ਖੇਤਾਂ 'ਚ ਕੰਮ ਕਰਦਿਆਂ ਪਿਤਾ ਜੀ ਨੇ ਸਾਨੂੰ ਗੁਰੂ ਇਤਿਹਾਸ ਤੇ ਹੋਰ ਇਤਿਹਾਸਕ ਘਟਨਾਵਾਂ ਸੁਣਾਈ ਜਾਣੀਆਂ। ਪਾਕਿਸਤਾਨ ਬਣਨ ਸਮੇਂ ਝੁੱਲੀ ਕਾਲ਼ੀ ਹਨੇਰੀ ਦਾ ਵੀ ਉਹ ਅਕਸਰ ਜ਼ਿਕਰ ਕਰਦੇ।ਚੱਕ 54 ਗੋਗੇਰਾ ਬਰਾਂਚ,ਡਾਕ: ਮੁੱਢਾਂ ਵਾਲਾ ਸ਼ੰਕਰ ਤਹਿ: ਜੜ੍ਹਾਂਵਾਲਾ ਜ਼ਿਲ੍ਹਾ ਲਾਇਲਪੁਰ ਦਾ ਵੀ ਨਾਮ ਆਉਂਦਾ, ਜਿੱਥੇ ਮੇਰੇ ਪਿੰਡ ਤੋਂ ਮੁਸਲਮਾਨ ਪਰਿਵਾਰਾਂ ਜਾ ਵਾਸ ਕੀਤਾ। ਮੇਰੇ ਗੁਆਂਢੀ ਪਿੰਡਾਂ ਧਾਲੀਵਾਲ, ਗੁੜਾ, ਸ਼ੰਕਰ ਵਗੈਰਾ ਤੋਂ ਕਾਫ਼ੀ ਲੋਕ ਜੋ 54 ਗ. ਬ. ਵਿੱਚ ਆਬਾਦ ਸਨ, ਉੱਠ ਕੇ ਮੁੜ ਆਪਣੇ ਪਿੱਤਰੀ ਪਿੰਡਾਂ 'ਚ ਆਣ ਆਬਾਦ ਹੋਏ।ਪਿਤਾ ਜੀ ਤੋਂ ਉਮਰ 'ਚ ਪੰਜ ਕੁ ਸਾਲ ਵੱਡਾ ਸ. ਲਸ਼ਕਰ ਸਿੰਘ ਲੈਲਪੁਰੀਆ ਵੀ ਉਨ੍ਹਾਂ 'ਚੋਂ ਇਕ ਸੀ। ਇਸ ਤਰ੍ਹਾਂ ਮੇਰੀ ਉਸ ਵਿੱਚ ਦਿਲਚਸਪੀ ਵੱਧ ਗਈ। ਨਾਮ ਤਾਂ ਉਸ ਦਾ ਲਸ਼ਕਰ ਸਿੰਘ ਸੀ ਪਰ ਆਮ ਤੌਰ 'ਤੇ ਉਹ ਲੈਲਪੁਰੀਆ ਈ ਵੱਜਦਾ, ਪਿੰਡ ਵਿੱਚ।ਸਾਡਾ ਨਹਿਰੀ ਖਾਲਾ ਸਾਂਝਾ ਸੀ, ਉਨ੍ਹਾਂ ਨਾਲ।ਉਹ ਅਕਸਰ ਈ ਨਹਿਰੀ ਖਾਲਾ ਘੜਦਿਆਂ, ਪਾਣੀ ਮੋੜਦਿਆਂ ਗੱਲੀਂ ਪੈ ਜਾਂਦਾ।ਜਦ ਵੀ ਕਿਧਰੇ ਉਸ ਦਾ ਕਿਸੇ ਨਾਲ, ਨਹਿਰੀ ਪਾਣੀ ਦੀ ਵਾਰੀ ਤੋਂ ਬੋਲ ਬੁਲਾਰਾ ਹੁੰਦਾ ਤਾਂ ਉਹ ਬੜੇ ਮਾਣ ਨਾਲ ਹਿੱਕ ਥਾਪੜ ਕੇ ਕਹਿੰਦਾ,"ਤੂੰ ਜਾਣਦੈਂ?,ਲੈਲਪੁਰੀਏ ਹੁੰਨੇ ਆਂ ਅਸੀਂ "।
