ਗੋਂਡਾ- ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਬੀਤੇ ਦਿਨੀਂ ਹੋਏ ਅੱਤਵਾਦੀ ਹਮਲੇ ਵਿਚ ਜ਼ਖ਼ਮੀ 8 ਸ਼ਰਧਾਲੂਆਂ ਵਿਚੋਂ 7 ਉੱਤਰ ਪ੍ਰਦੇਸ਼ ਦੇ ਗੋਂਡਾ ਸਥਿਤ ਆਪਣੇ ਘਰ ਆਏ ਅਤੇ ਉਨ੍ਹਾਂ ਨੇ ਹਮਲੇ ਨੂੰ ਲੈ ਕੇ ਆਪਣੀ ਹੱਡਬੀਤੀ ਸੁਣਾਈ। ਇਕ ਹੋਰ ਸ਼ਰਧਾਲੂ ਰਾਜੇਸ਼ ਗੁਪਤਾ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਦਾ ਅਜੇ ਜੰਮੂ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਜੰਮੂ ਗਏ ਜ਼ਿਲ੍ਹੇ ਦੇ ਛਪੀਆ ਥਾਣਾ ਖੇਤਰ ਦੇ ਭਿਖਾਰੀਪੁਰ ਪਿੰਡ ਵਾਸੀ ਦੇਵੀ ਪ੍ਰਸਾਦ ਗੁਪਤਾ ਆਪਣੇ ਪਰਿਵਾਰ ਨਾਲ ਵੀਰਵਾਰ ਦੀ ਦੇਰ ਰਾਤ ਆਪਣੇ ਘਰ ਪਹੁੰਚੇ। ਰਿਆਸੀ ਜ਼ਿਲ੍ਹੇ ਵਿਚ ਬੀਤੀ 9 ਜੂਨ ਨੂੰ ਬੱਸ 'ਤੇ ਹੋਏ ਅੱਤਵਾਦੀ ਹਮਲੇ ਵਿਚ ਇੱਥੋਂ ਦੇ 8 ਲੋਕ ਜ਼ਖ਼ਮੀ ਹੋ ਗਏ ਸਨ। ਦੇਵੀ ਪ੍ਰਸਾਦ ਗੁਪਤਾ ਨੇ ਸਹੀ ਸਲਾਮਤ ਘਰ ਪਰਤਣ 'ਤੇ ਉਨ੍ਹਾਂ ਦੇ ਪਰਿਵਾਰ ਨੇ ਚੈਨ ਦਾ ਸਾਹ ਲਿਆ। ਦੱਸ ਦੇਈਏ ਕਿ ਇਸ ਅੱਤਵਾਦੀ ਹਮਲੇ ਵਿਚ 10 ਬੇਕਸੂਰ ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- PM ਮੋਦੀ ਦੇ ਸਹੁੰ ਚੁੱਕ ਸਮਾਗਮ ਦੌਰਾਨ ਜੰਮੂ-ਕਸ਼ਮੀਰ 'ਚ ਹੋਇਆ ਵੱਡਾ ਅੱਤਵਾਦੀ ਹਮਲਾ, 10 ਲੋਕਾਂ ਦੀ ਮੌਤ
ਦੇਵੀ ਪ੍ਰਸਾਦ ਗੁਪਤਾ ਨੇ ਦੱਸਿਆ ਕਿ ਉਹ ਬੀਤੀ 4 ਜੂਨ ਨੂੰ ਆਪਣੀ ਪਤਨੀ ਨੀਲਮ ਗੁਪਤਾ, ਪੁੱਤਰ ਪ੍ਰਿੰਸ, ਪੁੱਤਰੀ ਪਲਕ, ਭੈਣ-ਜੀਜਾ ਬਿੱਟਨ ਅਤੇ ਰਾਜੇਸ਼ ਗੁਪਤਾ ਵਾਸੀ ਪਿੰਡ ਖੀਰੀਆ ਮਜਗਣਵਾ, ਦੋਸਤ ਦੀਪਕ ਕੁਮਾਰ ਰਾਏ ਵਾਸੀ ਮਾਣਕਪੁਰ ਅਤੇ ਰਿਸ਼ਤੇਦਾਰ ਦਿਨੇਸ਼ ਗੁਪਤਾ ਵਾਸੀ ਕਾਨਪੁਰ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਰੇਲ ਗੱਡੀ ਰਾਹੀਂ ਜੰਮੂ ਗਏ ਹੋਏ ਸਨ। ਉਨ੍ਹਾਂ ਨੇ ਉਸ ਭਿਆਨਕ ਹਮਲੇ ਬਾਰੇ ਦੱਸਿਆ ਕਿ 9 ਜੂਨ ਨੂੰ ਸ਼ਿਵਖੋੜੀ ਦੇ ਦਰਸ਼ਨ ਕਰਨ ਤੋਂ ਬਾਅਦ ਜਦੋਂ ਬੱਸ ਰਾਹੀਂ ਕਟੜਾ ਪਰਤ ਰਹੇ ਸਨ ਤਾਂ ਬੱਸ 'ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਵੱਲੋਂ ਡਰਾਈਵਰ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਬੱਸ ਪਲਟ ਕੇ ਖੱਡ ਵਿਚ ਜਾ ਡਿੱਗੀ ਅਤੇ ਕਈ ਸ਼ਰਧਾਲੂ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ- ਜੰਮੂ-ਕਸ਼ਮੀਰ ਦੇ ਰਿਆਸੀ 'ਚ ਬੱਸ 'ਤੇ ਹੋਏ ਅੱਤਵਾਦੀ ਹਮਲੇ ਦੀ ਤਰੁਣ ਚੁੱਘ ਨੇ ਕੀਤੀ ਨਿੰਦਾ
