ਨਵੀਂ ਦਿੱਲੀ - ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ (ਐੱਫ. ਡੀ. ਟੀ. ਐੱਲ.) ਨੂੰ ਲੈ ਕੇ ਭਾਰਤੀ ਏਅਰਲਾਈਨਾਂ ਦੇ ਪਾਇਲਟ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ। ਇਨ੍ਹਾਂ ਪਾਇਲਟਾਂ ਦਾ ਦੋਸ਼ ਹੈ ਕਿ ਕਈ ਭਾਰਤੀ ਏਅਰਲਾਈਨਾਂ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ ਦੇ ਨਿਯਮਾਂ ਨੂੰ ਆਪਣੇ ਫਾਇਦੇ ਲਈ ਤੋੜ-ਮਰੋੜ ਰਹੀਆਂ ਹਨ। ਏਅਰਲਾਈਨਾਂ ਦੇ ਇਸ ਰਵੱਈਏ ਕਾਰਨ ਪਾਇਲਟ ਲਗਾਤਾਰ ਥੱਕ ਰਹੇ ਹਨ ਅਤੇ ਫਲਾਈਟ ਸੇਫਟੀ ’ਤੇ ਗੰਭੀਰ ਖ਼ਤਰਾ ਮੰਡਰਾਉਣ ਲੱਗਾ ਹੈ। ਇਸ ਦਰਮਿਆਨ 2 ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਦੋਂ ਫਲਾਈਟ ਦੇ ਨਿਰਧਾਰਿਤ ਟਾਈਮ ’ਤੇ ਪਾਇਲਟਾਂ ਨੇ ਜਹਾਜ਼ ਉਡਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਯਾਤਰੀਆਂ ਨੂੰ ਕਈ ਘੰਟਿਆਂ ਤੱਕ ਹਵਾਈ ਅੱਡੇ ’ਤੇ ਪ੍ਰੇਸ਼ਾਨੀ ਝੱਲਣੀ ਪਈ।
ਬੀਤੇ ਸ਼ਨੀਵਾਰ ਨੂੰ ਇੰਡੀਗੋ ਏਅਰਲਾਈਨਜ਼ ਦੀ ਦਿੱਲੀ ਤੋਂ ਚੰਡੀਗੜ੍ਹ ਆਉਣ ਵਾਲੀ ਫਲਾਈਟ ’ਚ ਲੱਗਭਗ 5 ਘੰਟੇ ਦੀ ਦੇਰੀ ਹੋਈ, ਜਦਕਿ ਇਸ ਤੋਂ ਪਹਿਲਾਂ ਬੀਤੇ ਮੰਗਲਵਾਰ ਨੂੰ ਪੁਣੇ ਤੋਂ ਦਿੱਲੀ ਜਾਣ ਵਾਲੀ ਇੰਡੀਗੋ ਦੀ ਇਕ ਫਲਾਈਟ ਦੇ 100 ਤੋਂ ਵੱਧ ਯਾਤਰੀ ਲੱਗਭਗ 3 ਘੰਟੇ ਤੱਕ ਫਸੇ ਰਹੇ। ਸੂਤਰਾਂ ਦਾ ਕਹਿਣਾ ਹੈ ਕਿ ਪਾਇਲਟ ਨੇ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ ਦਾ ਹਵਾਲਾ ਦਿੰਦੇ ਹੋਏ ਕਥਿਤ ਤੌਰ ’ਤੇ ਜਹਾਜ਼ ਉਡਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਚੰਡੀਗੜ੍ਹ ਅਤੇ ਦਿੱਲੀ ਦੇ ਟਰਮੀਨਲ ’ਤੇ ਯਾਤਰੀਆਂ ਅਤੇ ਡਿਪਟੀ ਸੀ. ਐੱਮ. ਨੂੰ ਬਿਤਾਉਣੀ ਪਈ ਰਾਤ