ਮੈਂ ਇਸ ਤਾਂਘ 'ਚ ਰਹਿੰਦਾ ਕਿ ਉਸ ਦੀ ਕਹਾਣੀ ਸੁਣੀ ਜਾਵੇ।ਬਸ ਇੰਵੇ ਹੀ ਦਿਨ ਮਹੀਨੇ ਸਾਲ ਨਹੀਂ,ਕਈ ਦਹਾਕੇ ਈ ਲੰਘ ਗਏ। ਹੁਣ ਲੈਲਪੁਰੀਆ 90 ਵਿਆਂ ਨੂੰ ਟੱਪ ਗਿਆ ।ਜਦ ਮੈਂ ਉਦੀ ਜ਼ੁਬਾਨੀ ਸੁਣਨ ਉਦੇ ਘਰ ਪੁੱਜਾ,ਉਹ ਖੂੰਡੇ ਦੇ ਸਹਾਰੇ,ਥੋੜਾ ਮੁਸ਼ਕਲ ਨਾਲ ਤੁਰਦਾ ਸੀ।- ਤੇ ਉਸ ਆਪਣੀ ਕਹਾਣੀ ਇੰਵ ਕਹਿ ਸੁਣਾਈ।-
" ਬਰਖਰਦਾਰਾ,ਮੇਰਾ ਬਾਬਾ ਬੁੱਧ ਸਿੰਘ , ਪਿਛਲਾ ਜੱਦੀ ਪਿੰਡ ਧਾਲੀਵਾਲ ਮੰਜਕੀ-ਜਲੰਧਰ,1900 ਸੰਨ ਤੋਂ ਕਿਧਰੇ ਪਹਿਲਾਂ ਹੀ ਬ-ਲਿਹਾਜ ਖੇਤੀਬਾੜੀ ਬਾਰ ਵਿਚ ਚਲੇ ਗਏ । ਸ:ਬੁੱਧ ਸਿੰਘ ਦੇ ਅੱਗੋਂ ਪੰਜ ਬੇਟੇ ਹੋਏ। ਉਨ੍ਹਾਂ ਚੋਂ ਸਾਡਾ ਬਾਪ ਘੁੱਲਾ ਸਿੰਘ ਹੋਇਐ। ਪਿਤਾ ਜੀ ਅਤੇ ਸਾਡੇ ਛੇਆਂ ਭਰਾਵਾਂ ਦਾ ਜਨਮ ਬਾਰ ਦਾ ਹੀ ਹੈ।
ਇਹ ਵੀ ਪੜ੍ਹੋ : ਕਹਾਣੀਨਾਮਾ: ਪੜ੍ਹੋ ਬੀਤ ਚੁੱਕੇ ਬਚਪਨ ਦੀਆਂ ਬਾਤਾਂ ਪਾਉਂਦੀਆਂ ਦੋ ਮਿੰਨੀ ਕਹਾਣੀਆਂ
ਅਸੀਂ ਸਕੂਲ ਨਹੀਂ ਗਏ। ਗੁਰਦੁਆਰਾ ਸਹਿਬ ’ਚ ਹੀ ਭਾਈ ਜੀ ਪਾਸੋਂ ਗੁਰਮੁਖੀ ਪੜ੍ਹਨੀ ਲਿਖਣੀ ਸਿੱਖੀ। ਸਾਡੇ ਬਾਪ ਪਾਸ ਇਕ ਮੁਰੱਬਾ ਅਤੇ ਸਾਢੇ ਚਾਰ ਖੇਤਾਂ ਦੀ ਵਾਹੀ ਸੀ। ਕਣਕ, ਮੱਕੀ, ਚਰੀ, ਬਾਜਰਾ ਅਤੇ ਨਰਮਾ ਆਦਿ ਫ਼ਸਲਾਂ ਬੀਜਦੇ । ਨਹਿਰੀ ਜ਼ਮੀਨ ਸੀ, ਸੋ ਫ਼ਸਲ ਬਾੜੀ ਸੋਹਣੀ ਹੋਈ ਜਾਂਦੀ । ਸਿੱਖਾਂ ਦੇ ਕੋਈ 60-70, ਹਿੰਦੂਆਂ ਦੇ 4-5,ਆਦਿ ਧਰਮੀ ਅਤੇ ਬਾਲਮੀਕਾਂ ਦੇ 9-10 ਅਤੇ ਮੁਸਲਿਮਾਂ ਦੇ 10-12 ਘਰ ਸਨ। ਮੁਸਲਮਾਨ ਗੌਂਸਦੀਨ ਜਿਸ ਦੇ ਮੁੰਡੇ ਚਿਰਾਗ, ਨਵਾਬ, ਨੈਤ ਅਤੇ ਮੁਹੰਮਦ ਅਲੀ ਮੇਰੇ ਹਾਣੀ ਪਰਾਣੀ,ਪਿੰਡ ਵਿਚ ਲੁਹਾਰਾ ਕੰਮ ਕਰਦੇ ਸਨ। ਰੰਗੜਾਂ ਦੇ ਮਹਿੰਗੇ ਦਾ ਪੁੱਤਰ ਲਾਲਦੀਨ ਬੱਕਰੀਆਂ ਚਾਰਿਆ ਕਰਦਾ । ਗੌਂਸ ਕੇ ਟੱਬਰ ’ਚੋਂ ਬਾਵੂ ਇੰਜਣ ਤੇ ਆਟਾ ਚੱਕੀ ਚਲਾਇਆ ਕਰਦਾ ਸੀ। ਓਧਰ, ਤਰਖਾਣਾ ਕੰਮ ਰਣ ਸਿੰਘ ਅਤੇ ਪੂਰਨ ਸਿੰਘ ਕਰਦੇ । ਇਨ੍ਹਾਂ ਦਾ ਬੇਟਾ ਬੂਟਾ ਸਿੰਘ ਨਾਮੇ ਵੀ ਮੇਰਾ ਹਮ ਉਮਰ ਸੀ।
ਇਨ੍ਹਾਂ ਉਪਰੋਕਤ ਦਰਜ ਸਾਰਿਆਂ ਦਾ ਪਿਛਲਾ ਪਿੰਡ ਇਧਰਲਾ ਸ਼ੰਕਰ-ਨਕੋਦਰ ਸੀ। ਪਿੰਡ ਦੇ ਲੰਬੜਦਾਰ ਸ: ਉਜਾਗਰ ਸਿੰਘ ਪੁੱਤਰ ਜੈਮਲ ਸਿੰਘ ਅਤੇ ਬਖਤਾਵਰ ਸਿੰਘ ਵੀ ਇਧਰਲੇ ਸ਼ੰਕਰ ਪਿੰਡ ਤੋਂ ਹੀ ਸਨ। ਓਧਰ ਸਾਰੀਆਂ ਕੌਮਾਂ ਦਾ ਵਸੇਬ ਵਧੀਆ ਸੀ। ਦੁੱਖ-ਸੁੱਖ ਵਿਚ ਸਾਂਝੀ ਹੁੰਦੇ ਸਾਂ। ਇਕ ਦੂਜੇ ਘਰਾਂ ਦਾ ਖਾਂਦੇ ਤਾਂ ਨਹੀਂ ਸਾਂ ਪਰ ਸੁੱਕੀਆਂ ਵਸਤਾਂ ਜਾਂ ਔਜ਼ਾਰਾਂ ਦਾ ਅਦਾਨ ਪ੍ਰਦਾਨ ਕਰ ਲਈ ਦਾ ਸੀ।