ਦੇਵੀ ਪ੍ਰਸਾਦ ਦੀ ਪਤਨੀ ਨੀਲਮ ਗੁਪਤਾ ਦਾ ਕਹਿਣਾ ਹੈ ਕਿ ਬੱਸ ਖੱਡ ਵਿੱਚ ਡਿੱਗਣ ਤੋਂ ਬਾਅਦ ਵੀ ਅੱਤਵਾਦੀਆਂ ਨੇ ਗੋਲੀਬਾਰੀ ਜਾਰੀ ਰੱਖੀ। ਲੱਗਦਾ ਸੀ ਕਿ ਉਹ ਸਾਰੇ ਸ਼ਰਧਾਲੂਆਂ ਨੂੰ ਮਾਰਨਾ ਚਾਹੁੰਦੇ ਸਨ। ਨੀਲਮ ਨੇ ਕਿਹਾ ਕਿ ਸਾਰੇ ਯਾਤਰੀ ਗੋਲੀਬਾਰੀ ਤੋਂ ਬਚਣ ਲਈ ਬੱਸ ਵਿਚ ਲੁਕੇ ਰਹੇ। ਕੁਝ ਸਮੇਂ ਬਾਅਦ ਜਦੋਂ ਗੋਲੀਬਾਰੀ ਬੰਦ ਹੋ ਗਈ ਅਤੇ ਸਾਨੂੰ ਲੱਗਾ ਕਿ ਅੱਤਵਾਦੀ ਚਲੇ ਗਏ ਹਨ ਅਤੇ ਖਤਰਾ ਟਲ ਗਿਆ ਹੈ ਤਾਂ ਕੁਝ ਸ਼ਰਧਾਲੂਆਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬਾਕੀ ਲੋਕਾਂ ਨੂੰ ਬੱਸ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਜਾਣੋ ਕੌਣ ਹਨ ਉਹ 7 ਮਹਿਲਾ ਮੰਤਰੀ, ਜਿਨ੍ਹਾਂ ਨੂੰ ਮੋਦੀ ਕੈਬਨਿਟ 'ਚ ਮਿਲੀ ਥਾਂ
ਕੁਝ ਸਮੇਂ ਬਾਅਦ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਸਾਰੇ ਸ਼ਰਧਾਲੂਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਜੰਮੂ ਅਤੇ ਕਟੜਾ ਦੇ ਹਸਪਤਾਲਾਂ 'ਚ ਲਿਜਾਇਆ ਗਿਆ। ਦੇਵੀ ਪ੍ਰਸਾਦ ਗੁਪਤਾ ਨੇ ਦੱਸਿਆ ਕਿ ਉਸ ਦੀ ਖੱਬੀ ਪਸਲੀ ਅਤੇ ਹੱਥ ਵਿਚ ਅਜੇ ਵੀ ਦਰਦ ਹੈ। ਨੀਲਮ ਗੁਪਤਾ ਦੀ ਖੱਬੀ ਲੱਤ ਵਿਚ ਫਰੈਕਚਰ ਹੈ। ਪੁੱਤਰ ਪ੍ਰਿੰਸ ਅਤੇ ਧੀ ਪਲਕ ਨੂੰ ਵੀ ਸੱਟਾਂ ਲੱਗੀਆਂ। ਗੁਪਤਾ ਦੇ ਜੀਜਾ ਰਾਜੇਸ਼ ਗੁਪਤਾ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਉਸ ਦਾ ਜੰਮੂ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਦੇਵੀ ਪ੍ਰਸਾਦ ਨੇ ਗੋਂਡਾ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਤੇ ਪੁਲਸ ਟੀਮ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
2024 ਦੀਆਂ ਲੋਕ ਸਭਾ ਚੋਣਾਂ 'ਚ ਭਗਵਾਨ ਰਾਮ ਨੇ ਹੰਕਾਰ 'ਤੇ ਕੀਤਾ ਹਮਲਾ : ਇੰਦਰੇਸ਼ ਕੁਮਾਰ
NEXT STORY