ਪੂਰੀ ਦੁਨੀਆ ਦੇ ਨਾਲ ਸਾਡੇ ਦੇਸ਼ ਵਿੱਚ ਵੀ ਹਰ ਸਾਲ 12 ਜੂਨ ਨੂੰ ਵਿਸ਼ਵ ਬਾਲ ਮਜ਼ਦੂਰੀ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ ਪਰ ਅਫ਼ਸੋਸ ਹੈ ਕਿ ਅੱਜ ਵੀ 14 ਸਾਲ ਤੋਂ ਘੱਟ ਉਮਰ ਦੇ ਹਰ 5 ਬੱਚਿਆਂ ਵਿੱਚੋਂ ਇੱਕ ਮਜ਼ਦੂਰੀ ਕਰ ਰਿਹਾ ਹੈ। ਕਰੋੜਾਂ ਹੀ ਗ਼ਰੀਬ ਮਾਸੂਮ ਬੱਚਿਆਂ ਦਾ ਬਚਪਨ ਬਾਲ ਮਜ਼ਦੂਰੀ ਨੇ ਖੋਹ ਲਿਆ ਹੈ। ਭਾਵੇਂ ਸੰਵਿਧਾਨ ਦੀ ਧਾਰਾ 24 ਅਨੁਸਾਰ ਬੱਚਿਆਂ ਤੋਂ ਖ਼ਤਰਨਾਕ ਥਾਵਾਂ ‘ਤੇ ਕੰਮ ਕਰਵਾਉਣਾ ਕਾਨੂੰਨੀ ਜੁਰਮ ਹੈ, ਜਿਸ ਲਈ ਤਿੰਨ ਮਹੀਨੇ ਦੀ ਸਜ਼ਾ ਤੇ 10 ਤੋਂ 20 ਹਜ਼ਾਰ ਤੱਕ ਦਾ ਜੁਰਮਾਨਾ ਤੈਅ ਕੀਤਾ ਗਿਆ ਹੈ ਪਰ ਫਿਰ ਵੀ ਸਰਮਾਏਦਾਰੀ ਢਾਂਚੇ ਅੰਦਰ ਬਾਲ ਮਜ਼ਦੂਰੀ ਬੰਦ ਨਹੀਂ ਕੀਤੀ ਜਾ ਰਹੀ।
ਬਾਲ ਮਜ਼ਦੂਰੀ ਦਾ ਰੁਝਾਨ ਸ਼ਹਿਰੀ ਖੇਤਰਾਂ ਨਾਲੋਂ ਜ਼ਿਆਦਾ ਪੇਂਡੂ ਖੇਤਰਾਂ ਵਿੱਚ ਹੈ। ਪੇਂਡੂ ਤਬਕੇ ਦੇ ਲੋਕ ਆਪਣੇ ਬੱਚਿਆਂ ਨੂੰ ਸ਼ਹਿਰੀ ਖੇਤਰਾਂ ਵਿੱਚ ਮਜ਼ਦੂਰੀ ਲਈ ਭੇਜ ਦਿੰਦੇ ਹਨ ਅਤੇ ਇਹ ਬੱਚੇ ਸ਼ਹਿਰਾਂ ਵਿੱਚ ਕਾਰਖਾਨਿਆਂ, ਦੁਕਾਨਾਂ, ਹੋਟਲਾਂ, ਢਾਬਿਆਂ ’ਤੇ ਕੰਮ ਕਰਦੇ ਹਨ। ਉਹ ਬਹੁਤ ਸਖ਼ਤ ਹਾਲਾਤ ਵਿੱਚ ਗੰਦਗੀ ਤੇ ਮਾਰੂ ਅਸਰ ਵਾਲੀਆਂ ਖ਼ਤਰਨਾਕ ਥਾਵਾਂ ’ਤੇ ਕੰਮ ਕਰਨ ਲਈ ਮਜਬੂਰ ਹਨ। ਬਾਲ ਮਜ਼ਦੂਰੀ ਦੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਗ਼ਰੀਬੀ ਹੈ ਅਤੇ ਗ਼ਰੀਬੀ ਕਰਕੇ ਅਨਪੜ੍ਹਤਾ ਹੈ। ਇਸ ਹਾਲਾਤ ਵਿੱਚ ਜਦੋਂ ਮਾਂ-ਬਾਪ ਪਰਿਵਾਰ ਦੇ ਗੁਜ਼ਾਰੇ ਦੀ ਫਿਕਰ ਵਿੱਚ ਰਹਿੰਦੇ ਹਨ ਤਾਂ ਉਹ ਮਜਬੂਰੀ ਵਸ ਆਪਣੇ ਬੱਚਿਆਂ ਨੂੰ ਮਜ਼ਦੂਰੀ ਵਾਸਤੇ ਘਰੋਂ ਭੇਜਦੇ ਹਨ; ਜਿਵੇਂ ਕਿ-ਘਰਾਂ ਵਿੱਚ, ਖੇਤੀਬਾੜੀ, ਹੋਟਲਾਂ, ਢਾਬਿਆਂ, ਫੈਕਟਰੀਆਂ, ਉਸਾਰੀ ਦੇ ਕੰਮਾਂ ਵਿੱਚ। ਬਾਲ ਮਜ਼ਦੂਰੀ ਦਾ ਸਰਮਾਏਦਾਰਾਂ ਨੂੰ ਸਭ ਤੋਂ ਵੱਡਾ ਫ਼ਾਇਦਾ ਇਹ ਹੁੰਦਾ ਹੈ ਕਿ ਬੱਚੇ ਮਾਲਕ ਦੀ ਡਾਂਟ-ਫਿਟਕਾਰ ਚੁੱਪ-ਚਾਪ ਸਹਿ ਲੈਂਦੇ ਹਨ ਤੇ ਉਨ੍ਹਾਂ ਦੇ ਵਿਰੋਧ ਕਰਨ ਦਾ ਖ਼ਤਰਾ ਵੀ ਨਹੀਂ ਹੁੰਦਾ। ਇਸੇ ਕਰਕੇ ਮਾਲਕ ਉਨ੍ਹਾਂ ਤੋਂ ਘੱਟ ਤਨਖ਼ਾਹ ’ਤੇ ਵੱਧ ਕੰਮ ਲੈਂਦੇ ਹਨ। ਇਸ ਤਰ੍ਹਾਂ ਬੱਚਿਆਂ ਦਾ ਮਾਨਸਿਕ ਤੇ ਸਰੀਰਕ ਦੋਵੇਂ ਤਰ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਬਹੁਤ ਸਾਰੇ ਗ਼ਰੀਬ ਮਾਪੇ ਆਪਣੇ ਬੱਚਿਆਂ ਨੂੰ ਛੋਟੀ ਉਮਰੇ ਹੀ ਆਪਣੇ ਨਾਲ ਮਜ਼ਦੂਰੀ ਕਰਨ ਲੈ ਜਾਂਦੇ ਹਨ ਜਿਨ੍ਹਾਂ ਵਿਚ ਜ਼ਿਆਦਾਤਰ ਭੱਠਿਆਂ,ਸੜਕ ਨਿਰਮਾਣ ਅਤੇ ਫੈਕਟਰੀਆਂ ਵਿਚ ਲੱਗੇ ਮਜ਼ਦੂਰ ਹਨ। ਹਰ ਸਾਲ ਦੀਵਾਲੀ ’ਤੇ ਅਸੀਂ ਵੱਡੇ-ਵੱਡੇ ਪਟਾਕੇ, ਆਤਿਸ਼ਬਾਜ਼ੀ ਚਲਾਉਂਦੇ ਹਾਂ ਤੇ ਖ਼ੁਸ਼ ਹੁੰਦੇ ਹਾਂ ਪਰ ਇਹ ਨਹੀਂ ਸੋਚਦੇ ਕਿ ਜਾਨ ਜ਼ੋਖ਼ਮ ਵਿੱਚ ਪਾ ਕੇ ਇਹ ਬਾਰੂਦ ਨਾਲ ਭਰੇ ਪਟਾਕੇ ਬਣਾਉਂਦਾ ਕੌਣ ਹੈ? ਇਹ ਉਨ੍ਹਾਂ ਛੋਟੇ-ਛੋਟੇ ਬੱਚਿਆਂ ਦੁਆਰਾ ਬਣਾਏ ਜਾਂਦੇ ਹਨ, ਜਿਹੜੇ ਉਦਾਸੀਆਂ ਅੱਖਾਂ ਨਾਲ ਸਿਰਫ਼ ਇਨ੍ਹਾਂ ਖ਼ੁਸ਼ੀਆਂ ਨੂੰ ਵੇਖਣ ਜੋਗੇ ਹੁੰਦੇ ਹਨ। ਕੱਪੜਾ ਬਣਾਉਣ ਦੇ ਕਾਰਖਾਨਿਆਂ ਵਿੱਚ ਬੱਚੇ ਮਜ਼ਦੂਰੀ ਕਰ ਰਹੇ ਹਨ, ਜਿਨ੍ਹਾਂ ਨੂੰ ਹਫ਼ਤੇ ਦੇ 6-7 ਦਿਨ ਰੋਜ਼ਾਨਾ 12-12 ਘੰਟੇ ਕੰਮ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਸਾਨੂੰ ਘਰਾਂ ਤੇ ਹੋਟਲਾਂ ਵਿੱਚ ਛੋਟੇ-ਛੋਟੇ ਬੱਚੇ ਕੰਮ ਕਰਦੇ ਦਿਖਾਈ ਦਿੰਦੇ ਹਨ। ਖ਼ੁਦ ਢਿੱਡੋਂ ਭੁੱਖੇ ਇਹ ਬੱਚੇ ਦੂਜਿਆਂ ਨੂੰ ਵੰਨ-ਸੁਵੰਨੇ ਪਕਵਾਨ ਬਣਾ ਕੇ ਪਰੋਸ ਰਹੇ ਹੁੰਦੇ ਹਨ। ਇਸ ਤੋਂ ਇਲਾਵਾ ਹੋਰ ਵੀ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿੱਚ ਬਾਲ ਮਜ਼ਦੂਰ ਹਨ, ਜੋ ਉਸਾਰੀ, ਮੁਰੰਮਤ ਆਦਿ ਦੇ ਕੰਮਾਂ ਵਿੱਚ ਲੱਗੇ ਹੋਏ ।
ਇਨ੍ਹਾਂ ਬਾਲ ਮਜ਼ਦੂਰਾਂ ਨੂੰ ਭੀਖ ਮੰਗਣ ਤੋਂ ਲੈ ਕੇ ਘਰੇਲੂ ਕੰਮ, ਢਾਬਿਆਂ ‘ਤੇ ਭਾਂਡੇ ਮਾਂਜਣ, ਪੈਂਚਰ ਲਾਉਣ, ਭੱਠੀ ਵਿਚ ਕੋਲਾ ਸੁੱਟਣ, ਖ਼ਤਰਨਾਕ ਕੈਮੀਕਲ ਨਾਲ ਕੱਪੜੇ ਜਾਂ ਚਮੜੇ ਦੀ ਰੰਗਾਈ ਕਰਨ, ਰੋੜੀ ਕੁੱਟਣਾ , ਖੇਤਾਂ ਵਿਚ ਕੰਮ ਕਰਨਾ ਆਦਿ ਬਹੁਤ ਸਾਰੇ ਕੰਮ ਕਰਨੇ ਪੈਂਦੇ ਹਨ। ਇੱਕ ਪਾਸੇ ਇਹੋ ਜਿਹਾ ਬਚਪਨ ਹੈ ਜਿਨ੍ਹਾਂ ਨੂੰ ਜ਼ਿਦਗੀ ਦੀ ਹਰ ਸਹੂਲਤ ਮਿਲਦੀ ਹੈ ਅਤੇ ਇਹ ਬੱਚੇ ਬਚਪਨ ਦਾ ਪੂਰਾ ਅਨੰਦ ਲੈਂਦੇ ਹਨ ਪਰ ਦੂਜੇ ਪਾਸੇ ਬਹੁਤ ਹੀ ਗ਼ਰੀਬ ਲੋਕਾਂ ਦੇ ਬੱਚਿਆਂ ਦਾ ਬਚਪਨ ਬਾਲ ਮਜ਼ਦੂਰੀ ਹੇਠਾਂ ਦਬ ਕੇ ਰਹਿ ਜਾਂਦਾ ਹੈ।