ਉਥੋਂ ਦੇ ਦੋ ਵਾਕਿਆ ਮੈਨੂੰ ਭੁੱਲਦੇ ਨਹੀਂ। ਪਹਿਲਾ ਇਹ ਕਿ ਬਾਵੂ ਦੀ ਇੰਜਣ ਅਤੇ ਆਟਾ ਚੱਕੀ ਚੱਲਦੀ ਹੁੰਦੀ ਸੀ। ਇੰਜਣ ਦੇ ਧੂੰਏਂ ਵਾਲੇ ਘੁੱਗੂ ਦੀ ਆਵਾਜ਼ ਦੂਰ ਤੱਕ ਸੁਣਨੀ। ਅਸੀਂ ਮੁੰਡਿਆਂ ਉਸ ਨੂੰ ਉੱਚੀ ਸੁਰ ਵਿਚ 'ਬਾਵੂ ਦੀ ਮਸ਼ੀਨ ਘੁੱਗੂ ਤੇਜ ਬੋਲਦਾ-ਨੈਤ ਬੇਈਮਾਨ ਆਟਾ ਘੱਟ ਤੋਲਦਾ' ਕਹਿ ਛੇੜ ਛੇੜ ਲੰਘਣਾ ਅਤੇ ਭੱਜਣਾ। ਤੇ ਦੂਜਾ ਵਾਕਿਆ ਇਹ ਕਿ ਗੌਂਸ ਦਾ ਪੋਤਾ ਤੁਫੈਲ ਪੁੱਤਰ ਚਿਰਾਗ ਮੇਰਾ ਮੁਹੱਬਤੀ ਸੀ। ਸਾਡਾ ਖੂਹ ਪਿੰਡ ਦੇ ਬਾਹਰ ਬਾਰ ਨਜਦੀਕ ਹੀ ਹੋਣ ਕਰਕੇ ਉਹ ਸਾਡਿਓਂ ਬਾ ਲਿਹਾਜ ਅਕਸਰ ਹੀ ਚਰੀ ਬਾਜਰਾ ਵੱਢ ਕੇ ਲੈ ਜਾਂਦਾ । ਮੈਂ ਵੀ ਇਤਫਾਕਨ ਚਰੀ ਨੂੰ ਗਿਆ ਤਾਂ ਉਸ ਨੂੰ ਪੱਠੇ ਵੱਢਣ ਆਉਂਦਿਆਂ ਦੇਖ, ਸ਼ੁਕਲ ਮੂਵਜ਼ ਇਹ ਕਹਿੰਦਿਆਂ ਪਿੱਛਿਓਂ ਜੱਫਾ ਪਾ ਲਿਆ, ਕਿ ਰੋਜ਼ ਹੀ ਇਧਰ ਪੱਠੇ ਲੈਣ ਤੁਰ ਆਉਨੈ ਕਿਧਰੇ ਹੋਰ ਵੀ ਚਲੇ ਜਾਇਆ ਕਰ? ਖਿੱਚ ਧੂਹ ਕਰਦਿਆਂ ਉਸ ਦੀ ਦਾਤੀ ਮੇਰੀ ਅੱਖ ਦੇ ਥੱਲੇ ਚੰਗੀ ਡੂੰਘੀ ਖੁੱਭ ਗਈ ਜੋ ਕਿ ਪਿੰਡ ਆ ਕੇ ਦੇਸੀ ਡਾਕਟਰ ਪਾਸੋਂ ਕਢਵਾਈ ।ਡੇਲਾ ਤਾਂ ਬਚ ਗਿਆ ਪਰ ਜ਼ਖ਼ਮ ਡੂੰਘਾ ਲੱਗਾ। 73 ਸਾਲ ਬੀਤ ਜਾਣ ਬਾਅਦ ਵੀ ਉਸ ਦਾ ਨਿਸ਼ਾਨ ਬਾਕੀ ਹੈ। ਜਦ ਵੀ ਸ਼ੀਸ਼ਾ ਵੇਖਦੈਂ ਤਾਂ ਤਦੋਂ ਹੀ ਤੁਫੈਲ ਯਾਦ ਆ ਜਾਂਦੈ।"