ਨੈਸ਼ਨਲ ਡੈਸਕ : ਕੌਮੀ ਰਾਜਧਾਨੀ ਖੇਤਰ (NCR) ਦੀ ਹਵਾ ਹੁਣ ਸਿਰਫ਼ ਖਰਾਬ ਨਹੀਂ, ਸਗੋਂ 'ਪਬਲਿਕ ਹੈਲਥ ਐਮਰਜੈਂਸੀ' (Public Health Emergency) ਬਣ ਚੁੱਕੀ ਹੈ। ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (AIIMS) ਦੇ ਪਲਮੋਨਰੀ ਮੈਡੀਸਨ ਅਤੇ ਸਲੀਪ ਡਿਸਆਰਡਰਜ਼ ਵਿਭਾਗ ਦੇ ਮੁਖੀ (HOD) ਡਾ. ਅਨੰਤ ਮੋਹਨ ਨੇ ਇੱਕ ਬੇਹੱਦ ਚਿੰਤਾਜਨਕ ਚੇਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਸਾਫ਼ ਕਿਹਾ ਹੈ ਕਿ ਦਿੱਲੀ ਦੀ ਹਵਾ ਦਾ ਪੱਧਰ ਹੁਣ 'ਗੰਭੀਰ, ਖ਼ਤਰਨਾਕ ਅਤੇ ਜਾਨਲੇਵਾ' ਸ਼੍ਰੇਣੀ ਵਿੱਚ ਪਹੁੰਚ ਗਿਆ ਹੈ।
ਇਹ ਚਿਤਾਵਨੀ ਡਾਟਾ 'ਤੇ ਨਹੀਂ, ਸਗੋਂ ਹਸਪਤਾਲਾਂ ਵਿੱਚ ਤੇਜ਼ੀ ਨਾਲ ਵਧ ਰਹੇ ਮਰੀਜ਼ਾਂ ਦੀ ਅਸਲ ਸਥਿਤੀ 'ਤੇ ਅਧਾਰਤ ਹੈ। ਡਾਕਟਰਾਂ ਮੁਤਾਬਕ ਓਪੀਡੀ ਅਤੇ ਐਮਰਜੈਂਸੀ ਦੋਵਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਸਭ ਤੋਂ ਵੱਧ ਚਿੰਤਾ ਵਾਲੀ ਗੱਲ ਇਹ ਹੈ ਕਿ ਸਿਰਫ਼ ਪੁਰਾਣੇ ਸਾਹ ਦੇ ਮਰੀਜ਼ ਹੀ ਨਹੀਂ, ਸਗੋਂ ਉਹ ਲੋਕ ਵੀ ਬਿਮਾਰ ਪੈ ਰਹੇ ਹਨ ਜੋ ਇਸ ਤੋਂ ਪਹਿਲਾਂ ਬਿਲਕੁਲ ਸਿਹਤਮੰਦ ਸਨ ਅਤੇ ਜਿਨ੍ਹਾਂ ਨੂੰ ਕਦੇ ਸਾਹ ਦੀ ਕੋਈ ਸਮੱਸਿਆ ਨਹੀਂ ਹੋਈ।
ਸਿਹਤ 'ਤੇ ਬਹੁ-ਪੱਖੀ ਹਮਲਾ
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਲੋਕਾਂ ਨੂੰ ਲਗਾਤਾਰ ਖੰਘ, ਗਲੇ ਵਿੱਚ ਜਲਣ, ਛਾਤੀ ਵਿੱਚ ਭਾਰੀਪਨ ਜਾਂ ਜਕੜਨ, ਅਤੇ ਗਾੜ੍ਹਾ ਕਫ਼ ਬਣਨ ਦੀਆਂ ਸ਼ਿਕਾਇਤਾਂ ਸਭ ਤੋਂ ਵੱਧ ਆ ਰਹੀਆਂ ਹਨ। PM2.5 ਵਰਗੇ ਬਰੀਕ ਕਣ ਸਿੱਧੇ ਸਾਹ ਦੀਆਂ ਨਲੀਆਂ ਵਿੱਚ ਸੋਜ ਪੈਦਾ ਕਰਦੇ ਹਨ ਅਤੇ ਫੇਫੜਿਆਂ ਦੀ ਸਮਰੱਥਾ ਘਟਾ ਦਿੰਦੇ ਹਨ।