ਇਕ ਰਿਪੋਰਟ ਅਨੁਸਾਰ ਬੀਤੀ ਸ਼ਨੀਵਾਰ ਰਾਤ ਨੂੰ ਇੰਡੀਗੋ ਏਅਰਲਾਈਨਜ਼ ਦੀ ਦਿੱਲੀ-ਚੰਡੀਗੜ੍ਹ-ਦਿੱਲੀ ਫਲਾਈਟ ’ਚ ਲੱਗਭਗ 5 ਘੰਟੇ ਦੀ ਦੇਰੀ ਹੋਈ, ਜੋ ਪਹਿਲਾਂ ਕਦੇ ਨਹੀਂ ਹੋਈ ਸੀ। ਇਸ ਨਾਲ ਦੋਵੇਂ ਪਾਸੇ ਯਾਤਰੀ ਫਸ ਗਏ ਅਤੇ ਸੋਸ਼ਲ ਮੀਡੀਆ ’ਤੇ ਤਿੱਖੀਆਂ ਪ੍ਰਤੀਕਿਰਿਆਵਾਂ ਆਉਣੀਆ ਸ਼ੁਰੂ ਹੋ ਗਈਆਂ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਡਿਪਟੀ ਸੀ. ਐੱਮ. ਮੁਕੇਸ਼ ਅਗਨੀਹੋਤਰੀ ਵੀ ਦਿੱਲੀ ’ਚ ਫਸ ਗਏ।
ਇੰਡੀਗੋ ਫਲਾਈਟ 6-ਈ.6448, ਜੋ ਕਿ ਰਾਤ 8:20 ਵਜੇ ਦਿੱਲੀ ਤੋਂ ਰਵਾਨਾ ਹੋਣੀ ਸੀ ਅਤੇ ਰਾਤ 9:20 ਵਜੇ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਲੈਂਡ ਕਰਨਾ ਸੀ, ਉਹ ਐਤਵਾਰ ਸਵੇਰੇ 2:48 ਵਜੇ ਏਅਰਪੋਰਟ ’ਤੇ ਲੈਂਡ ਕੀਤੀ। ਚੰਡੀਗੜ੍ਹ ਤੋਂ ਵਾਪਸੀ ਦੀ ਫਲਾਈਟ, ਜਿਸ ਨੂੰ ਰਾਤ 9:55 ਵਜੇ ਰਵਾਨਾ ਹੋਣਾ ਸੀ, ਸਵੇਰੇ 4:45 ਵਜੇ ਹੀ ਟੇਕ ਆਫ ਕਰ ਸਕੀ, ਜਿਸ ਕਾਰਨ ਯਾਤਰੀਆਂ ਨੂੰ ਚੰਡੀਗੜ੍ਹ ਟਰਮੀਨਲ ’ਤੇ ਰਾਤ ਬਿਤਾਉਣੀ ਪਈ। ਹਾਲਾਂਕਿ ਇੰਡੀਗੋ ਨੇ ਬਾਅਦ ’ਚ ਸਮੱਸਿਆ ਲਈ ਆਪ੍ਰੇਸ਼ਨਲ ਕਾਰਨ ਦੱਸੇ ਪਰ ਬਹੁਤ ਸਾਰੇ ਯਾਤਰੀਆਂ ਨੇ ਦੋਸ਼ ਲਾਇਆ ਕਿ ਪਾਇਲਟ ਦੀ ਗੈਰ-ਹਾਜ਼ਰੀ ਦੇਰੀ ਦਾ ਕਾਰਨ ਸੀ। ਸੂਤਰਾਂ ਦੇ ਅਨੁਸਾਰ ਇਹ ਮਾਮਲਾ ਪਾਇਲਟਾਂ ਦੇ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ ਨਾਲ ਜੁੜਿਆ ਹੋਇਆ ਸੀ। ਪਾਇਲਟਾਂ ਕੋਲੋਂ ਨਿਰਧਾਰਤ ਸਮੇਂ ਤੋਂ ਜ਼ਿਆਦਾ ਕੰਮ ਲਿਆ ਜਾ ਰਿਹਾ ਹੈ।
ਪੁਣੇ ਤੋਂ ਦਿੱਲੀ ਜਾ ਰਹੀ ਫਲਾਈਟ 3 ਘੰਟੇ ਲੇਟ
