ਜੰਮੂ— ਸ਼੍ਰੀ ਅਮਰਨਾਥ ਯਾਤਰਾ 28 ਜੂਨ ਤੋਂ ਸ਼ੁਰੂ ਹੋ ਰਹੀ ਹੈ, ਜੋ 26 ਅਗਸਤ ਯਾਨੀ ਰੱਖੜੀ 'ਤੇ ਖਤਮ ਹੋਵੇਗੀ। ਯਾਤਰਾ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਵੀ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਕਿਸੇ ਵੀ ਮੁਸੀਬਤ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਸਿਹਤ ਡਾਇਰੈਕਟੋਰੇਟ ਨੇ ਲਖਨਪੁਰ ਤੋਂ ਲੈ ਕੇ ਬਨਿਹਾਲ ਤੱਕ ਲਗਭਗ 100 ਤੋਂ ਜ਼ਿਆਦਾ ਡਾਕਟਰ, ਫਿਜ਼ੀਸ਼ੀਅਨ ਤੇ 250 ਤੋਂ ਜ਼ਿਆਦਾ ਪੈਰਾ- ਮੈਡੀਕਲ ਤੇ ਹੋਰ ਸਟਾਫ ਨੂੰ ਤਾਇਨਾਤ ਕੀਤਾ ਹੈ। ਇਸ ਦੇ ਇਲਾਵਾ ਹਰ ਜ਼ਿਲੇ 'ਚ ਸਾਰੀਆਂ ਸਹੂਲਤਾਂ ਨਾਲ ਲੈਸ ਇਕ ਐਂਬੂਲੈਂਸ ਰੱਖੀ ਗਈ ਹੈ। ਸੂਬੇ 'ਚ ਤੀਰਥ ਯਾਤਰੀਆਂ ਦੀ ਸਿਹਤ ਦੀ ਦੇਖਭਾਲ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ।

ਜ਼ਿਲਾ ਹਸਪਤਾਲਾਂ ਦੇ ਇਲਾਵਾ ਗਾਂਧੀਨਗਰ ਹਸਪਤਾਲ, ਸਰਵਾਲ ਹਸਪਤਾਲ, ਰਾਜੀਵ ਗਾਂਧੀ ਹਸਪਤਾਲ 'ਚ ਵੀ ਇਲਾਜ ਸਹੂਲਤਾਂ ਮੁਹੱਈਆ ਹੋਣਗੀਆਂ। ਯਾਤਰਾ ਸ਼ੁਰੂ ਹੋਣ 'ਤੇ ਜੰਮੂ ਰੇਲਵੇ ਸਟੇਸ਼ਨ, ਐਗਜ਼ੀਬਿਸ਼ਨ ਗ੍ਰਾਊਂਡ, ਰਾਮ ਮੰਦਰ, ਗੀਤਾ ਭਵਨ, ਵੈਸ਼ਣਵੀ ਧਾਮ, ਸਰਸਵਤੀ ਧਾਮ 'ਚ ਸਿਹਤ ਵਿਭਾਗ ਦੇ ਕੈਂਪ ਲੱਗਣਗੇ। ਇਸ ਦੇ ਇਲਾਵਾ ਭਗਵਤੀ ਨਗਰ 'ਚ ਤੀਰਥ ਯਾਤਰੀਆਂ ਦੇ ਇਲਾਜ ਲਈ ਮੁਢਲਾ ਸਿਹਤ ਕੇਂਦਰ ਸਥਾਪਤ ਕੀਤਾ ਗਿਆ ਹੈ, ਜਿਥੇ ਲੱਗਭਗ ਇਕ ਦਰਜਨ ਬੈੱਡਾਂ ਦੀ ਸਹੂਲਤ ਹੋਵੇਗੀ।

