ਨੈਸ਼ਨਲ ਡੈਸਕ : ਬਿਹਾਰ ਦੇ ਸਿਹਤ ਪ੍ਰਬੰਧਾਂ ਦੀ ਇੱਕ ਬੇਹੱਦ ਚਿੰਤਾਜਨਕ ਤਸਵੀਰ ਸਾਹਮਣੇ ਆਈ ਹੈ। ਗੋਪਾਲਗੰਜ ਦੇ ਮਾਡਲ ਸਦਰ ਹਸਪਤਾਲ ਵਿੱਚ ਐਤਵਾਰ ਰਾਤ ਨੂੰ ਅਚਾਨਕ ਬਿਜਲੀ ਗੁੱਲ ਹੋ ਜਾਣ ਕਾਰਨ ਹਾਹਾਕਾਰ ਮਚ ਗਈ। ਹੈਰਾਨੀ ਦੀ ਗੱਲ ਇਹ ਰਹੀ ਕਿ ਅਤਿ-ਆਧੁਨਿਕ ਸਹੂਲਤਾਂ ਦਾ ਦਾਅਵਾ ਕਰਨ ਵਾਲੇ ਇਸ ਹਸਪਤਾਲ ਵਿੱਚ ਬਿਜਲੀ ਜਾਣ ਤੋਂ ਬਾਅਦ ਕੋਈ ਬਦਲਵਾਂ ਪ੍ਰਬੰਧ ਨਹੀਂ ਸੀ, ਜਿਸ ਕਾਰਨ ਡਾਕਟਰਾਂ ਨੂੰ ਮੋਬਾਈਲ ਫ਼ੋਨਾਂ ਦੀ ਟਾਰਚ ਜਗਾ ਕੇ ਮਰੀਜ਼ਾਂ ਦਾ ਇਲਾਜ ਕਰਨਾ ਪਿਆ।
ਐਮਰਜੈਂਸੀ ਵਾਰਡ ਵਿੱਚ ਫੈਲੀ ਦਹਿਸ਼ਤ
ਪ੍ਰਾਪਤ ਜਾਣਕਾਰੀ ਅਨੁਸਾਰ, ਹਸਪਤਾਲ ਦੇ ਇਮਰਜੈਂਸੀ ਵਾਰਡ ਵਿੱਚ ਬਿਜਲੀ ਸਪਲਾਈ ਕਰੀਬ ਇੱਕ ਘੰਟੇ ਤੱਕ ਠੱਪ ਰਹੀ। ਇਸ ਦੌਰਾਨ ਵਾਰਡ ਵਿੱਚ ਹਨੇਰਾ ਪਸਰ ਗਿਆ, ਜਿਸ ਕਾਰਨ ਉੱਥੇ ਦਾਖ਼ਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਡਾਕਟਰ ਅਤੇ ਨਰਸਿੰਗ ਸਟਾਫ਼ ਹੱਥਾਂ ਵਿੱਚ ਮੋਬਾਈਲ ਟਾਰਚ ਫੜ ਕੇ ਕੰਮ ਕਰਦੇ ਨਜ਼ਰ ਆਏ।
ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
ਇਸ ਘਟਨਾ ਦੀ ਵੀਡੀਓ ਕਿਸੇ ਨੇ ਮੋਬਾਈਲ ਵਿੱਚ ਰਿਕਾਰਡ ਕਰ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ, ਜੋ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਡਾਕਟਰ ਟਾਰਚ ਦੀ ਰੋਸ਼ਨੀ ਵਿੱਚ ਮਰੀਜ਼ਾਂ ਦੀ ਜਾਂਚ ਕਰ ਰਹੇ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਸੂਬੇ ਦੀ ਸਿਹਤ ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਪਰਿਵਾਰਾਂ ਨੇ ਚੁੱਕੇ ਸਵਾਲ, ਪ੍ਰਸ਼ਾਸਨ ਚੁੱਪ
ਹਸਪਤਾਲ ਵਿੱਚ ਮੌਜੂਦ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਦੇ ਪ੍ਰਬੰਧਾਂ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਇਰਫ਼ਾਨ ਅਲੀ ਨੇ ਦੱਸਿਆ ਕਿ ਉਹ ਬਿਹਤਰ ਇਲਾਜ ਦੀ ਉਮੀਦ ਵਿੱਚ ਮਾਡਲ ਹਸਪਤਾਲ ਆਏ ਸਨ, ਪਰ ਬਿਜਲੀ ਨਾ ਹੋਣ ਕਾਰਨ ਇਲਾਜ ਸ਼ੁਰੂ ਨਹੀਂ ਹੋ ਸਕਿਆ। ਇੱਕ ਹੋਰ ਰਿਸ਼ਤੇਦਾਰ ਉਪੇਂਦਰ ਸਿੰਘ ਨੇ ਕਿਹਾ ਕਿ ਹਸਪਤਾਲ ਵਿੱਚ ਲਾਈਟ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਮੋਬਾਈਲ ਟਾਰਚ ਨਾਲ ਇਲਾਜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ, ਹਸਪਤਾਲ ਪ੍ਰਸ਼ਾਸਨ ਇਸ ਲਾਪਰਵਾਹੀ ਬਾਰੇ ਕੁਝ ਵੀ ਬੋਲਣ ਤੋਂ ਬਚ ਰਿਹਾ ਹੈ। ਜ਼ਿਕਰਯੋਗ ਹੈ ਕਿ ਗੋਪਾਲਗੰਜ ਦਾ ਇਹ ਹਸਪਤਾਲ ਆਪਣੀਆਂ ਅਤਿ-ਆਧੁਨਿਕ ਸੇਵਾਵਾਂ ਲਈ ਜਾਣਿਆ ਜਾਂਦਾ ਹੈ, ਪਰ ਇਸ ਘਟਨਾ ਨੇ ਹਸਪਤਾਲ ਦੀਆਂ ਵਿਵਸਥਾਵਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਗ੍ਰਾਈਂਡਰ ਨਾਲ ਵੱਢ 'ਤਾ ਪਤੀ ! ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤੀ ਖੌਫਨਾਕ ਵਾਰਦਾਤ
NEXT STORY