ਸਮਾਜ ਦੀ ਬੁਨਿਆਦ ਔਰਤ ਉੱਤੇ ਟਿਕੀ ਹੋਈ ਹੈ । ਘਰ ਨੂੰ ਚਲਾਉਣਾ ਔਰਤ ਦਾ ਇਖਲਾਕੀ ਫਰਜ਼ ਹੈ । ਘਰ ਵਿਚ ਹੋਣ ਵਾਲੀ ਹਰੇਕ ਚੀਜ਼ ਨੂੰ ਘਰੇਲੂ ਦਾ ਤਜ਼ੱਲਸ ਮਿਲ ਜਾਂਦਾ ਹੈ ।ਮਨੁੱਖੀ ਸਿਹਤ ਨੂੰ ਸੰਤੁਲਿਤ ਰੱਖਣ ਲਈ ਔਰਤ ਦਾ ਵੱਡਾ ਯੋਗਦਾਨ ਹੁੰਦਾ ਹੈ । ਔਰਤ ਘਰ ਨੂੰ ਘਰੇਲੂ ਬਣਾਉਂਦੀ ਹੈ ਇਸ ਲਈ ਘਰੇਲੂ ਉਤਪਾਦਨ ਕਰਕੇ ਔਰਤ ਮਰਦ ਤੋਂ ਉਚਾ ਘਰੇਲੂ ਸ਼ਿੰਗਾਰ ਬਣ ਸਕਦੀ ਹੈ । ਅੱਜ ਤਾਂ ਦੂਸ਼ਿਤ ਖਾਦਾਂ, ਖੁਰਾਕਾਂ ਹੋਣ ਕਰਕੇ ਔਰਤ ਦੀ ਘਰ ਪ੍ਰਤੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ , ਜੇ ਖਾਦ ਖੁਰਾਕ ਜ਼ਰੀਏ ਪਰਿਵਾਰ ਨੂੰ ਸਿਹਤਮੰਦ ਰੱਖ ਸਕੀਏ ਤਾਂ ਪੁੰਨ ਅਤੇ ਫਲੀਆ ਇਕੱਠੇ ਮਿਲ ਸਕਦੇ ਹਨ ।
ਸਿਹਤ ਅਤੇ ਆਰਥਿਕ ਪੱਖ ਨੂੰ ਮੱਦੇਨਂਰ ਰੱਖ ਕੇ ਅੱਜ ਔਰਤ ਅਤੇ ਘਰੇਲੂ ਬਗੀਚੀ ਦਾ ਨਿੱਘਾ ਰਿਸ਼ਤਾ ਹੋਣਾ ਚਾਹੀਦਾ ਹੈ । ਜੈਵਿਕ ਖੇਤੀ ਦੀ ਜੋ ਮੰਗ ਉੱਠ ਰਹੀ ਹੈ ਉਸ ਦੀ ਬੁਨਿਆਦ ਔਰਤ ਹੱਥ ਹੈ । ਅੱਜ ਔਰਤ ਘਰੇਲੂ ਬਗੀਚੀ ਵਿਚ ਜੈਵਿਕ ਖੇਤੀ ਰਾਹੀਂ ਆਪਣੇ ਪਰਿਵਾਰ ਜੋਗੀ ਸਬਜ਼ੀ ਭਾਜੀ ਉਗਾ ਸਕਦੀਆਂ ਹਨ, ਜੇ ਘਰੇਲੂ ਔਰਤ ਘਰੇਲੂ ਬਗੀਚੀ ਵਿਚ ਸ਼ੌਂਕ ਨਾਲ ਜੈਵਿਕ ਤੌਰ ਤੇ ਸਬਜ਼ੀਆਂ ਪੈਦਾ ਕਰਨ ਦਾ ਰੁਝਾਨ ਪੈਦਾ ਕਰੇ ਤਾਂ ਇਕ ਪੰਥ ਦੋ ਕਾਂ ਹੋ ਸਕਦੇ ਹਨ ।
