ਜੰਮੂ— ਜੰਮੂ-ਕਸ਼ਮੀਰ ਵਿਚ ਸਥਿਤ ਕੰਟਰੋਲ ਰੇਖਾ ’ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਸਮਝੌਤੇ ਨੂੰ ਬਰਕਰਾਰ ਰੱਖਣ ਲਈ ਸਹਿਮਤ ਹੋਣ ਮਗਰੋਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਰਹੱਦੀ ਪਿੰਡਾਂ ਵਿਚ ਵਿਆਹ ਦੀਆਂ ਰੌਣਕਾਂ ਪਰਤਣ ਲੱਗੀਆਂ ਹਨ। ਭਾਰਤ ਅਤੇ ਪਾਕਿਸਤਾਨ ਦੇ ਫ਼ੌਜੀ ਮੁਹਿੰਮ ਦੇ ਜਨਰਲ ਡਾਇਰੈਕਟਰਾਂ (ਡੀ. ਜੀ. ਐੱਮ. ਓ.) ਦੇ 24-25 ਫਰਵਰੀ ਨੂੰ ਜੰਗਬੰਦੀ ਸਮਝੌਤੇ ਨੂੰ ਬਰਕਰਾਰ ਰੱਖਣ ’ਤੇ ਸਹਿਮਤ ਹੋਣ ਨਾਲ ਕੰਟਰੋਲ ਰੇਖਾ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਸਰਹੱਦ ਪਾਰ ਤੋਂ ਹੋਣ ਵਾਲੀ ਗੋਲੀਬਾਰੀ ਦੇ ਖ਼ਤਰੇ ਤੋਂ ਰਾਹਤ ਮਿਲੀ ਹੈ। ਦੋਹਾਂ ਦੇਸ਼ਾਂ ਵਿਚਾਲੇ ਨਵੰਬਰ 2003 ’ਚ ਜੰਗਬੰਦੀ ਸਮਝੌਤਾ ਹੋਇਆ ਸੀ ਪਰ 2006 ਤੋਂ ਬਾਅਦ ਇਸ ਨੇ ਆਪਣੀ ਸਾਰਥਕਤਾ ਗੁਆ ਦਿੱਤੀ ਅਤੇ ਵਾਰ-ਵਾਰ ਜੰਗਬੰਦੀ ਦਾ ਉਲੰਘਣ ਹੁੰਦਾ ਰਿਹਾ।
ਗੋਲੀਬਾਰੀ ਦੀ ਸਭ ਤੋਂ ਜ਼ਿਆਦਾ 5,000 ਤੋਂ ਵਧੇਰੇ ਘਟਨਾਵਾਂ 2020 ’ਚ ਰਿਕਾਰਡ ਕੀਤੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਫਰਵਰੀ ਤੋਂ ਦੋਹਾਂ ਦੇਸ਼ਾਂ ਦੇ ਜੰਗਬੰਦੀ ਸਮਝੌਤੇ ਦਾ ਪਾਲਣ ਕਰਨ ਤੋਂ ਬਾਅਦ ਲੋਕਾਂ ਨੇ ਖੇਤੀਬਾੜੀ ਅਤੇ ਹੋਰ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੇ ਵਿਆਹ ਕਰਨ ਲਈ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਬਜਾਏ ਆਪਣੇ ਘਰਾਂ ਵਿਚ ਹੀ ਵਿਆਹਾਂ ਦੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹੀਂ ਦਿਨੀਂ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ਵਿਚ ਸਰਹੱਦ ’ਤੇ ਬਿਜਲੀ ਦੇ ਬਲਬ ਨਾਲ ਰੋਸ਼ਨ ਵਿਆਹ ਵਾਲੇ ਘਰ ਆਮ ਤੌਰ ’ਤੇ ਦਿੱਸ ਜਾਂਦੇ ਹਨ ਅਤੇ ਲੋਕ ਢੋਲ ਦੀ ਤਾਲ ’ਤੇ ਨੱਚਦੇ ਨਜ਼ਰ ਆਉਂਦੇ ਹਨ। ਇਹ ਅਜਿਹਾ ਦਿ੍ਰਸ਼ ਹੈ, ਜੋ ਗੋਲੀਬਾਰੀ ਦੇ ਡਰ ਤੋਂ ਦਿੱਸਣਾ ਹੀ ਬੰਦ ਹੋ ਗਿਆ ਸੀ।
ਪੁੰਛ ਦੇ ਸਵਿਯਾਨ ਇਲਾਕੇ ਜ਼ੀਰੋ ਲਾਈਨ ਨਾਲ ਲੱਗਦੇ ਗਗਰੀਆ ਪਿੰਡ ਵਿਚ ਇਕ ਲਾੜੇ ਪਰਵੇਜ਼ ਅਹਿਮਦ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੀ ਰੌਣਕ ਲੰਬੇ ਸਮੇਂ ਬਾਅਦ ਵੇਖ ਕੇ ਕਾਫੀ ਖੁਸ਼ ਹਾਂ। ਅਹਿਮਦ ਉਨ੍ਹਾਂ ਲੋਕਾਂ ਵਿਚ ਸ਼ਾਮਲ ਹਨ, ਜਿਨ੍ਹਾਂ ਦਾ ਵਿਆਹ ਪਿਛਲੇ ਹਫ਼ਤੇ ਹੋਇਆ ਹੈ। ਸਥਾਨਕ ਵਾਸੀ ਮੁਹੰਮਦ ਅਕਬਰ ਮੀਰ ਨੇ ਕਿਹਾ ਕਿ ਪਹਿਲਾਂ ਸਾਨੂੰ ਸਰਹੱਦ ਪਾਰ ਹੋਣ ਵਾਲੀ ਭਾਰੀ ਗੋਲੀਬਾਰੀ ਕਾਰਨ ਘਰਾਂ ਵਿਚ ਹੀ ਰਹਿਣਾ ਪੈਂਦਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਧੂਮ-ਧਾਮ ਨਾਲ ਵਿਆਹ ਹੋ ਰਹੇ ਹਨ। ਕਾਰੋਬਾਰ ਵਰਗੀਆਂ ਆਮ ਗਤੀਵਿਧੀਆਂ ਵੀ ਸ਼ੁਰੂ ਹੋ ਗਈਆਂ ਹਨ। ਪਹਿਲਾਂ ਤਾਂ ਸਾਨੂੰ ਪਿੰਡ ਦੇ ਉੱਪਰ ਪਹਾੜਾਂ ’ਤੇ ਰੱਖੀਆਂ ਪਾਕਿਸਤਾਨੀ ਬੰਦੂਕਾਂ ਦਾ ਡਰ ਰਹਿੰਦਾ ਸੀ। ਨਵੀਂ ਵਿਆਹੀ ਇਕ ਲਾੜੀ ਨੇ ਕਿਹਾ ਕਿ ਗੋਲੀਬਾਰੀ ਨੇ ਸਰਹੱਦ ਨਾਲ ਲੱਗਦੇ ਇਲਾਕਿਆਂ ਵਿਚ ਰਹਿਣ ਵਾਲਿਆਂ ਦੀ ਜ਼ਿੰਦਗੀ ਨੂੰ ਬਹੁਤ ਖ਼ਤਰੇ ’ਚ ਪਾਇਆ ਹੋਇਆ ਸੀ। ਹੁਣ ਅਸੀਂ ਖੁਸ਼ ਹਾਂ, ਕਿਉਂਕਿ ਹਾਲ ਹੀ ਦੇ ਸਮਝੌਤੇ ਨਾਲ ਸ਼ਾਂਤੀ ਪਰਤੀ ਹੈ।
10ਵੀਂ ਦੀ ਪ੍ਰੀਖਿਆ ਰੱਦ ਕਰਨ 'ਤੇ ਖੁਸ਼ੀ, 12ਵੀਂ ਜਮਾਤ ਦੀ ਪ੍ਰੀਖਿਆ 'ਤੇ ਵੀ ਹੋਵੇ ਅੰਤਿਮ ਫ਼ੈਸਲਾ : ਪ੍ਰਿਯੰਕਾ
NEXT STORY