ਮਸ਼ਖਰੀ ਕਰਦਿਆਂ ਮੈਂ ਬਾਪੂ ਨੂੰ ਛੇੜਦਿਆਂ ਪੁੱਛਿਆ,ਚੜਦੀ ਜਵਾਨੀ ਚ ਮੁਹੱਬਤ ਨਈਂ ਹੋਈ ਕਿਸੇ ਨਾਲ। ਕੋਈ ਮੁਹੱਬਤ ਦਾ ਕਿੱਸਾ ਸੁਣਾਓ,ਆਪਣਾ। "ਓ ਬਈ ਬੁੱਢੇ ਵਾਰੇ ਕਿਹੜੇ ਵਹਿਣ ਚ ਪਾਈ ਜਾਂਦੇ ਓ", ਬਾਪੂ ਕੁਝ ਝਿਜਕਦਿਆਂ ਕਿਹਾ।ਫਿਰ ਆਪੇ ਹੀ ਬਹਿ ਤੁਰਿਆ । " ਲਿਹਾਜ਼ੀ ਟੱਬਰਾਂ 'ਚੋਂ ਸਾਡੇ ਘਰ ਕੰਮ ਧੰਦਾ ਕਰਾਉਣ ਲਈ ਆਇਆ ਕਰਦੀ ਸੀ,ਬਰਕਤੇ।ਨਾਲ ਉਦੀ ਬੇਟੀ ਹੁੰਦੀ ,ਅੱਜਾਂ ਸੀ ਨਾਮ ਉਦਾ।2-3 ਸਾਲ ਛੋਟੀ ਹੋਊ, ਮੈਥੋਂ।ਲੁਕਮੀ ਪ੍ਰੀਤ ਸੀ ਸਾਡੀ।ਉਦਾ ਅੱਬਾ ਬਹੁਤਾ ਡਾਹਢਾ ਸੀ,ਬੜਾ ਭੈਅ ਖਾਂਦੀ ਸੀ ਉਦਾ।ਲੱਖ ਚਾਹੁੰਦਿਆਂ ਵੀ, ਅੱਖਾਂ ਸੇਕਣ ਤੱਕ ਈ ਸੀਮਤ ਰਹੀ,ਪ੍ਰੀਤ ਸਾਡੀ। ਲੰਘਦਿਆਂ, ਵੜਦਿਆਂ ਹਾਸਾ ਠੱਠਾ ਕਰ ਲੈਣਾ, ਕਿਧਰੇ ਕੋਈ ਚੀਜ਼ ਫੜਦਿਆਂ ਫੜਾਉਂਦਿਆਂ ਹੱਥਾਂ ਦੀ ਛੋਹ ਲੈ ਲੈਣਾ।ਕਈ ਵਾਰ ਇਕ ਦੂਜੇ ਦੇ ਜੂਠੇ ਛੰਨੇ 'ਚ ਪਾਣੀ ਭਰ ਸੁਆਦ ਲੈ ਲੈ ਪੀਣਾ। ਇੰਵੇ ਇਕ ਵਾਰ ਬਾਹਰ ਦੁਕਾਨ ਤੇ ਗਿਆਂ, ਗਲ਼ੀ ਦੇ ਮੋੜ 'ਤੇ ਉਸ ਨਾਲ ਟਾਕਰਾ ਹੋ ਗਿਆ।ਇਕ ਅੱਧ ਮਿੰਟ ਉਦੇ ਨਾਲ ਗੁਫ਼ਤਗੂ ਹੋਈ। ਨਜ਼ਦੀਕ ਘਰ ਵਾਲੀ ਬੀਬੀ ਨੇ ਵੇਖ ਲਿਆ ਸਾਨੂੰ, ਗੱਲਾਂ ਕਰਦਿਆਂ।ਬਸ ਉਸੇ ਦਿਨ ਸਾਡੀ ਮੁਲਾਕਾਤ,ਸਾਰੇ ਪਿੰਡ ਵਿੱਚ ਖੰਭਾਂ ਦੀਆਂ ਡਾਰਾਂ ਬਣ ਕੇ ਉਡ ਗਈ ਤੇ ਮੁੜ ਅਸੀਂ ਇਕ ਦੂਜੇ ਨੂੰ ਕਦੇ ਨਾ ਡਿੱਠਾ।ਛੇ ਕੁ ਮਹੀਨੇ ਬਾਅਦ ਹੀ ਰੌਲ਼ੇ ਪੈਗੇ।
' ਅਲਫ਼ ਇਸ ਤ੍ਰਿੰਝਣ ਵਿੱਚ ਜੋ ਕੱਤਦੀਆਂ ਸੀ,
ਮੇਰੇ ਹਾਣ ਦੀਆਂ ਚਰਖੜੇ ਚੁੱਕ ਗਈਆਂ।',
ਹੁਣ ਤਾਂ ਉਹ ਵੀ ਮੇਰੇ ਵਾਂਗ ਹੀ ਬੁੱਢੀ ਜਾਂ ਕਬਰਾਂ 'ਚ ਖਪ ਗਈ ਹੋਣੀ ਐ ਕਿੱਧਰੇ?" ਬਾਪੂ ਨੇ ਠੰਡਾ ਸਾਹ ਭਰਦਿਆਂ ਕਿਹਾ।
ਮੈਂ ਮ੍ਹੀਨੇ ਦੋ ਮਹੀਨੇ ਬਾਅਦ ਬਾਪੂ ਦੇ ਘਰ ਮਿਜ਼ਾਜ ਪੁਸ਼ਤੀ ਲਈ ਜਾਂਦਾ ਤਾਂ ਉਹ ਅਕਸਰ ਹੀ ਆਪਣੀ ਹਰ ਗੱਲ ਵਿਚ ਲਾਇਲਪੁਰ ਦਾ ਜ਼ਿਕਰ ਕਰਦਾ।ਉਸ ਦੇ ' ਲੈਲਪੁਰ ' ਜ਼ਿਕਰ ਬਿਨਾਂ ਮਾਨੋ ਉਦੀ ਕੋਈ ਗੱਲ ਪੂਰੀ ਨਾ ਹੁੰਦੀ ਤੇ ਇਹ ਉਦਾ ਤਕੀਆ ਕਲਾਮ ਈ ਬਣ ਗਿਆ। ਉਹ ਹੁਣ ਕਰੀਬ 98 ਵਿਆਂ ਨੂੰ ਢੁੱਕ ਗਿਆ।ਸਰੀਰ ਸੱਤਿਆ ਹੀਣ ਤੇ ਯਾਦ ਸ਼ਕਤੀ ਵੀ ਕਮਜ਼ੋਰ ਹੋ ਗਈ ਪਰ ਉਸ ਨੂੰ ਆਪਣਾ ਲੈਲਪੁਰ ਨਾ ਭੁੱਲਾ। ਇੰਵੇ ਹੀ ਮੈਂ ਇਕ ਦਿਨ ਬਾਪੂ ਨੂੰ ਲੰਘਦਾ ਵੜਦਾ ਮਿਲਣ ਚਲਾ ਗਿਆ। ਮੈਂ ਬਾਪੂ ਨੂੰ ਪੁੱਛਿਆ ਕਿ ਬਾਪੂ ਕਿਹੜੀ ਖਾਹਿਸ਼ ਹੈ ਜਿਹੜੀ ਬਾਕੀ ਰਹਿ ਗਈ। ਤਾਂ ਬਾਪੂ ਬੋਲਿਆ,"ਮੌਤ ਤਾਈਂ 'ਡੀਕਦੈਂ ਰੋਜ। 'ਕੇਰਾਂ ਲੈਲਪੁਰ ਦਿਖਾ ਲਿਆ ਮੈਨੂੰ। ਕਾਸ਼ ਉਥੇ ਹੀ ਦਮ ਨਿਕਲਜੇ,ਮੇਰਾ।