ਜਲੰਧਰ (ਅਨਿਲ ਪਾਹਵਾ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਆਪਣੇ ਸੰਗਠਨ ਦੇ ਗਠਨ ਦੀ ਸ਼ਤਾਬਦੀ ਮਨਾਉਣ ਦੀ ਤਿਆਰੀ ਕਰ ਰਿਹਾ ਹੈ, ਜਿਸ ਵਿਚ ਕਿਸੇ ਵੀ ਜਸ਼ਨ ਦੀ ਬਜਾਏ ਸੰਗਠਨ ਆਤਮ-ਨਿਰੀਖਣ, ਸਵੀਕ੍ਰਿਤੀ ਅਤੇ ਸਮਾਜ ਨੂੰ ਸੰਗਠਿਤ ਕਰਨ ਲਈ ਆਪਣੇ-ਆਪ ਨੂੰ ਸਮਰਪਿਤ ਕਰਨ ’ਤੇ ਕੰਮ ਕਰੇਗਾ। ਇਨ੍ਹਾਂ 100 ਸਾਲਾਂ ਵਿਚ ਸੰਘ ਨੇ ਬਹੁਤ ਸਾਰੇ ਉਤਰਾਅ-ਚੜ੍ਹਾਅ ਦੇਖੇ ਹਨ। ਕਈ ਦੋਸ਼ਾਂ ਦਾ ਸਾਹਮਣਾ ਕੀਤਾ ਅਤੇ ਅਕਸਰ ਵਿਰੋਧੀਆਂ ਨੂੰ ਦਲੇਰੀ ਨਾਲ ਜਵਾਬ ਦਿੱਤਾ। ਇਨ੍ਹਾਂ 100 ਸਾਲਾਂ ਵਿਚ ਇਹ ਸੰਗਠਨ ਕਿੱਥੋਂ ਤੋਂ ਕਿੱਥੇ ਪਹੁੰਚ ਗਿਆ ਹੈ? ਇਕ ਸਮਾਂ ਸੀ ਜਦੋਂ ਇਸ ਬਾਰੇ ਚਰਚਾ ਹੁੰਦੀ ਸੀ ਕਿ ਲੋਕ ਸੰਗਠਨ ਦੀਆਂ ਸ਼ਾਖਾਵਾਂ ਵਿਚ ਆਉਣਗੇ ਜਾਂ ਨਹੀਂ ਜਾਂ ਲੋਕਾਂ ਨੂੰ ਸ਼ਾਖਾ ਵਿਚ ਕਿਵੇਂ ਲਿਆਉਣਾ ਹੈ ਅਤੇ ਹੁਣ ਉਹ ਸਮਾਂ ਆ ਗਿਆ ਹੈ, ਜਦੋਂ ਇਹ ਸੰਗਠਨ ਇਕ ਸਾਲ ਵਿਚ 10 ਹਜ਼ਾਰ ਨਵੀਆਂ ਸ਼ਾਖਾਵਾਂ ਖੋਲ੍ਹਣ ’ਤੇ ਮਾਣ ਮਹਿਸੂਸ ਕਰ ਰਿਹਾ ਹੈ।
ਇਕ ਸਾਲ ’ਚ 10,000 ਨਵੀਆਂ ਸ਼ਾਖਾਵਾਂ ਸ਼ੁਰੂ
ਸੰਘ ਦੀ ਤਿੰਨ ਦਿਨਾ ਆਲ ਇੰਡੀਆ ਪ੍ਰਤੀਨਿਧੀ ਸਭਾ ਦੀ ਮੀਟਿੰਗ ਸ਼ੁੱਕਰਵਾਰ ਤੋਂ ਐਤਵਾਰ ਤਕ ਦੱਖਣੀ ਸੂਬੇ ਕਰਨਾਟਕ ਵਿਚ ਹੋਈ, ਜਿਸ ਵਿਚ ਕਈ ਹੈਰਾਨੀਜਨਕ ਗੱਲਾਂ ਸਾਹਮਣੇ ਆਈਆਂ। ਸਭ ਤੋਂ ਵੱਡੀ ਹੈਰਾਨੀ ਇਹ ਸੀ ਕਿ ਬਿਨਾਂ ਕਿਸੇ ਸ਼ੋਰ-ਸ਼ਰਾਬੇ ਦੇ ਸੰਗਠਨ ਨੇ ਇਕ ਸਾਲ ਵਿਚ ਆਪਣੀਆਂ ਸ਼ਾਖਾਵਾਂ ਨਾਲ ਸਬੰਧਤ ਗਤੀਵਿਧੀਆਂ ਦੀ ਗਿਣਤੀ ਵਧਾ ਕੇ 83,129 ਕਰ ਦਿੱਤੀ, ਜੋ ਕਿ ਇਕ ਸਾਲ ਪਹਿਲਾਂ ਤਕ 73,646 ਸੀ। ਇਨ੍ਹਾਂ ਵਿਚੋਂ 51,710 ਥਾਵਾਂ ’ਤੇ ਰੋਜ਼ਾਨਾ ਸ਼ਾਖਾਵਾਂ ਖੁੱਲ੍ਹਦੀਆਂ ਹਨ। ਪਿਛਲੇ ਸਾਲ ਦੇ ਮੁਕਾਬਲੇ ਹਫਤਾਵਾਰੀ ਗਤੀਵਿਧੀਆਂ ਵਿਚ ਵੀ 4,430 ਦਾ ਵਾਧਾ ਹੋਇਆ ਹੈ। ਇਸ ਵੇਲੇ ਦੇਸ਼ ਭਰ ਵਿਚ ਸੰਘ ਦੀਆਂ ਕੁੱਲ 1,15,276 ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸੰਘ ਦੀਆਂ ਗਤੀਵਿਧੀਆਂ, ਸਥਾਨਾਂ, ਮੀਟਿੰਗਾਂ ਅਤੇ ਸਮੂਹਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਇਹ ਅੰਕੜਾ 13 ਮਾਰਚ 2025 ਤਕ ਦਾ ਹੈ। ਸੰਘ ਨੇ ਇਹ ਵੀ ਕਿਹਾ ਕਿ ਦੇਸ਼ ਭਰ ਵਿਚ ਉਸ ਦੇ ਲਗਭਗ 1 ਕਰੋੜ ਵਲੰਟੀਅਰ ਹਨ।
ਸੰਘ ਸ਼ਾਖਾਵਾਂ : 2026 ਦੇ ਅੰਤ ਤਕ 1 ਲੱਖ ਦਾ ਅੰਕੜਾ
ਆਰ.ਐੱਸ.ਐੱਸ. ਦੀ ਸਥਾਪਨਾ 27 ਸਤੰਬਰ 1925 ਨੂੰ ਦੁਸਹਿਰੇ ਵਾਲੇ ਦਿਨ ਹੋਈ ਸੀ, ਜਿਸ ਕਾਰਨ ਸੰਘ ਹਰ ਸਾਲ ਦੁਸਹਿਰੇ ਵਾਲੇ ਦਿਨ ਆਪਣਾ ਸਥਾਪਨਾ ਦਿਵਸ ਮਨਾਉਂਦਾ ਹੈ। ਇਸ ਸਾਲ ਦੁਸਹਿਰੇ ’ਤੇ ਇਹ ਸੰਗਠਨ 100 ਸਾਲ ਦਾ ਹੋ ਜਾਵੇਗਾ, ਜਿਸ ਲਈ ਸੰਗਠਨ ਵਲੋਂ ਕਈ ਯੋਜਨਾਵਾਂ ਬਣਾਈਆਂ ਗਈਆਂ ਹਨ। ਹੁਣ ਤਕ ਸੰਗਠਨ ਨੇ ਇਕ ਸਾਲ ਵਿਚ ਸ਼ਾਖਾਵਾਂ ਦੀ ਗਿਣਤੀ ਲਗਭਗ 73,646 ਤੋਂ ਵਧਾ ਕੇ ਇਕ ਲੱਖ ਤੋਂ ਵੱਧ ਕਰਨ ਦਾ ਟੀਚਾ ਰੱਖਿਆ ਹੈ। ਇਸ ਦੇ ਨਾਲ ਹੀ ਸੰਗਠਨ ਨੇ ਦੇਸ਼ ਭਰ ਵਿਚ ਵਲੰਟੀਅਰਾਂ ਦੀ ਗਿਣਤੀ ਵਿਚ 2-3 ਕਰੋੜ ਨਵੇਂ ਲੋਕਾਂ ਨੂੰ ਜੋੜਨ ਦਾ ਟੀਚਾ ਵੀ ਰੱਖਿਆ ਹੈ। ਇਸ ਮੁਹਿੰਮ ਤਹਿਤ 2 ਅਕਤੂਬਰ 2025 ਤੋਂ ਅਗਲੇ ਸਾਲ 20 ਅਕਤੂਬਰ ਤਕ ਸੰਘ ਦੇ ਵਲੰਟੀਅਰ ਦੇਸ਼ ਭਰ ਵਿਚ ਗਲੀ-ਗਲੀ ਵਿਚ ਜਾਣਗੇ ਅਤੇ ਲੋਕਾਂ ਨੂੰ ਰਾਸ਼ਟਰੀ ਹਿੱਤ ਲਈ ਸੰਗਠਨ ਦੀਆਂ ਯੋਜਨਾਵਾਂ ਤੋਂ ਜਾਣੂ ਕਰਵਾਉਣਗੇ ਅਤੇ ਉਨ੍ਹਾਂ ਨੂੰ ਸੰਗਠਨ ਵਿਚ ਸ਼ਾਮਲ ਹੋਣ ਲਈ ਸੱਦਾ ਦੇਣਗੇ।
ਦੇਸ਼ ਭਰ ’ਚ ਹੋਣਗੇ ਹਿੰਦੂ ਸੰਮੇਲਨ