ਮੌਸਮੀ ਬੀਮਾਰੀ ਮੁਤਾਬਕ ਜੇਕਰ ਕੋਈ ਤੀਰਥ ਯਾਤਰੀ ਗੰਭੀਰ ਹੋਇਆ ਤਾਂ ਸਰਵਾਲ, ਗਾਂਧੀਨਗਰ ਹਸਪਤਾਲ 'ਚ ਆਈ. ਪੀ. ਡੀ. ਦੀ ਸਹੂਲਤ ਵੀ ਰਹੇਗੀ। ਯਾਤਰੀਆਂ ਦੀ ਸੁਰੱਖਿਆ ਲਈ ਸਿਹਤ ਡਾਇਰੈਕਟੋਰੇਟ ਨੇ ਸਾਰੇ ਜ਼ਿਲਾ ਹਸਪਤਾਲਾਂ ਨੂੰ ਚੌਕਸ ਰਹਿਣ ਨੂੰ ਕਿਹਾ ਹੈ। ਇਸ ਤੋਂ ਇਲਾਵਾ ਜੀਵਨ ਰੱਖਿਅਕ ਦਵਾਈਆਂ ਸਮੇਤ ਮੈਡੀਕਲ ਯੰਤਰਾਂ ਦਾ ਵੱਖਰੇ ਤੌਰ 'ਤੇ ਪ੍ਰਬੰਧ ਕੀਤਾ ਗਿਆ ਹੈ।
ਗਰਮੀ ਦੇ ਵਧਣ ਤੇ ਬਰਸਾਤ ਦੌਰਾਨ ਮੌਸਮੀ ਬੀਮਾਰੀਆਂ ਤੀਰਥ ਯਾਤਰੀਆਂ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰਦੀਆਂ ਹਨ। ਇਨ੍ਹਾਂ ਬੀਮਾਰੀਆਂ 'ਚ ਵਾਇਰਲ, ਮਲੇਰੀਆ, ਡਾਇਰੀਆ ਆਦਿ ਸ਼ਾਮਲ ਹਨ। ਅਜਿਹੀ ਸਥਿਤੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਨੇ ਲਖਨਪੁਰ ਤੋਂ ਲੈ ਕੇ ਬਨਿਹਾਲ ਤਕ ਸਾਰੇ ਜ਼ਿਲਾ ਹਸਪਤਾਲਾਂ, ਪੀ. ਐੱਚ.ਸੀ. ਸਮੇਤ ਹੋਰ ਸਿਹਤ ਕੇਂਦਰਾਂ 'ਚ ਸਟਾਫ ਨੂੰ ਯਾਤਰਾ ਦੌਰਾਨ ਚੌਕਸ ਰਹਿਣ ਦੇ ਨਿਰੇਦਸ਼ ਦਿੱਤੇ ਹਨ।

ਯਾਤਰੀ ਕੀ ਨਾ ਕਰਨ
— ਚੜ੍ਹਾਈ ਦੌਰਾਨ ਔਰਤਾਂ ਸਾੜ੍ਹੀ ਨਾ ਪਹਿਨਣ। ਇਸ ਲਈ ਸਲਵਾਰ-ਕਮੀਜ਼, ਪੈਂਟ-ਸ਼ਰਟ ਜਾਂ ਟ੍ਰੈਕ ਸੂਟ ਸੁਵਿਧਾਜਨਕ ਰਹਿੰਦਾ ਹੈ।
— 6 ਹਫਤੇ ਤੋਂ ਜ਼ਿਆਦਾ ਗਰਭਵਤੀ ਔਰਤਾਂ ਨੂੰ ਤੀਰਥ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
— 13 ਸਾਲ ਤੋਂ ਘੱਟ ਬੱਚੇ ਅਤੇ 75 ਸਾਲ ਤੋਂ ਜ਼ਿਆਦਾ ਬਜ਼ੁਰਗਾਂ ਨੂੰ ਵੀ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਮਿਲੇਗੀ।
— ਚਿਤਾਵਨੀ ਦੀ ਸੂਚਨਾ ਵਾਲੇ ਸਥਾਨਾਂ 'ਤੇ ਨਾ ਰੁਕੋ।
— ਚੱਪਲਾਂ ਦਾ ਇਸਤੇਮਾਲ ਨਾ ਕਰੋ, ਕਿਉਂਕਿ ਪਵਿੱਤਰ ਗੁਫਾ ਦੇ ਰਸਤੇ 'ਤੇ ਚੜ੍ਹਾਈ ਤੇ ਉਤਰਾਈ ਹੈ, ਸਿਰਫ ਤਸਮੇ ਵਾਲੇ ਟ੍ਰੈਕਿੰਗ ਸ਼ੂਜ਼ ਪਾਓ।
— ਰਸਤੇ 'ਚ ਕਿਸੇ ਛੋਟੇ ਮਾਰਗ ਤੋਂ ਜਾਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਅਜਿਹਾ ਕਰਨਾ ਖਤਰਨਾਕ ਹੋਵੇਗਾ।
— ਖਾਲੀ ਪੇਟ ਯਾਤਰਾ ਸ਼ੁਰੂ ਨਾ ਕਰੋ, ਅਜਿਹਾ ਕਰਨ ਨਾਲ ਸਿਹਤ ਵਿਗੜ ਸਕਦੀ ਹੈ।
— ਪੂਰੀ ਯਾਤਰਾ ਦੌਰਾਨ ਅਜਿਹਾ ਕੁਝ ਨਾ ਕਰੋ, ਜਿਸ ਨਾਲ ਪ੍ਰਦੂਸ਼ਣ ਫੈਲੇ ਜਾਂ ਯਾਤਰਾ ਖੇਤਰ ਵਿਚ ਕੁਦਰਤ ਨੂੰ ਨੁਕਸਾਨ ਪਹੁੰਚੇ।
— ਪਾਲੀਥੀਨ ਦਾ ਇਸਤੇਮਾਲ ਨਾ ਕਰੋ ਕਿਉਂਕਿ ਜੰਮ-ਕਸ਼ਮੀਰ ਵਿਚ ਇਸ 'ਤੇ ਰੋਕ ਹੈ।
ਅੱਤਵਾਦੀਆਂ, ਵੱਖਵਾਦੀਆਂ ਦੀ ਬੋਲੀ ਬੋਲ ਰਹੇ ਹਨ ਕਾਂਗਰਸੀ ਆਗੂ : ਪ੍ਰਸਾਦ
NEXT STORY