ਵਾਸ਼ਿੰਗਟਨ,(ਏਜੰਸੀ)— ਪਿਛਲੇ ਕੁਝ ਸਾਲਾਂ 'ਚ ਅਮਰੀਕਾ ਦੀ ਰਾਜਨੀਤੀ 'ਚ ਭਾਰਤੀਆਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ ਅਤੇ ਉਨ੍ਹਾਂ ਦੇ ਕਦਮ ਸਫਲਤਾ ਦੀਆਂ ਪੌੜੀਆਂ ਵੱਲ ਵਧ ਰਹੇ ਹਨ। ਅਮਰੀਕੀ ਰਾਜਨੀਤੀ 'ਚ ਭਾਰਤੀ ਆਪਣੀ ਸਖਤ ਮਿਹਨਤ ਕਾਰਨ ਉੱਚ ਅਹੁਦਿਆਂ 'ਤੇ ਪੁੱਜ ਗਏ ਹਨ। ਅਮਰੀਕੀ ਸੰਸਦ 'ਚ ਕੁੱਲ 535 ਮੈਂਬਰ ਹਨ। ਸੈਨੇਟ 'ਚ ਸੰਸਦ ਮੈਂਬਰਾਂ ਦੀ ਗਿਣਤੀ 100 ਅਤੇ ਪ੍ਰਤੀਨਿਧੀ ਸਭਾ 'ਚ 435 ਹੈ। ਅਜੋਕੇ ਸਮੇਂ 'ਚ 5 ਭਾਰਤੀ-ਅਮਰੀਕੀ ਉੱਚ ਅਹੁਦਿਆਂ 'ਤੇ ਪੁੱਜ ਗਏ ਹਨ, ਜਿੱਥੇ ਉਨ੍ਹਾਂ ਨੂੰ ਦੇਖ ਕੇ ਹਰ ਕੋਈ ਖੁਸ਼ੀ ਪ੍ਰਗਟਾ ਰਿਹਾ ਹੈ। ਭਾਰਤੀ ਮੂਲ ਦੇ ਪੰਜ ਮੈਂਬਰ ਅਮਰੀਕੀ ਕਾਂਗਰਸ ਭਾਵ ਸੰਸਦ ਦੇ ਮੈਂਬਰ ਹਨ। ਇਨ੍ਹਾਂ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰੀ ਦੇਸ਼ ਦੀ ਰਾਜਨੀਤੀ ਦੀ ਮੁੱਖ ਧਾਰਾ 'ਚ ਲਿਆ ਖੜ੍ਹਾ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਹ ਸਾਰੇ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਹਨ। ਭਵਿੱਖ 'ਚ ਇਹ ਅੰਕੜਾ ਵਧਣ ਦੀ ਉਮੀਦ ਬਣੀ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੀ ਕੁੱਲ ਆਬਾਦੀ ਦਾ 1 ਫੀਸਦੀ ਭਾਰਤੀ ਲੋਕ ਹਨ।
ਕਮਲਾ ਹੈਰਿਸ— 53 ਸਾਲਾ ਕਮਲਾ ਹੈਰਿਸ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਰਹੀ ਹੈ। ਹੁਣ ਉਹ ਉੱਥੇ ਦੇ ਸੈਨੇਟਰ ਹਨ। ਉਨ੍ਹਾਂ ਨੂੰ ਸਿੱਧੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਸਮਰਥਨ ਪ੍ਰਾਪਤ ਸੀ। ਉਹ ਇਸ ਸਦਨ 'ਚ ਪੁੱਜਣ ਵਾਲੀ ਪਹਿਲੀ ਭਾਰਤੀ ਹਨ।
ਪਰਮਿਲਾ ਜੈਪਾਲ— 52 ਸਾਲਾ ਪਰਮਿਲਾ ਜੈਪਾਲ ਦਾ ਜਨਮ ਭਾਰਤ ਦੇ ਚੇਨੱਈ 'ਚ ਹੋਇਆ ਅਤੇ ਇਸ ਸਮੇਂ ਉਹ ਵਾਸ਼ਿੰਗਟਨ ਤੋਂ ਪ੍ਰਤੀਨਿਧੀ ਸਭਾ ਲਈ ਚੁਣੀ ਜਾਣ ਵਾਲੀ ਭਾਰਤੀ-ਅਮਰੀਕੀ ਔਰਤ ਹਨ। ਉਹ ਆਪਣੀ ਭਾਰਤ ਯਾਤਰਾ 'ਤੇ ਇਕ ਕਿਤਾਬ ਵੀ ਲਿਖ ਚੁੱਕੀ ਹੈ।
ਰਾਜਾ ਕ੍ਰਿਸ਼ਣਾਮੂਰਤੀ— 45 ਸਾਲਾ ਰਾਜਾ ਕ੍ਰਿਸ਼ਣਾਮੂਰਤੀ ਦਾ ਜਨਮ ਦਿੱਲੀ 'ਚ ਹੋਇਆ ਅਤੇ ਇਸ ਸਮੇਂ ਉਹ ਇਲਿਨਾਇਸ ਤੋਂ ਪ੍ਰਤੀਨਿਧੀ ਸਭਾ ਦੇ ਮੈਂਬਰ ਹਨ। ਉਨ੍ਹਾਂ ਨੇ ਗੀਤਾ 'ਤੇ ਹੱਥ ਰੱਖ ਕੇ ਆਪਣੇ ਅਹੁਦੇ ਨੂੰ ਈਮਾਨਦਾਰੀ ਨਾਲ ਨਿਭਾਉਣ ਦੀ ਸਹੁੰ ਚੁੱਕੀ ਸੀ। ਅਜਿਹਾ ਕਰਨ ਵਾਲੇ ਉਹ ਦੂਜੇ ਭਾਰਤੀ-ਅਮਰੀਕੀ ਹਨ। ਉਨ੍ਹਾਂ ਤੋਂ ਪਹਿਲਾਂ ਤੁਲਸੀ ਗੈਰਬਾਡ ਨੇ ਗੀਤਾ 'ਤੇ ਹੱਥ ਰੱਖ ਕੇ ਸਹੁੰ ਚੁੱਕੀ ਸੀ।
ਐਮੀ ਬੇਰਾ— ਪੇਸ਼ੇ ਤੋਂ ਡਾਕਟਰ 53 ਸਾਲਾ ਐਮੀ ਬੇਰਾ ਤੀਸਰੀ ਵਾਰ ਪ੍ਰਤੀਨਿਧੀ ਸਭਾ ਦੇ ਮੈਂਬਰ ਚੁਣੇ ਗਏ ਹਨ। ਉਹ ਮੂਲ ਰੂਪ ਤੋਂ ਗੁਜਰਾਤ ਦੇ ਰਹਿਣ ਵਾਲੇ ਹਨ। ਮੈਡੀਕਲ ਅਫਸਰ ਦੇ ਰੂਪ 'ਚ ਵੀ ਉਹ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।
ਰੋਹਿਤ ਰੋਅ ਖੰਨਾ—ਪ੍ਰਤੀਨਿਧੀ ਸਭਾ ਦੇ ਮੈਂਬਰ 41 ਸਾਲਾ ਰੋਹਿਤ ਰੋਅ ਖੰਨਾ ਸਿਲੀਕੌਨ ਵੈਲੀ ਤੋਂ ਸੰਸਦ ਮੈਂਬਰ ਹਨ। ਖੰਨਾ ਮੂਲ ਰੂਪ ਤੋਂ ਪੰਜਾਬ ਦੇ ਰਹਿਣ ਵਾਲੇ ਹਨ। ਇਨ੍ਹਾਂ ਨੇ 8 ਵਾਰ ਸੰਸਦ ਮੈਂਬਰ ਰਹੇ ਮਾਈਕ ਹੋਂਡਾ ਨੂੰ ਹਰਾਇਆ ਹੈ।
ਸ਼ਿਵ ਭਗਤੀ ਦੇ ਰੰਗ 'ਚ ਡੁੱਬੇ ਲਾਲੂ ਦੇ ਬੇਟੇ ਤੇਜ ਪ੍ਰਤਾਪ
NEXT STORY