ਘਰੇਲੂ ਬਗੀਚੀ ਔਰਤ ਦੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਬਣਾਈ ਰੱਖਦੀ ਹੈ । ਔਰਤ ਦੇ ਇਸ ਸ਼ੌਂਕ ਕਰਕੇ ਪਰਿਵਾਰ ਨਿਰੋਗ ਅਤੇ ਆਤਮ ਨਿਰਭਰ ਹੋ ਸਕਦਾ ਹੈ । ਇਹ ਕੰਮ ਔਰਤ ਦੇ ਸੁਆਣੀ ਸੁਭਾਅ ਨੂੰ ਗੂੜ੍ਹਾ ਕਰਦਾ ਹੈ । ਹਰ ਰੋਂ ਥੈਲੇ ਚੱਕ ਸਬਜ਼ੀਆਂ ਖਰੀਦਣਾਂ ਕੰਮ ਬਣਿਆ ਰਹਿੰਦਾ ਹੈ । ਇਸ ਨਾਲ ਸਮਾਂ ਅਤੇ ਸਿਹਤ ਬਰਬਾਦ ਹੁੰਦੀ ਹੈ । ਇਸ ਦੇ ਬਚਾਓ ਲਈ ਔਰਤ ਵੱਡਾ ਰੋਲ ਨਿਭਾਅ ਸਕਦੀ ਹੈ ।
ਔਰਤ ਨਾਲ ਜਿਵੇਂ ਘਰ ਦਾ ਗੂੜ੍ਹਾ ਸਨੇਹ ਹੁੰਦਾ ਹੈ ਜੇ ਇਸੇ ਤਰ੍ਹਾਂ ਘਰੇਲੂ ਬਗੀਚੀ ਵਿਚ ਜੈਵਿਕ ਸਬਜ਼ੀਆਂ ਪੈਦਾ ਕਰਨ ਦਾ ਮੋਹ ਪੈਦਾ ਕਰ ਲਵੇ ਤਾਂ ਘਰ ਵਿਚ ਖੁਸ਼ਹਾਲੀ ਦਾ ਅਧਿਆਏ ਸ਼ੁਰੂ ਹੋ ਸਕਦਾ ਹੈ । ਤਾਜ਼ੀ ਅਤੇ ਜ਼ਹਿਰਾਂ ਰਹਿਤ ਸਬਜ਼ੀ ਖਾਣ ਦਾ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ ।ਨਰੋਏ ਸਮਾਜ ਦੀ ਸਿਰਜਣਾ ਦੀ ਸ਼ੁਰੂਆਤ ਹੋ ਸਕਦੀ ਹੈ ।
ਵੇਲਾ ਬੀਤਣ ਤੋਂ ਬਾਅਦ ਜਾਗਣਾ ਅਤੇ ਸਿੱਖਣਾ ਸਾਡੇ ਸੁਭਾਅ ਦਾ ਅੰਗ ਬਣ ਚੁੱਕਾ ਹੈ । ਘਰੇਲੂ ਔਰਤਾਂ ਘਰੇਲੂ ਬਗੀਚੀਆਂ ਪਰਫੁਲਿੱਤ ਕਰਕੇ ਇਸ ਸੁਭਾਅ ਨੂੰ ਮੋੜਾ ਦੇ ਸਕਦੀਆਂ ਹਨ ਅੱਜ ਸਮਾਜ ਵਿਚ ਘਰੇਲੂ ਬਗੀਚੀਆਂ ਦਾ ਸ਼ੌਂਕ ਇਕ ਲੋਕ ਲਹਿਰ ਵਜੋਂ ਉਤਪੰਨ ਹੋਣਾ ਚਾਹੀਦਾ ਹੈ । ਇਸ ਨਾਲ ਬੀਮਾਰੀਆਂ ਨੂੰ ਨੱਥ ਪੈ ਸਕਦੀ ਹੈ । ਸੱਭਿਅਤਾ ਦਾ ਵਿਕਾਸ ਅਤੇ ਔਰਤ ਦਾ ਸਮਾਜਿਕ ਸ਼ਿੰਗਾਰ ਦੁੱਗਣਾ ਹੋ ਸਕਦਾ ਹੈ । ਆਓ ਘਰੇਲੂ ਬਗੀਚੀਆਂ ਦਾ ਸ਼ੌਂਕ ਪੈਦਾ ਕਰਕੇ ਨਵਾਂ ਪੰਧ ਸ਼ੁਰੂ ਕਰੀਏ ਜਿਸ ਨਾਲ ਭਵਿੱਖ ਖੁਸ਼ਹਾਲ ਅਤੇ ਅਰੋਗ ਹੋਣ ਦੀ ਆਸ ਬੱਝੇਗੀ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445