ਨਵੀਂ ਦਿੱਲੀ— ਆਜ਼ਾਦੀ ਦਿਹਾੜੇ ’ਤੇ ਰਾਜਧਾਨੀ ਵਿਚ ਕਿਸਾਨ ਅੰਦੋਲਨ ਨਾਲ ਸਬੰਧਤ ਕਈ ਪ੍ਰੋਗਰਾਮ ਨਾ ਹੋਣ ਨਾਲ ਦਿੱਲੀ ਪੁਲਸ ਨੇ ਐਤਵਾਰ ਨੂੰ ਰਾਹਤ ਦਾ ਸਾਹ ਲਿਆ। ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਰੀਬ 8 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨ ਆਗੂਆਂ ਨੇ ਦਿੱਲੀ ਦੀਆਂ ਸਰਹੱਦਾਂ ’ਤੇ ਕੋਈ ਪ੍ਰੋਗਰਾਮ ਨਾ ਕਰਨ ਦਾ ਐਲਾਨ ਕੀਤਾ ਸੀ। ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੀਆਂ ਸਰਹੱਦਾਂ ’ਤੇ ਧਰਨੇ ’ਤੇ ਬੈਠੇ ਕਿਸਾਨਾਂ ਕਾਰਨ ਸੁਰੱਖਿਆ ਨੂੰ ਲੈ ਕੇ ਚਿੰਤਤ ਦਿੱਲੀ ਪੁਲਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਮਗਰੋਂ ਰਾਹਤ ਦਾ ਸਾਹ ਲਿਆ। ਦੱਸ ਦੇਈਏ ਕਿ ਗਣਤੰਤਰ ਦਿਵਸ ਮੌਕੇ ਕਿਸਾਨ ਪਰੇਡ ਕਾਰਨ ਲਾਲ ਕਿਲ੍ਹੇ ’ਤੇ ਖਲਲ ਪੈਦਾ ਹੋਇਆ ਸੀ। ਇਸ ਵਜ੍ਹਾ ਕਰ ਕੇ ਕਿਸੇ ਅਣਹੋਣੀ ਦੀ ਸ਼ੰਕਾ ਤੋਂ ਦਿੱਲੀ ਪੁਲਸ ਚਿੰਤਤ ਸੀ। ਇਸ ਦੇ ਮੱਦੇਨਜ਼ਰ ਸੁਰੱਖਿਆ ਦੇ ਖ਼ਾਸ ਇੰਤਜ਼ਾਮ ਕੀਤੇ ਗਏ ਸਨ।
ਪੁਲਸ ਸੂਤਰਾਂ ਨੇ ਦੱਸਿਆ ਕਿ ਸਿੰਘੂ ਅਤੇ ਗਾਜ਼ੀਪੁਰ ਬਾਰਡਰ ਸਮੇਤ ਕਿਸੇ ਵੀ ਸਰਹੱਦ ’ਤੇ ਕਿਸਾਨ ਅੰਦੋਲਨ ਨਾਲ ਜੁੜੀ ਕੋਈ ਅਣਹੋਣੀ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ। ਸਭ ਕੁਝ ਸ਼ਾਂਤੀਪੂਰਨ ਸੰਪੰਨ ਹੋ ਗਿਆ। ਧਰਨੇ ਵਾਲਿਆਂ ਥਾਵਾਂ ’ਤੇ ਕਿਸਾਨ ਆਗੂਆਂ ਨੇ ਤਿਰੰਗੇ ਲਹਿਰਾਏ। ਕਿਸਾਨਾਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਵਾਲੇ ਸ਼ਹੀਦ ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ, ਰਾਸ਼ਟਰਪਿਤਾ ਮਹਾਤਮਾ ਗਾਂਧੀ ਤੋਂ ਇਲਾਵਾ ਨੇਤਾਜੀ ਸੁਭਾਸ਼ ਚੰਦਰ ਬੋਸ ਸਮੇਤ ਕਈ ਮਹਾਪੁਰਸ਼ਾਂ ਨੂੰ ਯਾਦ ਕੀਤਾ। ਕਈ ਥਾਵਾਂ ’ਤੇ ਕਿਸਾਨਾਂ ਨੇ ਤਿਰੰਗਾ ਲਹਿਰਾਉਣ ਮਗਰੋਂ ਦੇਸ਼ ਭਗਤੀ ਦੇ ਗੀਤ ਗਾਏ ਅਤੇ ਸ਼ਹੀਦਾਂ ਦੇ ਸਨਮਾਨ ’ਚ ਨਾਅਰੇ ਲਾਏ।
