰਗਾ ਨਾ ਕਿਤੇ ਸਹਾਰਾ।
-ਜਮਨਾ ਸਿੰਘ, ਗੋਬਿੰਦਗੜ੍ਹ,
ਜ਼ਿਲ੍ਹਾ :(ਲੁਧਿ),
ਫੋਨ:98724-62794