ਨਵੀਂ ਦਿੱਲੀ— ਏਮਜ਼ ਦੇ ਡਾਕਟਰਾਂ ਨੇ 10 ਸਾਲਾ ਇਕ ਕੁੜੀ ਦੀ ਪਿੱਠ 'ਚੋਂ 2 ਇੰਚ ਲੰਬੀ ਸੂਈ ਸਫ਼ਲਤਾਪੂਰਵਕ ਕੱਢ ਲਈ। ਕੁੜੀ ਦੀ ਮਾਂ ਨੇ ਘਰ ਦੇ ਬਿਸਤਰ 'ਤੇ ਇਹ ਸੂਈ ਛੱਡ ਦਿੱਤੀ ਸੀ, ਜੋ ਕੁੜੀ ਦੇ ਸਰੀਰ 'ਚ ਵੜ ਗਈ। ਕੁੜੀ ਨੇ ਘਰ ਵਾਲਿਆਂ ਨੂੰ ਸ਼ਿਕਾਇਤ ਕੀਤੀ ਕਿ ਉਸ ਦੀ ਪਿੱਠ 'ਚ ਕੁਝ ਚੁੱਭ ਰਿਹਾ ਹੈ, ਕਿਉਂਕਿ ਉਸ ਨੂੰ ਤੇਜ਼ ਦਰਦ ਮਹਿਸੂਸ ਹੋ ਰਿਹਾ ਹੈ ਪਰ ਉਸ ਦੇ ਮਾਤਾ-ਪਿਤਾ ਇਸ ਦਾ ਕਾਰਨ ਸਮਝ ਨਹੀਂ ਸਕੇ। ਏਮਜ਼ 'ਚ ਬੱਚਿਆਂ ਦੀ ਸਰਜਨ ਡਾ. ਸ਼ਿਲਪਾ ਸ਼ਰਮਾ ਨੇ ਕਿਹਾ ਕਿ ਕੁੜੀ ਨੂੰ ਕੋਲ ਦੇ ਚਾਚਾ ਨਹਿਰੂ ਬਾਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਐਕਸ-ਰੇਅ ਕੀਤਾ ਗਿਆ। ਐਕਸ-ਰੇਅ 'ਚ ਬੱਚੀ ਦੀ ਪਿੱਠ 'ਚ ਸੂਈ ਨਜ਼ਰ ਆਈ। ਡਾਕਟਰ ਨੇ ਕਿਹਾ ਕਿ ਉੱਥੇ ਸੂਈ ਨੂੰ ਕੱਢਣ ਲਈ ਸਰਜਰੀ ਕੀਤੀ ਗਈ ਪਰ ਬਦਕਿਸਮਤੀ ਨਾਲ ਆਪਰੇਸ਼ਨ ਦੌਰਾਨ ਸੂਈ ਨਹੀਂ ਲੱਭੀ ਜਾ ਸਕੀ। ਦਰਦ ਹੋਰ ਵਧਣ 'ਤੇ ਕੁੜੀ ਨੂੰ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) ਦੇ ਟਰਾਮਾ ਸੈਂਟਰ ਰੈਫਰ ਕੀਤਾ ਗਿਆ।
ਸ਼ਰਮਾ ਨੇ ਦੱਸਿਆ,''ਐਕਸ-ਰੇਅ ਦੌਰਾਨ ਪਿੱਠ ਦੀ ਮਾਸਪੇਸ਼ੀ 'ਚ ਸੂਈ ਨਜ਼ਰ ਆਈ। ਅਸੀਂ ਇੰਤਜ਼ਾਰ ਕਰਨ ਦਾ ਫੈਸਲਾ ਕੀਤਾ, ਜਿਸ ਨਾਲ ਇਹ ਨੇੜਲੇ ਟਿਸ਼ੂਆਂ ਨਾਲ ਜੰਮ ਜਾਵੇ ਅਤੇ ਸਰਜਰੀ ਦੌਰਾਨ ਇੱਧਰ-ਉੱਧਰ ਨਾ ਹੋਵੇ।'' ਉਨ੍ਹਾਂ ਨੇ ਕਿਹਾ,''2 ਹਫ਼ਤਿਆਂ ਤੱਕ ਇੰਤਜ਼ਾਰ ਕੀਤਾ ਅਤੇ ਇਸ ਦੌਰਾਨ ਬੱਚੀ ਨੂੰ ਲਗਾਤਾਰ ਨਿਗਰਾਨੀ 'ਚ ਰੱਖਿਆ ਗਿਆ, ਜਿਸ ਨਾਲ ਇਹ ਯਕੀਨੀ ਹੋ ਸਕੇ ਕਿ ਸੂਈ ਉੱਥੇ ਹੀ ਹੈ ਅਤੇ ਸਰੀਰ ਦੇ ਕਿਸੇ ਦੂਜੇ ਅਹਿਮ ਹਿੱਸੇ ਜਾਂ ਨਸ 'ਚ ਨਾ ਚੱਲੀ ਜਾਵੇ। ਇਹ ਰੀੜ੍ਹ ਦੀ ਨਲੀ ਦੇ ਬੇਹੱਦ ਕਰੀਬ ਸੀ ਪਰ ਸੰਜੋਗ ਨਾਲ ਕੋਈ ਨੁਕਸਾਨ ਨਹੀਂ ਹੋਇਆ। ਬੱਚੀ ਨੂੰ ਰੇਡੀਏਸ਼ਨ ਦੇ ਖਤਰੇ ਤੋਂ ਬਚਾਉਣ ਲਈ ਵਾਰ-ਵਾਰ ਐਕਸ-ਰੇਅ ਦੀ ਬਜਾਏ ਅਲਟਰਾਸਰਾਊਂਡ ਕੀਤਾ ਗਿਆ।'' ਸ਼ਰਮਾ ਨੇ ਕਿਹਾ ਕਿ 30 ਅਗਸਤ ਨੂੰ ਕੁੜੀ ਦਾ ਆਪੇਰਸ਼ਨ ਕੀਤਾ ਗਿਆ। ਸੂਈ ਉਸ ਦੇ ਸਰੀਰ 'ਚ ਇਕ ਇੰਚ ਤੋਂ ਵਧ ਡੂੰਘੀ ਧੱਸੀ ਹੋਈ ਸੀ। ਆਪਰੇਸ਼ਨ ਨਾਲ ਜੁੜੇ ਨਿਊਰੋਏਨੇਸਥੇਟਿਸਟ ਡਾ. ਗਿਆਨੇਂਦਰ ਸਿੰਘ ਨੇ ਕਿਹਾ ਕਿ ਸੂਈ ਨੂੰ ਬੇਹੱਦ ਹੌਲੀ-ਹੌਲੀ ਕੱਢ ਲਿਆ ਗਿਆ। ਬੱਚੀ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਅਤੇ ਕੁਝ ਘੰਟਿਆਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ। ਡਾ. ਸ਼ਰਮਾ ਨੇ ਕਿਹਾ ਕਿ ਬੱਚੀ ਹੁਣ ਠੀਕ ਹੈ ਅਤੇ ਆਪਣੀਆਂ ਰੋਜ਼ਾਨਾ ਗਤੀਵਿਧੀਆਂ ਨੂੰ ਆਰਾਮ ਨਾਲ ਪੂਰਾ ਕਰ ਰਹੀ ਹੈ।
ਐੱਨ.ਆਈ.ਏ. ਨੇ ਚੇਨਈ ਤੋਂ ਜਮਾਤ-ਉਲ-ਮੁਜਾਹੀਦੀਨ ਦਾ ਅੱਤਵਾਦੀ ਗ੍ਰਿਫ਼ਤਾਰ ਕੀਤਾ
NEXT STORY