ਪ੍ਰਦੂਸ਼ਣ ਦਾ ਅਸਰ ਹੁਣ ਸਿਰਫ਼ ਫੇਫੜਿਆਂ ਤੱਕ ਸੀਮਤ ਨਹੀਂ ਰਿਹਾ:
• ਦਿਲ ਦੇ ਰੋਗ: PM2.5 ਕਣ ਖੂਨ ਵਿੱਚ ਦਾਖਲ ਹੋ ਕੇ ਸੋਜ ਵਧਾਉਂਦੇ ਹਨ ਅਤੇ ਦਿਲ 'ਤੇ ਵਾਧੂ ਦਬਾਅ ਪਾਉਂਦੇ ਹਨ। ਇਸ ਨਾਲ ਦਿਲ ਦੀ ਧੜਕਣ ਅਸਧਾਰਨ ਹੋ ਸਕਦੀ ਹੈ, ਬਲੱਡ ਪ੍ਰੈਸ਼ਰ ਅਚਾਨਕ ਵੱਧ ਸਕਦਾ ਹੈ, ਅਤੇ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ।
• ਬ੍ਰੇਨ ਸਟ੍ਰੋਕ: ਜ਼ਹਿਰੀਲੀ ਹਵਾ ਖੂਨ ਨੂੰ ਗਾੜ੍ਹਾ ਕਰਦੀ ਹੈ ਅਤੇ ਖੂਨ ਦੀਆਂ ਨਾੜੀਆਂ ਵਿੱਚ ਸੋਜ ਵਧਾਉਂਦੀ ਹੈ, ਜਿਸ ਨਾਲ ਬ੍ਰੇਨ ਸਟ੍ਰੋਕ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।
ਚਮੜੀ ਅਤੇ ਅੱਖਾਂ
ਚਿਹਰੇ 'ਤੇ ਧੱਫੜ, ਐਕਜ਼ੀਮਾ, ਖੁਜਲੀ, ਐਲਰਜੀ ਅਤੇ ਪਿਗਮੈਂਟੇਸ਼ਨ ਵਰਗੀਆਂ ਚਮੜੀ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ। ਨਾਲ ਹੀ, ਅੱਖਾਂ ਵਿੱਚ ਜਲਨ, ਲਾਲੀ, ਖੁਜਲੀ ਤੇ ਪਾਣੀ ਆਉਣ ਦੀਆਂ ਸ਼ਿਕਾਇਤਾਂ ਵੀ ਵੱਧ ਰਹੀਆਂ ਹਨ।
ਬੱਚਿਆਂ ਅਤੇ ਬਜ਼ੁਰਗਾਂ ਨੂੰ ਵੱਧ ਖਤਰਾ
ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਬੱਚਿਆਂ ਦੇ ਫੇਫੜੇ ਅਜੇ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਏ ਹੁੰਦੇ, ਜਦੋਂ ਕਿ ਬਜ਼ੁਰਗਾਂ ਦੀ ਪ੍ਰਤੀਰੋਧਕ ਸਮਰੱਥਾ ਘੱਟ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਤੇਜ਼ ਖੰਘ, ਬੁਖਾਰ ਅਤੇ ਸਾਹ ਫੁੱਲਣ ਵਰਗੀਆਂ ਸਮੱਸਿਆਵਾਂ ਜ਼ਿਆਦਾ ਪ੍ਰੇਸ਼ਾਨ ਕਰ ਰਹੀਆਂ ਹਨ।