ਬਾਲ ਮਜ਼ਦੂਰੀ ਦਿਵਸ ਕੌਮਾਂਤਰੀ ਪੱਧਰ ‘ਤੇ ਮਨਾਉਣ ਦੀ ਸ਼ੁਰੂਆਤ ਇਸ ਲਈ ਕੀਤੀ ਗਈ ਕਿ ਦੁਨੀਆ ਵਿਚ ਇਹ ਕੰਮ ਬੱਚਿਆਂ ਤੋਂ ਨਾ ਕਰਵਾਏ ਜਾਣ ਅਤੇ ਬੱਚੇ ਉਹ ਕੰਮ ਕਰਨ, ਜੋ ਉਨ੍ਹਾਂ ਨੂੰ ਬਚਪਨ ਦਾ ਅਹਿਸਾਸ ਕਰਵਾਉਣ, ਭਾਵ ਉਨ੍ਹਾਂ ਦਾ ਕੰਮ ਪੜ੍ਹਨਾ-ਲਿਖਣਾ, ਖੇਡਣਾ ਅਤੇ ਹਲਕੀਆਂ-ਫੁਲਕੀਆਂ ਸ਼ਰਾਰਤਾਂ ਕਰਨਾ ਹੀ ਹੋਵੇ। ਅਸੀਂ ਬੱਚਿਆਂ ਨੂੰ ‘ਦੇਸ਼ ਦਾ ਭਵਿੱਖ’ ਕਹਿੰਦੇ ਨਹੀਂ ਥੱਕਦੇ ਪਰ ਸਵਾਲ ਇਹ ਹੈ ਕਿ ਕੀ ਮਜ਼ਦੂਰੀ ਕਰਨ ਵਾਲੇ ਇਹ ਬੱਚੇ ਦੇਸ਼ ਦਾ ਭਵਿੱਖ ਨਹੀਂ ਹਨ?
ਦੁਨੀਆ ਦੀ ਗੱਲ ਕੀ ਕਰੀਏ, ਭਾਰਤ ਵਿਚ ਹੀ ਕਰੋੜਾਂ ਬਾਲ ਮਜ਼ਦੂਰ ਹਨ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇ ਇਹ ਕਰੋੜਾਂ ਬੱਚੇ ਭੀਖ ਮੰਗਣ ਜਾਂ ਮਜ਼ਦੂਰੀ ਕਰਨ ਦੀ ਥਾਂ ਪੜ੍ਹ-ਲਿਖ ਕੇ ਕੁਝ ਬਣਨ ਦੇ ਰਾਹ ‘ਤੇ ਚੱਲਦੇ ਤਾਂ ਦੇਸ਼ ਨੂੰ ਕਿੰਨਾ ਸਮਾਜਿਕ ਤੇ ਆਰਥਿਕ ਫ਼ਾਇਦਾ ਹੁੰਦਾ। ਅਸਲੀਅਤ ਇਹ ਹੈ ਕਿ ਬਾਲ ਮਜ਼ਦੂਰੀ ਦੀ ਮਜਬੂਰੀ ਨੂੰ ਗ਼ਰੀਬੀ ਦਾ ਬਹਾਨਾ ਬਣਾ ਕੇ ਟਾਲ ਦਿੱਤਾ ਜਾਂਦਾ ਹੈ ਪਰ ਸਵਾਲ ਇਹ ਉਠਦਾ ਹੈ ਕਿ ਸਰਕਾਰਾਂ ਗ਼ਰੀਬੀ ਨੂੰ ਦੂਰ ਕਰਨ ਲਈ ਕੋਈ ਠੋਸ ਕਦਮ ਕਿਉਂ ਨਹੀਂ ਚੁੱਕਦੀਆਂ ? ਭਾਰਤ ਨੂੰ ਆਬਾਦੀ ਵਧਣ ਤੋਂ ਰੋਕਣ ਲਈ ਵੀ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਬਾਲ ਮਜ਼ਦੂਰੀ ਸਬੰਧੀ ਸਾਨੂੰ ਵੀ ਆਪਣੀ ਸੋਚ ਬਦਲਣੀ ਪਵੇਗੀ ਇੱਕ ਅਮੀਰ ਪਰਿਵਾਰ ਵਿਚ ਇਕ ਪਾਸੇ ਸਾਫ਼-ਸੁਥਰੀ ਡ੍ਰੈੱਸ ਪਹਿਨੀ ਬੱਚੇ ਸਕੂਲ ਜਾਣ ਲਈ ਤਿਆਰ ਹਨ ਅਤੇ ਦੂਜੇ ਪਾਸੇ ਇੱਕ ਗ਼ਰੀਬ ਘਰ ਦੇ ਉਸਦੇ ਹਾਣੀ ਬੱਚੇ ਉਸੇ ਘਰ ਵਿਚ ਨੌਕਰ ਹਨ , ਤਾਂ ਇਨ੍ਹਾਂ ਹਮ ਉਮਰ ਬੱਚਿਆਂ ਦੀ ਸੋਚ ਦਾ ਅੰਦਾਜ਼ਾ ਲਾਓ। ਇਕ ਨੇ ਹੁਕਮ ਚਲਾਉਣਾ ਹੈ, ਤਾਂ ਦੂਜੇ ਨੇ ਹੁਕਮ ਮੰਨਣਾ ਹੈ। ਜੇ ਉਸ ਤੋਂ ਕੋਈ ਗ਼ਲਤੀ ਹੋ ਜਾਵੇ ਤਾਂ ਸਜ਼ਾ ਮਿਲਣੀ ਤੈਅ ਹੈ। ਇਸੇ ਤਰ੍ਹਾਂ ਕਿਸੇ ਕਾਰਖਾਨੇ ਜਾਂ ਦੁਕਾਨ ਵਿਚ ਗਰਮੀ, ਸਰਦੀ, ਬਰਸਾਤ ਵਿਚ ਦਿਨ-ਰਾਤ ਭੁੱਖੇ ਢਿੱਡ ਜਾਂ ਰੁੱਖੀ-ਸੁੱਕੀ ਰੋਟੀ ਖਾ ਕੇ ਕੰਮ ਕਰਨ ਵਾਲੇ 8-9 ਤੋਂ 12-14 ਸਾਲ ਦੀ ਉਮਰ ਦੇ ਬੱਚੇ ਨੂੰ ਜ਼ਰਾ ਜਿੰਨੀ ਗ਼ਲਤੀ ‘ਤੇ ਤਸ਼ੱਦਦ ਝੱਲਣਾ ਪੈਂਦਾ ਹੈ। ਕੀ ਇਹ ਗੱਲਾਂ ਇਹ ਸੋਚਣ ਲਈ ਮਜਬੂਰ ਨਹੀਂ ਕਰਦੀਆਂ ਕਿ ਦੁਨੀਆ ਭਰ ਦੀ ਗੱਲ ਕਰਨ ਦੀ ਬਜਾਏ ਆਪਣੇ ਹੀ ਦੇਸ਼ ‘ਚੋਂ ਇਸ ਬੁਰਾਈ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਉਨ੍ਹਾਂ ਉਪਾਵਾਂ ਬਾਰੇ ਸੋਚਿਆ ਜਾਵੇ, ਜਿਨ੍ਹਾਂ ਨਾਲ ਬਾਲ ਮਜ਼ਦੂਰਾਂ ਨੂੰ ਇਸ ਨਰਕ ‘ਚੋਂ ਕੱਢਿਆ ਜਾ ਸਕੇ।
ਬਾਲ ਮਜ਼ਦੂਰੀ ਦੀ ਵਜ੍ਹਾ ਸਾਡਾ ਸੁਆਰਥੀ ਹੋਣਾ ਵੀ ਹੋ ਸਕਦਾ ਹੈ। ਬੱਚਿਆਂ ਦਾ ਖੁੱਸਿਆ ਬਚਪਨ ਵਾਪਿਸ ਲਿਆਉਣ ਦਾ ਕੰਮ ਕਰਨ ਵਿਚ ਜਿੰਨਾ ਪੁੰਨ ਮਿਲ ਸਕਦਾ ਹੈ, ਓਨਾ ਸ਼ਾਇਦ ਤੀਰਥਾਂ ਦੀ ਯਾਤਰਾ ਅਤੇ ਪੂਜਾ-ਪਾਠ ਕਰਨ ਨਾਲ ਵੀ ਨਾ ਮਿਲੇ। ਇਨਾਂ ਬੱਚਿਆਂ ਦੀ ਪੜ੍ਹਾਈ ਵਾਸਤੇ ਅਸੀਂ ਸਮਾਜ ਸੇਵਾ ਦੇ ਕੰਮ ਵੀ ਕਰ ਸਕਦੇ ਹਾਂ। ਬਾਲ ਮਜ਼ਦੂਰੀ ਦਾ ਸਭ ਤੋਂ ਵੱਡਾ ਬੁਰਾ ਨਤੀਜਾ ਇਹ ਹੁੰਦਾ ਹੈ ਕਿ ਇਨ੍ਹਾਂ ਬੱਚਿਆਂ ਨੂੰ ਪੜ੍ਹਾਈ-ਲਿਖਾਈ ਬੇਕਾਰ ਲੱਗਣ ਲੱਗਦੀ ਹੈ ਕਿਉਂਕਿ ਮਾਲਕਾਂ ਵਲੋਂ ਉਨ੍ਹਾਂ ਨਾਲ ਅਜਿਹਾ ਸਲੂਕ ਕੀਤਾ ਜਾਂਦਾ ਹੈ ਕਿ ਸਕੂਲ ਦੇ ਨਾਂ ਤੋਂ ਹੀ ਉਨ੍ਹਾਂ ਨੂੰ ਚਿੜ੍ਹ ਹੋਣ ਲੱਗਦੀ ਹੈ। ਉਨ੍ਹਾਂ ਦੇ ਮਨ ਵਿਚ ਇਹ ਗੱਲ ਬਿਠਾ ਦਿੱਤੀ ਜਾਂਦੀ ਹੈ ਕਿ ਪੜ੍ਹਨ ਤੋਂ ਬਾਅਦ ਵੀ ਉਨ੍ਹਾਂ ਦੀ ਆਮਦਨ ਜ਼ਿੰਦਗੀ ਭਰ ਓਨੀ ਨਹੀਂ ਹੋਵੇਗੀ, ਜਿੰਨੀ ਉਨ੍ਹਾਂ ਦੀ ਹੁਣ ਹੈ।
ਬਾਲ ਮਜ਼ਦੂਰੀ ਰੋਕਣ ਲਈ ਜੋ ਕਾਨੂੰਨ ਬਣੇ ਹਨ, ਉਨ੍ਹਾਂ ਦੀ ਵਰਤੋਂ ਜਿਸ ਢਿੱਲ-ਮੱਠ ਨਾਲ ਹੁੰਦੀ ਹੈ, ਉਸ ਵਿਚ ਸਿਆਸੀ ਦਬਾਅ ਤੇ ਰਿਸ਼ਵਤਖੋਰੀ ਦਾ ਬੋਲਬਾਲਾ ਹੁੰਦਾ ਹੈ। ਇਸ ਹਾਲਤ ਵਿਚ ਸਰਕਾਰ ਅਤੇ ਕਾਨੂੰਨ ਤੋਂ ਜ਼ਿਆਦਾ ਉਮੀਦ ਰੱਖਣ ਦੀ ਬਜਾਏ ਬੁੱਧੀਜੀਵੀ ਨਾਗਰਿਕਾਂ ਨੂੰ ਅੱਗੇ ਆਉਣਾ ਪਵੇਗਾ। ਸਭ ਤੋਂ ਪਹਿਲਾਂ ਸ਼ੁਰੂਆਤ ਆਪਣੇ ਘਰ ਤੋਂ ਹੀ ਕਰਨੀ ਪਵੇਗੀ। 4 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਨੂੰ ਘਰੇਲੂ ਕੰਮਾਂ ਲਈ ਨੌਕਰ ਵਜੋਂ ਨਾ ਰੱਖਣ ਦੀ ਪਹਿਲ ਕਰਨੀ ਪਵੇਗੀ। ਜੇ ਕੋਈ ਅਜਿਹਾ ਬੱਚਾ ਤੁਹਾਡੇ ਕੋਲ ਆਉਂਦਾ ਵੀ ਹੈ ਤਾਂ ਉਸ ਦੀ ਪੜ੍ਹਾਈ-ਲਿਖਾਈ ਦਾ ਖ਼ਰਚਾ ਖ਼ੁਦ ਚੁੱਕਣ ਅਤੇ ਉਸ ਨੂੰ ਜ਼ਰੂਰੀ ਸਹੂਲਤਾਂ ਦੇਣ ਦੀ ਪਹਿਲ ਕਰੋ।