ਹੋਰ ਖਾਸ਼ ਬਾਕੀ ਨਹੀਂ ਐ ਕੋਈ।" ਮਖਿਆ ਬਾਪੂ ਥੋੜਾ ਕੈਮ ਹੋ, ਫਿਰ ਦਿਖਾ ਲਿਆਉਂਦੇ ਆਂ ਤੈਨੂੰ,ਤੇਰਾ ਲੈਲਪੁਰ। ਮੈਂ ਬਾਪੂ ਨੂੰ ਝੂਠਾ ਦਿਲਾਸਾ ਦਿੰਦਿਆਂ ਕਿਹਾ। ਤਦੋਂ ਹੀ ਬਾਪੂ ਨੂੰ ਸੀਨੇ ਚ ਤੇਜ਼ ਦਰਦ ਉੱਠਿਆ। ਮੈਂ ਅਹੁਲ ਕੇ ਘੜੇ ਚੋਂ ਪਾਣੀ ਭਰਿਆ ਪਰ, ਪਾਣੀ ਲੰਘਿਆ ਨਾ ਉਦੇ। ਬਾਪੂ ਦੇ ਪੋਤੇ ਨੂੰ ਆਵਾਜ਼ ਦਿੱਤੀ।ਉਹ ਵੀ ਫਟਾ ਫਟ ਕਾਰ ਕੱਢ ਲਿਆਇਆ। ਅਸੀਂ ਬਾਪੂ ਨੂੰ ਜਲੰਧਰ ਹਸਪਤਾਲ ਲਈ ਲੈ ਗਏ ।ਬਾਪੂ ਬਹੁੜੀਆਂ ਪਾਏ, " ਮੈਂ ਨਹੀਂ ਜਾਣਾ ਹਸਪਤਾਲ, ਹੋਰ ਨਈਂ ਜੀਣਾ ਮੈਂ।ਬਸ ਮੈਨੂੰ ਲੈਲਪੁਰ ਲੈ ਚੱਲੋ,ਲੈਲਪੁਰ।" ਬਾਪੂ ਨੂੰ ਇਕ ਹੋਰ ਦੌਰਾ ਪਿਆ ਅਤੇ ਨਾਲ ਹੀ ਖ਼ੂਨ ਦੀ ਉਲਟੀ ਆਈ। -ਤੇ ਉਹ ਕਾਰ ਚ ਈ " ਲੈਲਪੁਰ-ਲੈਲਪੁਰ " ਕੂਕਦਾ ਮਰ ਗਿਆ।
(ਇਹ ਕਹਾਣੀ, ਸੱਚੀ ਕਹਾਣੀ 'ਤੇ ਅਧਾਰਿਤ ਹੈ)
ਸਤਵੀਰ ਸਿੰਘ ਚਾਨੀਆਂ
92569-73526
ਨੋਟ : ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ? ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਿਸ਼ਵ ਸਾਈਕਲ ਦਿਹਾੜਾ : ਜਾਣੋ ਨੀਦਰਲੈਂਡ ਨੂੰ ਕਿਉਂ ਕਿਹਾ ਜਾਂਦੈ ਸਾਈਕਲਾਂ ਦਾ ਦੇਸ਼
NEXT STORY