ਸ਼ਰਾਰਤੀ ਅਨਸਰਾਂ ਨੂੰ ਕੋਈ ਮੌਕਾ ਨਾ ਮਿਲੇ, ਇਸ ਲਈ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ। ਪਿਛਲੀ ਵਾਰ ਵਾਂਗ ਬਦਕਿਸਮਤੀਪੂਰਨ ਘਟਨਾ ਨੂੰ ਅੰਜ਼ਾਮ ਦੇਣ ਦਾ ਮੌਕਾ ਕਿਸੇ ਨੂੰ ਨਾ ਮਿਲੇ, ਇਸ ਲਈ ਵਿਸ਼ੇਸ਼ ਨਿਗਰਾਨੀ ਲਗਾਤਾਰ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਕਿਸਾਨ ਸੰਸਦ ਦੌਰਾਨ ਕਈ ਕਿਸਾਨ ਆਗੂਆਂ ਨੇ ਆਜ਼ਾਦੀ ਦਿਹਾੜੇ ਮੌਕੇ ਜੰਤਰ-ਮੰਤਰ ਪ੍ਰੋਗਰਾਮ ਵਾਲੀ ਥਾਂ ’ਤੇ ਤਿਰੰਗਾ ਲਹਿਰਾਉਣ ਦਾ ਐਲਾਨ ਕੀਤਾ ਸੀ ਪਰ ਸੰਸਦ ਸੈਸ਼ਨ ਦੇ ਤੈਅ ਸਮੇਂ ਤੋਂ ਪਹਿਲਾਂ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਕਿਸਾਨ ਸੰਸਦ ਖ਼ਤਮ ਕਰ ਕੇ ਪੂਰਾ ਇਲਾਕਾ ਖਾਲੀ ਕਰ ਦਿੱਤਾ ਸੀ। ਇਸ ਤੋਂ ਬਾਅਦ ਕਿਸਾਨਾਂ ਵਲੋਂ ਕੋਈ ਪ੍ਰੋਗਰਾਮ ਕਰਨ ਦੀ ਆਗਿਆ ਨਹੀਂ ਲਈ ਗਈ ਸੀ ਪਰ ਪੁਲਸ ਕੋਈ ਚਾਂਸ ਨਹੀਂ ਲੈਣਾ ਚਾਹੁੰਦੀ ਸੀ।
ਜ਼ਿਕਰਯੋਗ ਹੈ ਕਿ ਇਸ ਸਾਲ ਗਣਤੰਤਰ ਦਿਵਸ ’ਤੇ ਕਿਸਾਨਾਂ ਦੀ ਟਰੈਕਟਰ ਪਰੇਡ ਬੇਕਾਬੂ ਹੋ ਗਈ ਸੀ। ਪੁਲਸ ਅਤੇ ਅੰਦੋਲਨਕਾਰੀ ਆਂ ਵਿਚਾਲੇ ਹਿੰਸਕ ਘਟਨਾਵਾਂ ਵਿਚ ਸੈਂਕੜੇ ਕਿਸਾਨ ਅਤੇ ਪੁਲਸ ਕਰਮੀ ਜ਼ਖਮੀ ਹੋਏ ਸਨ। ਇਕ ਨੌਜਵਾਨ ਕਿਸਾਨ ਦੀ ਮੌਤ ਵੀ ਹੋ ਗਈ ਸੀ। ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਲਾਲ ਕਿਲ੍ਹਾ ਦੀ ਪ੍ਰਾਚੀਰ ਤੱਕ ਪਹੁੰਚ ਗਏ ਸਨ ਅਤੇ ਇੱਥੇ ਕੇਸਰੀ ਝੰਡਾ ਲਹਿਰਾ ਦਿੱਤਾ ਸੀ।
CJI ਰਮਨਾ ਬੋਲੇ- ‘ਸੰਸਦ ’ਚ ਬਿਨਾਂ ਬਹਿਸ ਦੇ ਪਾਸ ਹੋ ਰਹੇ ਕਾਨੂੰਨ ਪਰ ਭੁਗਤਨਾ ਅਦਾਲਤਾਂ ਨੂੰ ਪੈ ਰਿਹਾ’
NEXT STORY