ਆਂਧਰਾ ਪ੍ਰਦੇਸ਼— ਇੱਥੇ ਨਾਬਾਲਗ ਨਾਲ ਰੇਪ ਦੇ 55 ਸਾਲਾ ਦੋਸ਼ੀ ਨੇ ਸ਼ੁੱਕਰਵਾਰ ਦੀ ਸਵੇਰ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਦੇ ਵਿਰੋਧ 'ਚ ਵੀਰਵਾਰ ਨੂੰ ਗੁੰਟੁਰ 'ਚ ਪ੍ਰਦਰਸ਼ਨ ਹੋਇਆ ਸੀ ਜੋ ਕਿ ਹਿੰਸਕ ਹੋ ਗਿਆ ਸੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਡਚੇਪੱਲੀ ਇਲਾਕੇ 'ਚ ਮ੍ਰਿਤਕ ਦੀ ਲਾਸ਼ ਇਕ ਦਰੱਖਤ ਨਾਲ ਲਟਕੀ ਮਿਲੀ। ਖੁਦਕੁਸ਼ੀ ਤੋਂ ਪਹਿਲਾਂ ਦੋਸ਼ੀ ਨੇ ਆਪਣੇ ਇਕ ਰਿਸ਼ਤੇਦਾਰ ਨੂੰ ਫੋਨ ਕੀਤਾ ਸੀ ਅਤੇ ਘਟਨਾ 'ਤੇ ਸ਼ਰਮਿੰਦਗੀ ਜ਼ਾਹਰ ਕੀਤੀ ਸੀ। ਫੋਨ 'ਤੇ ਦੋਸ਼ੀ ਨੇ ਆਪਣੇ ਰਿਸ਼ਤੇਦਾਰ ਨੂੰ ਕਿਹਾ ਸੀ,''ਮੈਂ ਮਰਨ ਵਾਲਾ ਹਾਂ, ਮੈਂ ਆਪਣੀ ਜ਼ਿੰਦਗੀ 'ਚ ਖੁਸ਼ ਸੀ। ਪਤਾ ਨਹੀਂ ਇਹ ਸਭ ਕਿਵੇਂ ਹੋ ਗਿਆ। ਮੈਂ ਜਿਉਂਣਾ ਨਹੀਂ ਚਾਹੁੰਦਾ ਅਤੇ ਆਪਣਾ ਚਿਹਰਾ ਕਿਸੇ ਨੂੰ ਨਹੀਂ ਦਿਖਾਉਣਾ ਚਾਹੁੰਦਾ। ਮੈਂ ਆਪਣੇ ਬੇਟੇ ਨੂੰ ਵੀ ਸ਼ਰਮਿੰਦਾ ਕਰ ਦਿੱਤਾ ਹੈ। ਹੁਣ ਮੈਂ ਉਸ ਨੂੰ ਕਿਵੇਂ ਫੇਸ ਕਰਾਂਗਾ? ਉਸ ਨੂੰ ਮੇਰੀਆਂ ਗਲਤੀਆਂ ਨਾਲ ਇਸ ਸਮਾਜ 'ਚ ਜਿਉਂਣਾ ਹੋਵੇਗਾ। ਮੈਂ ਉਸ ਬੱਚੀ ਅਤੇ ਉਸ ਦੇ ਪਰਿਵਾਰ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਉਸ ਨੂੰ ਹਮੇਸ਼ਾ ਇਸ ਤਕਲੀਫ ਨਾਲ ਜਿਉਂਣਾ ਹੋਵੇਗਾ। ਮੈਂ ਵਾਪਸ ਨਹੀਂ ਆਵਾਂਗਾ ਅਤੇ ਤੁਹਾਨੂੰ ਮੇਰੀ ਲਾਸ਼ ਮਿਲੇਗੀ।''
ਇਹ ਘਟਨਾ ਬੁੱਧਵਾਰ ਨੂੰ ਸਾਹਮਣੇ ਆਈ, ਜਦੋਂ ਇਕ 9 ਸਾਲ ਦੀ ਬੱਚੀ ਨੇ ਤੇਜ਼ ਦਰਦ ਦੀ ਸ਼ਿਕਾਇਤ ਕੀਤੀ। ਉਸ ਦੀ ਮਾਂ ਨੇ ਦੇਖਿਆ ਕਿ ਉਸ ਦੇ ਸਰੀਰ 'ਚੋਂ ਖੂਨ ਨਿਕਲ ਰਿਹਾ ਸੀ। ਬੱਚੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨਾਲ ਯੌਨ ਸ਼ੋਸ਼ਣ ਦੀ ਪੁਸ਼ਟੀ ਕੀਤੀ। ਪੁਲਸ ਅਨੁਸਾਰ ਦੋਸ਼ੀ ਨੇ ਬੱਚੀ ਨੂੰ ਚਾਕਲੇਟ ਦਾ ਲਾਲਚ ਦੇ ਕੇ ਆਪਣਾ ਕੋਲ ਬੁਲਾਇਆ ਅਤੇ ਉਸ ਨਾਲ ਰੇਪ ਕੀਤਾ। ਇਸ ਤੋਂ ਬਾਅਦ ਉਸ ਨੇ ਬੱਚੀ ਨੂੰ ਧਮਕਾਇਆ ਕਿ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਅੰਜਾਮ ਬੁਰਾ ਹੋਵੇਗਾ ਅਤੇ ਫਿਰ ਫਰਾਰ ਹੋ ਗਿਆ। ਇਸ ਘਟਨਾ ਨੂੰ ਲੈ ਕੇ ਡਚੇਪੱਲੀ ਇਲਾਕੇ 'ਚ ਕਾਫੀ ਗੁੱਸਾ ਹੈ। ਵੀਰਵਾਰ ਨੂੰ ਵੱਡੀ ਗਿਣਤੀ 'ਚ ਲੋਕ ਸੜਕਾਂ 'ਤੇ ਉਤਰ ਆਏ ਅਤੇ ਹਾਈਵੇਅ-ਰੇਲ ਲਾਈਨਾਂ ਨੂੰ ਬਲਾਕ ਕਰ ਦਿੱਤਾ। ਦੋਸ਼ੀ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਵੀ ਕੀਤੀ। ਸਥਿਤੀ ਕਾਬੂ 'ਚ ਲਿਆਉਣ ਲਈ ਸਪੈਸ਼ਲ ਫੋਰਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ਸਟੇਟ ਟਰਾਂਸਪੋਰਟ ਦੀਆਂ 3 ਬੱਸਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਜਿਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ। ਗੁੱਸਾਈ ਭੀੜ ਨੇ ਦੋਸ਼ੀ ਦੇ ਘਰ 'ਚ ਵੀ ਭੰਨ-ਤੋੜ ਕੀਤੀ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਪੁਲਸ ਨੂੰ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ।
Pics : ਤੂਫਾਨ-ਹਨੇਰੀ ਨੇ ਬੁਝਾਏ ਕਈ ਘਰਾਂ ਦੇ ਚਿਰਾਗ, ਕਈ ਹੋਏ ਜ਼ਖਮੀ
NEXT STORY