ਇਸੇ ਤਰ੍ਹਾਂ ਬੀਤੇ ਮੰਗਲਵਾਰ ਨੂੰ ਪੁਣੇ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਇਕ ਫਲਾਈਟ ਦੇ ਪਾਇਲਟ ਨੇ ਕਥਿਤ ਤੌਰ ’ਤੇ ਜਹਾਜ਼ ਉਡਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇੰਡੀਗੋ ਦੀ ਫਲਾਈਟ 6-ਈ-2285, ਜੋ ਸਵੇਰੇ 8:40 ਵਜੇ ਰਵਾਨਾ ਹੋਣੀ ਸੀ, ਨੇ ਅਾਖਿਰਕਾਰ ਸਵੇਰੇ 11:40 ਵਜੇ ਉਡਾਣ ਭਰੀ ਅਤੇ ਦੁਪਹਿਰ 1:32 ਵਜੇ ਦਿੱਲੀ ਪਹੁੰਚੀ। ਨਿਰਾਸ਼ ਯਾਤਰੀਆਂ ਨੇ ਸੋਸ਼ਲ ਮੀਡੀਆ ’ਤੇ ਆਪਣਾ ਗੁੱਸਾ ਕੱਢਿਆ। ਇਕ ਯਾਤਰੀ ਨੇ ਐਕਸ ’ਤੇ ਪੋਸਟ ਕਰ ਕੇ ਲਿਖਿਆ ਕਿ ਬਿਨਾਂ ਕਿਸੇ ਜਾਣਕਾਰੀ ਦੇ ਦਿੱਲੀ ਜਾਣ ਵਾਲੀ ਫਲਾਈਟ 6-ਈ-2285 ’ਚ ਬੇਲੋੜੀ ਦੇਰੀ ਹੋਈ
ਪੁਣੇ ਤੋਂ ਅੰਮ੍ਰਿਤਸਰ ਫਲਾਈਟ ’ਚ ਵੀ ਦੇਰੀ
ਇੰਡੀਗੋ ਦੇ ਇਕ ਕਸਟਮਰ ਸਰਵਿਸ ਆਫੀਸਰ ਨੇ ਦੇਰੀ ਦਾ ਕਾਰਨ ਏ. ਟੀ. ਸੀ. ਦੀਆਂ ਆਪ੍ਰੇਸ਼ਨਲ ਸਮੱਸਿਆਵਾਂ ਦੱਸੀਆਂ ਅਤੇ ਕਿਹਾ ਕਿ ਯਾਤਰੀਆਂ ਨੂੰ ਖਾਣਾ ਅਤੇ ਨਾਸ਼ਤਾ ਦਿੱਤਾ ਗਿਆ ਸੀ। ਹਾਲਾਂਕਿ ਇਕ ਹੋਰ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਪੁਸ਼ਟੀ ਕੀਤੀ ਕਿ ਏਅਰਸਪੇਸ ’ਚ ਭੀੜ ਅਤੇ ਐੱਫ. ਡੀ. ਟੀ. ਐੱਲ. ਪਾਬੰਦੀਆਂ ਕਾਰਨ ਫਲਾਈਟ ’ਚ ਦੇਰੀ ਹੋਈ। ਪੁਣੇ ਤੋਂ ਅੰਮ੍ਰਿਤਸਰ (6-ਈ-721) ਜਾਣ ਵਾਲੀ ਇੰਡੀਗੋ ਦੀ ਦੂਜੀ ਫਲਾਈਟ ਵੀ ਮੰਗਲਵਾਰ ਨੂੰ ਇਸੇ ਕਾਰਨ ਦੇਰੀ ਨਾਲ ਰਵਾਨਾ ਹੋਈ। ਫਲਾਈਟ ਸਵੇਰੇ 2:55 ਵਜੇ ਲਈ ਨਿਰਧਾਰਤ ਸੀ ਪਰ ਸਵੇਰੇ 6:45 ਵਜੇ ਰਵਾਨਾ ਹੋਈ ਅਤੇ ਸਵੇਰੇ 5:15 ਵਜੇ ਦੀ ਬਜਾਏ ਸਵੇਰੇ 8:40 ਵਜੇ ਅੰਮ੍ਰਿਤਸਰ ਪਹੁੰਚੀ।
ਡੀ. ਜੀ. ਸੀ. ਏ. ਨੇ ਵੀ ਮੰਨਿਆ ਕਿ ਕੁਝ ਏਅਰਲਾਈਨਾਂ ਦੀ ਹੈ ਗਲਤੀ
ਏਅਰਲਾਈਨਜ਼ ਪਾਇਲਟਸ ਐਸੋਸੀਏਸ਼ਨ ਆਫ਼ ਇੰਡੀਆ (ਅਲਫ਼ਾ ਇੰਡੀਆ) ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਨੂੰ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ ਨੂੰ ਲੈ ਕੇ ਚਿੱਠੀ ਵੀ ਲਿਖ ਚੁੱਕੀ ਹੈ। ਇਸ ਤੋਂ ਬਾਅਦ 24 ਨਵੰਬਰ ਨੂੰ ਐਸੋਸੀਏਸ਼ਨ ਦੀ ਡੀ. ਜੀ. ਸੀ. ਏ. ਅਤੇ ਫਲਾਈਟ ਸਟੈਂਡਰਡਜ਼ ਡਾਇਰੈਕਟੋਰੇਟ (ਐੱਫ. ਐੱਸ. ਡੀ.) ਨਾਲ ਇਕ ਮੀਟਿੰਗ ਵੀ ਹੋਈ ਹੈ। ਅਲਫ਼ਾ ਇੰਡੀਆ ਐਸੋਸੀਏਸ਼ਨ ਦੇ ਪ੍ਰਧਾਨ ਕੈਪਟਨ ਸੈਮ ਥਾਮਸ ਦਾ ਕਹਿਣਾ ਹੈ ਕਿ ਸਾਨੂੰ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਮਿਲਿਆ ਹੈ। ਮੀਟਿੰਗ ਦੌਰਾਨ ਡੀ. ਜੀ. ਸੀ. ਏ. ਨੇ ਇਹ ਵੀ ਸਵੀਕਾਰ ਕੀਤਾ ਕਿ ਕੁਝ ਏਅਰਲਾਈਨਾਂ ਜਾਣਬੁੱਝ ਕੇ ਨਿਯਮਾਂ ਦੀ ਗਲਤ ਵਿਆਖਿਆ ਕਰ ਰਹੀਆਂ ਹਨ ਅਤੇ ਉਨ੍ਹਾਂ ਦੀ ਉਲੰਘਣਾ ਕਰ ਰਹੀਆਂ ਹਨ। ਪਾਇਲਟਾਂ ਦਾ ਕਹਿਣਾ ਹੈ ਕਿ ਐੱਫ. ਡੀ. ਟੀ. ਐੱਲ. ਨਿਯਮਾਂ ਦਾ ਉਦੇਸ਼ ਹੀ ਪਾਇਲਟਾਂ ਨੂੰ ਪੂਰੀ ਨੀਂਦ ਅਤੇ ਆਰਾਮ ਦੇਣਾ ਹੈ ਤਾਂ ਕਿ ਉਹ ਸੁਚੇਤ ਰਹਿਣ ਅਤੇ ਹਾਦਸੇ ਨਾ ਹੋਣ ਪਰ ਏਅਰਲਾਈਨਾਂ ਪੈਸੇ ਬਚਾਉਣ ਅਤੇ ਜ਼ਿਆਦਾ ਫਲਾਈਟਾਂ ਦੇ ਚੱਕਰ ’ਚ ਇਨ੍ਹਾਂ ਨਿਯਮਾਂ ਨੂੰ ਕਮਜ਼ੋਰ ਕਰ ਰਹੀਆਂ ਹਨ। ਦੱਸ ਦੇਈਏ ਕਿ ਡੀ. ਜੀ. ਸੀ. ਏ. ਨੇ 1 ਨਵੰਬਰ ਤੋਂ ਬਦਲੇ ਹੋਏ ਐੱਫ. ਡੀ. ਟੀ. ਐੱਲ. ਨਿਯਮਾਂ ਨੂੰ ਲਾਗੂ ਕੀਤਾ, ਜਿਸ ਨਾਲ ਪਾਇਲਟਾਂ ਦੀ ਡਿਊਟੀ ਦੇ ਘੰਟੇ ਘੱਟ ਕਰ ਦਿੱਤੇ ਗਏ ਤਾਂ ਥਕਾਵਟ ਘੱਟ ਹੋਵੇ ਅਤੇ ਫਲਾਈਟ ਸੇਫਟੀ ਮਜ਼ਬੂਤ ਹੋਵੇ।
ਦਿੱਲੀ 'ਚ ਦਿਲ ਦਹਿਲਾ ਦੇਣ ਵਾਲਾ ਹਾਦਸਾ: ਰੈਣ ਬਸੇਰੇ 'ਚ ਭਿਆਨਕ ਅੱਗ ਲੱਗਣ ਨਾਲ 2 ਲੋਕਾਂ ਦੀ ਮੌਤ
NEXT STORY