ਜੇ ਤੁਸੀਂ ਇਸ ਉਮਰ ਦੇ ਕਿਸੇ ਬੱਚੇ ਨੂੰ ਦੁਕਾਨ, ਢਾਬੇ ਜਾਂ ਫੈਕਟਰੀ ਵਿਚ ਕੰਮ ਕਰਦਾ ਦੇਖੋ ਤਾਂ ਅੱਖਾਂ ਫੇਰਨ ਦੀ ਬਜਾਏ ਉਸ ਨੂੰ ਉਥੋਂ ਕੱਢਣ ਦੀ ਯੋਜਨਾ ਬਣਾਓ। ਇਸ ਦੇ ਲਈ ਇਸ ਖੇਤਰ ਵਿਚ ਕੰਮ ਕਰ ਰਹੀਆਂ ਸੰਸਥਾਵਾਂ ਦਾ ਸਹਿਯੋਗ ਲਓ ਅਤੇ ਅਜਿਹੇ ਬੱਚਿਆਂ ਦੀ ਆਰਥਿਕ ਤੌਰ ‘ਤੇ ਮਦਦ ਕਰੋ।
ਅੱਜ ਬਾਲ ਮਜ਼ਦੂਰੀ ਸਾਡੇ ਦੇਸ਼ ਵਿੱਚ ਅਮਰਵੇਲ ਵਾਂਗ ਵਧ ਰਹੀ ਹੈ। ਭਾਵੇਂ ਸਰਕਾਰ ਨੇ ਇਸ ਤਰ੍ਹਾਂ ਦੇ ਹੋਰ ਵੀ ਕਈ ਮਜ਼ਦੂਰੀ ਰੋਕੂ ਕਾਨੂੰਨ ਬਣਾਏ ਹੋਏ ਹਨ ਪਰ ਸਿਰਫ਼ ਤੇ ਸਿਰਫ਼ ਕਾਨੂੰਨ ਬਣਾ ਕੇ ਹੀ ਬਾਲ ਮਜ਼ਦੂਰੀ ਨਹੀਂ ਰੋਕੀ ਜਾ ਸਕਦੀ। ਇਸ ਦੇ ਮੂਲ ਕਾਰਨ ਜਾਨਣ, ਸਮਝਣ ਅਤੇ ਉਨ੍ਹਾਂ ਦੇ ਹੱਲ ਲੱਭਣ ਦੀ ਲੋੜ ਹੈ। ਸੋ ਬਾਲ-ਮਜ਼ਦੂਰੀ ਇੱਕ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਸਾਡੇ ਦੇਸ਼ ਵਿੱਚ ਬੱਚਿਆਂ ਨੂੰ ਮਜ਼ਦੂਰੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜੇਕਰ ਸਰਕਾਰਾਂ ਇਸ ਸਮੱਸਿਆ ਤੇ ਸਹੀ ਨੀਅਤ ਨਾਲ ਕੰਮ ਕਰਨ, ਮਾਪੇ ਅਤੇ ਲੋਕ ਇਸ ਸਮੱਸਿਆ ਨੂੰ ਦੂਰ ਕਰਨ ਲਈ ਮਨ ਬਣਾਉਣ ਤਾਂ ਗ਼ਰੀਬੀ, ਬਾਲ-ਮਜ਼ਦੂਰੀ ਵਰਗੀਆਂ ਬੁਰਾਈਆਂ ਦਾ ਤਾਂ ਖ਼ਾਤਮਾ ਜ਼ਰੂਰ ਹੋ ਸਕਦਾ ਹੈ।
ਕੁਲਦੀਪ ਸਿੰਘ ਰਾਮਨਗਰ (ਰਿਟਾ: ਐਸ.ਡੀ.ਓ)
ਜਨਮ ਦਿਨ 'ਤੇ ਵਿਸ਼ੇਸ਼ : ਪੰਜਾਬ ਦੀ ਜ਼ਰਖੇਜ਼ ਮਿੱਟੀ ਦਾ ਜਣਿਆ 'ਟਿੱਬਿਆਂ ਦਾ ਪੁੱਤ ਸਿੱਧੂ ਮੂਸੇਵਾਲਾ'
NEXT STORY