ਪ੍ਰਦੂਸ਼ਣ ਦੇ ਮੁੱਖ ਕਾਰਨ
ਦਿੱਲੀ ਵਿੱਚ ਹਵਾ ਦੇ ਜ਼ਹਿਰੀਲੇ ਹੋਣ ਦੇ ਕਾਰਨਾਂ ਵਿੱਚ ਪ੍ਰਮੁੱਖ ਤੌਰ 'ਤੇ ਪਰਾਲੀ ਜਲਾਉਣ ਦਾ ਧੂੰਆਂ, ਵਾਹਨ ਪ੍ਰਦੂਸ਼ਣ, ਉਸਾਰੀ ਦੀ ਧੂੜ, ਅਤੇ ਇੰਡਸਟਰੀਅਲ ਪ੍ਰਦੂਸ਼ਣ ਸ਼ਾਮਲ ਹਨ। ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਠੰਢੇ ਮੌਸਮ ਵਿੱਚ ਹਵਾ ਬਿਲਕੁਲ ਨਹੀਂ ਚੱਲ ਰਹੀ, ਜਿਸ ਕਾਰਨ ਸਾਰਾ ਪ੍ਰਦੂਸ਼ਣ ਇੱਕੋ ਥਾਂ 'ਤੇ ਰੁਕ ਜਾਂਦਾ ਹੈ। ਬੁੱਧਵਾਰ ਸਵੇਰੇ, ਵਜ਼ੀਰਪੁਰ (578) ਅਤੇ ਗ੍ਰੇਟਰ ਨੋਇਡਾ ਦੇ ਨਾਲੇਜ ਪਾਰਕ-5 (553) ਵਰਗੇ ਸਟੇਸ਼ਨਾਂ 'ਤੇ ਗੰਭੀਰ AQI ਲੈਵਲ ਰਿਕਾਰਡ ਕੀਤਾ ਗਿਆ।
ਡਾਕਟਰਾਂ ਦੀ ਸਿੱਧੀ ਸਲਾਹ
ਡਾਕਟਰ ਅਨੰਤ ਮੋਹਨ ਨੇ ਸਲਾਹ ਦਿੱਤੀ ਹੈ ਕਿ ਲੋਕ ਇਸ ਸਮੇਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰਨ।
1. ਜੇ ਜ਼ਰੂਰੀ ਨਾ ਹੋਵੇ ਤਾਂ ਘਰੋਂ ਬਾਹਰ ਨਾ ਨਿਕਲੋ, ਖਾਸ ਕਰਕੇ ਸਵੇਰ ਵੇਲੇ।
2. ਬਾਹਰ ਜਾਣ ਸਮੇਂ N95 ਮਾਸਕ ਜ਼ਰੂਰ ਪਹਿਨੋ।
3. ਘਰ ਵਿੱਚ ਏਅਰ ਪਿਊਰੀਫਾਇਰ/ਹਯੂਮੀਡੀਫਾਇਰ ਦੀ ਵਰਤੋਂ ਕਰੋ।
4. ਬਾਹਰ ਖੇਡਣ ਲਈ ਬੱਚਿਆਂ ਅਤੇ ਬਜ਼ੁਰਗਾਂ ਨੂੰ ਰੋਕੋ।
5. ਭਾਫ਼ ਲਓ, ਅਦਰਕ-ਹਲਦੀ ਵਾਲੇ ਕਾੜ੍ਹੇ ਅਤੇ ਪਾਣੀ ਦੀ ਮਾਤਰਾ ਵਧਾਓ।
G20 ਸੰਮੇਲਨ 'ਚ ਲਈ ਦੱਖਣੀ ਅਫਰੀਕਾ ਗਏ PM Modi, ਵੱਖ-ਵੱਖ ਵਿਸ਼ਵ ਨੇਤਾਵਾਂ ਨਾਲ ਕਰਨਗੇ ਮੁਲਾਕਾਤ
NEXT STORY