ਨੈਸ਼ਨਲ ਡੈਸਕ- ਕਰਨਾਟਕ ਦੇ ਤੁਮਕੁਰੂ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਰਹੱਸਮਈ ਹਾਲਾਤਾਂ ਵਿੱਚ 20 ਮੋਰ ਮ੍ਰਿਤਕ ਪਾਏ ਜਾਣ ਦੀ ਖ਼ਬਰ ਮਿਲੀ ਹੈ।
ਰਿਪੋਰਟਾਂ ਮੁਤਾਬਕ ਸਥਾਨਕ ਲੋਕਾਂ ਨੇ ਤੁਮਕੁਰੂ ਜ਼ਿਲ੍ਹੇ ਦੇ ਮਧੂਗਿਰੀ ਤਾਲੁਕ ਦੇ ਹਨੂਮੰਤਪੁਰਾ ਪਿੰਡ ਵਿੱਚ ਮਰੇ ਹੋਏ ਮੋਰਾਂ ਨੂੰ ਦੇਖਿਆ। ਇਸ ਘਟਨਾ ਬਾਰੇ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਰੇ ਹੋਏ ਪੰਛੀਆਂ ਵਿਚ ਤਿੰਨ ਨਰ ਅਤੇ 17 ਮਾਦਾਵਾਂ ਸ਼ਾਮਲ ਸਨ । ਉਨ੍ਹਾਂ ਕਿਹਾ ਕਿ ਮੋਰਾਂ ਦੀ ਮੌਤ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜੰਗਲਾਤ ਵਿਭਾਗ ਨੇ ਇਸ ਸਬੰਧੀ ਕੇਸ ਦਰਜ ਕਰਕੇ ਜਾਂਚ ਲਈ ਮ੍ਰਿਤਕ ਪੰਛੀ ਫੋਰੈਂਸਿਕ ਸਾਇੰਸ ਲੈਬਾਰਟਰੀ (FSL) 'ਚ ਭੇਜ ਦਿੱਤੇ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 26 ਜੂਨ ਨੂੰ ਚਾਮਰਾਜਨਗਰ ਜ਼ਿਲ੍ਹੇ ਦੇ ਨਰ ਮਹਾਦੇਸ਼ਵਰ ਪਹਾੜੀਆਂ ਦੇ ਹੁਗਯਾਮ ਰੇਂਜ ਵਿੱਚ ਇੱਕ ਮਾਦਾ ਬਾਘਣੀ ਅਤੇ ਉਸਦੇ ਚਾਰ ਬੱਚੇ ਮ੍ਰਿਤਕ ਪਾਏ ਗਏ ਸਨ। ਇਸ ਮਾਮਲੇ ਵਿੱਚ ਅਧਿਕਾਰੀਆਂ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
Raksha Bandhan 'ਤੇ ਰਾਹੂਕਾਲ ਦਾ ਸਾਇਆ, ਇਸ ਸਮੇਂ ਭੁੱਲ ਕੇ ਵੀ ਨਾ ਬੰਨ੍ਹੋ ਰੱਖੜੀ
NEXT STORY