ਇਸ ਸੰਪਰਕ ਮੁਹਿੰਮ ਦੌਰਾਨ ਸੰਘ ਸਾਹਿਤ ਵੰਡਿਆ ਜਾਵੇਗਾ ਅਤੇ ਸਥਾਨਕ ਪੱਧਰ ’ਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਸਾਰੇ ਮੰਡਲਾਂ ਅਤੇ ਕਲੋਨੀਆਂ ਵਿਚ ਹਿੰਦੂ ਸੰਮੇਲਨ ਹੋਣਗੇ, ਜਿਨ੍ਹਾਂ ਵਿਚ ਬਿਨਾਂ ਕਿਸੇ ਭੇਦਭਾਵ ਦੇ ਹਰੇਕ ਵਿਅਕਤੀ ਦੇ ਜੀਵਨ ਵਿਚ ਏਕਤਾ ਅਤੇ ਸਦਭਾਵਨਾ, ਰਾਸ਼ਟਰ ਦੇ ਵਿਕਾਸ ਵਿਚ ਸਾਰਿਆਂ ਦੇ ਯੋਗਦਾਨ ਅਤੇ ਪੰਚ ਪਰਿਵਰਤਨ ਵਿਚ ਹਰੇਕ ਵਿਅਕਤੀ ਦੀ ਹਿੱਸੇਦਾਰੀ ਦਾ ਸੰਦੇਸ਼ ਦਿੱਤਾ ਜਾਵੇਗਾ। ਸਮਾਜਿਕ ਸਦਭਾਵਨਾ ਮੀਟਿੰਗਾਂ ਬਲਾਕ ਜਾਂ ਸ਼ਹਿਰ ਪੱਧਰ ’ਤੇ ਕੀਤੀਆਂ ਜਾਣਗੀਆਂ, ਜਿਨ੍ਹਾਂ ਦਾ ਮੁੱਖ ਮਕਸਦ ਇਕ ਸੰਗਠਿਤ ਅਤੇ ਸਦਭਾਵਨਾਪੂਰਨ ਸਮਾਜ ਦੀ ਸਿਰਜਣਾ ਕਰਨਾ ਹੋਵੇਗਾ।
ਪ੍ਰਤੀਨਿਧੀ ਸਭਾ ’ਚ ਔਰਤਾਂ ਦੀ ਮੌਜੂਦਗੀ
ਸੰਘ ਦੇ ਇਸ ਪ੍ਰਤੀਨਿਧੀ ਸਭਾ ਦੀ ਸ਼ੁਰੂਆਤ ਦੇ ਪਹਿਲੇ ਦਿਨ ਪ੍ਰੋਗਰਾਮ ਵਿਚ ਔਰਤਾਂ ਦੀ ਮਹੱਤਵਪੂਰਨ ਮੌਜੂਦਗੀ ਸੀ। ਇਸ ਮੀਟਿੰਗ ਵਿਚ ਸੰਘ ਨਾਲ ਜੁੜੀਆਂ ਰਾਸ਼ਟਰੀ ਸੇਵਿਕਾ ਸਮਿਤੀ ਦੇ ਮਹਿਲਾ ਅਹੁਦੇਦਾਰ ਮੌਜੂਦ ਸਨ। ਇਹ ਸੰਸਥਾ ਸਿਰਫ਼ ਔਰਤਾਂ ਲਈ ਕੰਮ ਕਰਦੀ ਹੈ ਅਤੇ ਇਸ ਦੀ ਸੰਸਥਾਪਕ ਲਕਸ਼ਮੀਬਾਈ ਕੇਲਕਰ ਸੀ। ਰਾਸ਼ਟਰੀ ਸੇਵਿਕਾ ਸਮਿਤੀ ਦੇ ਮੌਜੂਦਾ ਮੁਖੀ ਦੇ ਨਾਲ ਸੰਗਠਨ ਦੇ ਹੋਰ ਮੁੱਖ ਅਹੁਦੇਦਾਰ ਵੀ ਸੰਘ ਦੀ ਇਸ ਪ੍ਰਤੀਨਿਧੀ ਸਭਾ ਵਿਚ ਹਿੱਸਾ ਲੈ ਰਹੇ ਹਨ। ਇਸ ਸੰਗਠਨ ਦਾ ਮਕਸਦ ਇਕ ਉੱਜਵਲ ਰਾਸ਼ਟਰ ਦਾ ਨਿਰਮਾਣ ਕਰਨਾ ਹੈ ਅਤੇ ਇਸ ਦਾ ਆਦਰਸ਼ ਵਾਕ ‘ਔਰਤ ਰਾਸ਼ਟਰ ਦੀ ਆਧਾਰ ਸ਼ਕਤੀ’ ਹੈ।
ਇਹ ਵੀ ਪੜ੍ਹੋ- Europe ਦਾ ਖ਼ੂਬਸੂਰਤ ਦੇਸ਼ ਲੋਕਾਂ ਨੂੰ ਵਸਣ ਲਈ ਦੇ ਰਿਹੈ 92 ਲੱਖ ਰੁਪਏ, ਪਰ ਇਹ ਹੈ Twist
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
PM ਉੱਜਵਲਾ ਯੋਜਨਾ: ਪਿਛਲੇ 5 ਸਾਲਾਂ 'ਚ ਸਿਲੰਡਰ ਰੀਫਿਲ ਹੋਏ ਦੁੱਗਣੇ
NEXT STORY