ਨੋਇਡਾ— ਦਿੱਲੀ-ਐੱਨ.ਸੀ.ਆਰ. 'ਚ ਆਟੋ ਰਿਕਸ਼ਾ ਚਲਾਉਣ ਵਾਲਾ ਸਚਿਨ ਸ਼ਰਮਾ ਆਪਣੇ ਆਟੋ ਦੇ ਪਿੱਛੇ ਕੂੜੇਦਾਨ ਲਾ ਕੇ ਇਕ ਖਾਸ ਅੰਦਾਜ 'ਚ ਲੋਕਾਂ ਨੂੰ ਸਵੱਛਤਾ ਦਾ ਪਾਠ ਪੜ੍ਹਾ ਰਿਹਾ ਹੈ। ਗਰਮੀ ਦਰਮਿਆਨ ਦੁਪਹਿਰ ਦੇ ਕਰੀਬ 3 ਵਜੇ ਨੋਇਡਾ ਸਿਟੀ ਸੈਂਟਰ ਮੈਟਰੋ ਸਟੇਸ਼ਨ ਕੋਲ ਇਕ ਦੂਜਾ ਆਟੋ ਵਾਲਾ ਉਨ੍ਹਾਂ ਦੇ ਆਟੋ ਦੇ ਪਿੱਛੇ ਲੱਗੇ ਕੂੜੇਦਾਨ 'ਚ ਗੁਟਕਾ ਥੁੱਕਦਾ ਹੈ ਅਤੇ ਅੱਗੇ ਵਧ ਜਾਂਦਾ ਹੈ ਪਰ ਇਸ 'ਤੇ ਧਿਆਨ ਦਿੱਤੇ ਬਿਨਾਂ ਸਚਿਨ ਸਵਾਰੀ ਨੂੰ ਲੈ ਕੇ ਨਿਕਲ ਪੈਂਦਾ ਹੈ। ਗ੍ਰੇਟਰ ਨੋਇਡਾ 'ਚ ਰਹਿਣ ਵਾਲਾ ਅਤੇ 4 ਬੱਚਿਆਂ ਦਾ ਪਿਤਾ ਸਚਿਨ ਡੇਢ ਸਾਲਾਂ ਤੋਂ ਆਟੋ ਚੱਲਾ ਰਿਹਾ ਹੈ ਅਤੇ ਉਸ ਨੇ ਇਸ ਸਾਲ ਜਨਵਰੀ 'ਚ ਆਟੋ ਦੇ ਪਿੱਛੇ ਕੂੜੇਦਾਨ ਲਾਇਆ। ਉਸ ਨੇ ਆਪਣੇ ਆਟੋ ਦੇ ਪਿੱਛੇ ਕੂੜੇਦਾਨ ਲਾ ਰੱਖਿਆ ਹੈ, ਜਿਸ 'ਚ ਰਾਹ ਜਾਂਦੇ ਲੋਕ ਕੂੜਾ ਸੁੱਟਦੇ ਹਨ ਅਤੇ ਜਦੋਂ ਕੂੜੇਦਾਨ ਭਰ ਜਾਂਦਾ ਹੈ ਤਾਂ ਸਚਿਨ ਉਸ ਨੂੰ ਰਸਤੇ 'ਚ ਕਿਸੇ ਢਲਾਵਘਰ 'ਚ ਜਾ ਕੇ ਸੁੱਟ ਦਿੰਦੇ ਹਨ। ਆਪਣੇ ਇਸ ਅਨੋਖੇ ਕੰਮ ਨੂੰ ਲੈ ਕੇ ਸਚਿਨ ਦੀ ਪਛਾਣ ਕੂੜੇਦਾਨ ਵਾਲੇ ਆਟੋ ਦੇ ਰੂਪ 'ਚ ਹੋ ਗਈ ਹੈ। ਆਟੋ ਦੇ ਪਿੱਛੇ ਕੂੜੇਦਾਨ ਲਾਉਣ ਦੇ ਆਈਡੀਆ ਬਾਰੇ ਸਚਿਨ ਦੱਸਦਾ ਹੈ ਕਿ ਉਸ ਦੇ ਬੱਚਿਆਂ ਨੂੰ ਆਏ ਦਿਨ ਖਾਂਸੀ, ਜ਼ੁਕਾਮ ਹੁੰਦਾ ਰਹਿੰਦਾ ਸੀ, ਡਾਕਟਰ ਕੋਲ ਜਾਣ 'ਤੇ ਉਨ੍ਹਾਂ ਨੇ ਦੱਸਿਆ ਕਿ ਇਹ ਗੰਦਗੀ ਕਾਰਨ ਹੁੰਦਾ ਹੈ। ਇੱਥੋਂ ਸਚਿਨ ਦੇ ਮਨ 'ਚ ਸਵੱਛਤਾ ਨੂੰ ਲੈ ਕੇ ਜਾਗਰੂਕਤਾ ਪੈਦਾ ਹੋਈ। ਇਕ ਹੋਰ ਘਟਨਾ ਯਾਦ ਕਰਦੇ ਹੋਏ ਉਹ ਦੱਸਦਾ ਹੈ ਕਿ ਇਕ ਵਾਰ ਉਹ ਅਕਸ਼ਰਧਾਮ ਕੋਲੋਂ ਲੰਘ ਰਿਹਾ ਸੀ ਤਾਂ ਇਕ ਕਾਰ 'ਚ ਬੈਠੇ ਵਿਅਕਤੀ ਨੇ ਕੋਲਡ ਡਰਿੰਕ ਦੀ ਬੋਤਲ ਬਾਹਰ ਸੁੱਟ ਦਿੱਤੀ, ਜਿਸ ਨਾਲ ਉਸ ਦੀ ਗੱਡੀ ਬੇਕਾਬੂ ਹੋ ਗਈ। ਸਚਿਨ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਕਰ ਕੇ ਉਸ ਨੇ ਆਟੋ ਦੇ ਪਿੱਛੇ ਕੂੜੇਦਾਨ ਲਾਉਣ ਦਾ ਵਿਚਾਰ ਕੀਤਾ। ਸਚਿਨ ਨੇ ਆਪਣੇ ਆਟੋ 'ਚ ਮਊਰ ਜਗ ਵੀ ਰੱਖਿਆ ਹੋਇਆ ਹੈ ਅਤੇ ਉਹ ਕੂੜੇਦਾਨ ਨੂੰ ਖਾਲੀ ਕਰਨ ਤੋਂ ਬਾਅਦ, ਉਸ ਨੂੰ ਪਾਣੀ ਨਾਲ ਧੋ ਦਿੰਦਾ ਹੈ, ਤਾਂ ਕਿ ਉਸ 'ਚੋਂ ਬੱਦਬੂ ਨਾ ਆਏ।
ਸਚਿਨ ਨੇ ਕਿਹਾ,''ਉਂਝ ਤਾਂ ਹਰ ਜਗ੍ਹਾ ਕੂੜੇਦਾਨ ਹੋਣੇ ਚਾਹੀਦੇ ਹਨ ਪਰ ਮੇਰਾ ਸੰਦੇਸ਼ ਹੈ ਕਿ ਜੇਕਰ ਕੋਈ ਕੂੜਾ ਸੁੱਟੇ ਤਾਂ ਇਸ 'ਚ ਕੂੜਾ ਪਾਓ। ਮੈਂ ਇਸ ਨੂੰ ਲਿਜਾ ਕੇ ਕੂੜੇਦਾਨ 'ਚ ਸੁੱਟ ਦਿੰਦਾ ਹਾਂ। ਕਈ ਲੋਕ ਮੈਨੂੰ ਪਾਗਲ ਕਹਿੰਦੇ ਹਨ ਪਰ ਮੈਨੂੰ ਇਸ ਤੋਂ ਫਰਕ ਨਹੀਂ ਪੈਂਦਾ। ਮੈਂ ਦੇਸ਼ਹਿੱਤ 'ਚ ਇਹ ਕੰਮ ਸ਼ੁਰੂ ਕੀਤਾ।'' ਸਚਿਨ ਲੀ ਲੋਕਾਂ ਦਾ ਸੰਦੇਸ਼ ਹੈ,''ਦਿਮਾਗ ਦੀ ਗੰਦਗੀ ਕੱਢੋ ਅਤੇ ਸਵੱਛਤਾ ਅਪਣਾਓ। ਉਸ ਨੇ ਦੱਸਿਆ ਕਿ ਇਹ ਇਸ ਲਈ ਨਹੀਂ ਹੈ ਕਿ ਜਦੋਂ ਘਰੋਂ ਨਿਕਲਾਂ ਤਾਂ ਗੁਆਂਢੀ ਆਪਣੇ ਘਰਾਂ ਦਾ ਕੂੜਾ, ਇਸ 'ਚ ਪਾ ਦੇਣ ਸਗੋਂ ਇਹ ਤਾਂ ਉਨ੍ਹਾਂ ਦੀ ਸੋਚ ਬਦਲਣ ਲਈ ਹੈ।
ਅਜਿਹੇ ਸਮੇਂ 'ਚ ਜਦੋਂ ਰਾਸ਼ਟਰੀ ਰਾਜਧਾਨੀ ਦੇ ਨਗਰ ਨਿਗਮਾਂ ਨੇ ਸਰਕਾਰ ਦੀ ਸਵੱਛਤਾ ਰੈਂਕਿੰਗ 'ਚ ਖਰਾਬ ਪ੍ਰਦਰਸ਼ਨ ਕੀਤਾ ਹੈ ਤਾਂ ਜੇਕਰ ਸਚਿਨ ਦੇ ਇਸ ਅਨੋਖੇ ਵਿਚਾਰ ਨੂੰ ਅਪਣਾਇਆ ਜਾਵੇ ਤਾਂ ਕੁਝ ਤਬਦੀਲੀ ਲਿਆਂਦੀ ਜਾ ਸਕਦੀ ਹੈ। ਸਚਿਨ ਦੱਸਦਾ ਹੈ ਕਿ ਇਕ ਵਾਰ ਉਹ ਸਵਾਰੀ ਨੂੰ ਲੈ ਕੇ ਇੰਡੀਆ ਗੇਟ ਗਿਆ ਤਾਂ ਉੱਥੇ ਖੜੇ ਬਾਕੀ ਆਟੋ ਵਾਲਿਆਂ ਨੇ ਇਸ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਲੋਕਾਂ ਨੇ ਕਿਹਾ ਕਿ ਜੇਕਰ ਦਿੱਲੀ ਸਰਕਾਰ ਨੂੰ ਇਹ ਦਿੱਸ ਜਾਵੇਗਾ ਤਾਂ ਕਿਤੇ ਉਹ ਆਟੋ ਦੇ ਪਿੱਛੇ ਕੂੜੇਦਾਨ ਲਾਉਣਾ ਜ਼ਰੂਰੀ ਨਾ ਕਰ ਦੇਣ। ਸਚਿਨ ਆਪਣੇ ਬਿੰਦਾਸ ਅੰਦਾਜ ਨਾਲ ਲੋਕਾਂ ਨੂੰ ਸਵੱਛਤਾ ਦਾ ਪਾਠ ਪੜ੍ਹਾਉਣ ਤੋਂ ਨਹੀਂ ਰੁਕਦਾ। ਹੱਸਦੇ ਹੋਏ ਉਹ ਦੱਸਦਾ ਹੈ ਕਿ ਜੇਕਰ ਕੋਈ ਰਸਤੇ 'ਚ ਕਿਤੇ ਕਿਸੇ ਠੇਲੇ 'ਤੇ ਕੁਝ ਖਾ ਰਿਹਾ ਹੁੰਦਾ ਹੈ ਤਾਂ ਉਹ ਹਮੇਸ਼ਾ ਜਾਣ ਬੁੱਝ ਕੇ ਉਸ ਦੇ ਸਾਹਮਣੇ ਆਟੋ ਰੋਕ ਦਿੰਦਾ ਹੈ। ਉਹ ਦੱਸਦਾ ਹੈ ਕਿ ਕਈ ਵਾਰ ਉਸ ਦੇ ਆਟੋ ਨੂੰ ਦੇਖ ਕੇ ਲੋਕ ਸ਼ਰਮ ਦੇ ਮਾਰੇ ਕੂੜਾ ਸੜਕਾਂ 'ਤੇ ਨਹੀਂ ਸੁੱਟਦੇ। ਉਹ ਦੱਸਦਾ ਹੈ ਕਿ ਉਹ ਉਸ ਠੇਲੇ ਵਾਲੇ ਕੋਲ ਖਾਣਾ ਨਹੀਂ ਖਾਂਦੇ, ਜਿਸ ਕੋਲ ਕੂੜੇਦਾਨ ਨਹੀਂ ਹੁੰਦਾ ਅਤੇ ਇੰਨਾ ਹੀ ਨਹੀਂ ਸਗੋਂ ਉਹ ਉਸ ਨੂੰ ਬੋਲਦੇ ਵੀ ਹਨ। ਮੈਂ ਇੱਥੇ ਇਸ ਲਈ ਨਹੀਂ ਖਾ ਰਿਹਾ, ਕਿਉਂਕਿ ਇੱਥੇ ਕੂੜੇਦਾਨ ਨਹੀਂ ਹੈ।'' ਸਚਿਨ ਆਪਣੇ ਆਟੋ 'ਚ ਬੈਠਣ ਵਾਲੀਆਂ ਸਵਾਰੀਆਂ ਨੂੰ ਵੀ ਪਹਿਲਾਂ ਹੀ ਦੱਸ ਦਿੰਦਾ ਹੈ ਕਿ ਉਹ ਸੜਕ 'ਤੇ ਕੂੜਾ ਨਾ ਸੁੱਟਣ ਸਗੋਂ ਪਿੱਛੇ ਲੱਗੇ ਕੂੜੇਦਾਨ 'ਚ ਹੀ ਸੁੱਟਣ। ਇਕ ਕਿੱਸਾ ਯਾਦ ਕਰਦੇ ਹੋਏ ਉਹ ਦੱਸਦਾ ਹੈ ਕਿ ਇਕ ਵਾਰ ਮੁੰਬਈ ਦੀ ਇਕ ਸਵਾਰੀ ਬੈਠੀ ਤਾਂ ਉਸ ਦੀ ਬੱਚੀ ਨੇ ਚਿਪਸ ਖਾਧਾ ਤਾਂ ਉਸ ਦੀ ਮੰਮੀ ਨੇ ਬੋਲਿਆ ਕਿ ਪੈਕੇਟ ਬੈਗ 'ਚ ਹੀ ਰੱਖ ਲਵੇ, ਇੱਥੇ ਕੂੜੇਦਾਨ ਨਹੀਂ ਹੈ ਪਰ ਸਚਿਨ ਨੇ ਉਨ੍ਹਾਂ ਨੂੰ ਕਿਹਾ ਕਿ ਪਿੱਛੇ ਕੂੜੇਦਾਨ ਲੱਗਾ ਹੈ, ਤੁਸੀਂ ਉਸ 'ਚ ਸੁੱਟ ਦਿਓ ਤਾਂ ਇਹ ਸੁਣ ਕੇ ਉਹ ਔਰਤ ਕਾਫੀ ਖੁਸ਼ ਹੋਈ ਅਤੇ ਉਸ ਨੇ ਸਚਿਨ ਦੀ ਤਰੀਫ ਵੀ ਕੀਤੀ। ਸਚਿਨ ਚਾਹੁੰਦਾ ਹੈ ਕਿ ਉਸ ਦਾ ਇਹ ਸੰਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪੁੱਜੇ ਤਾਂ ਕਿ ਲੋਕਾਂ 'ਚ ਸੜਕਾਂ 'ਤੇ ਗੰਦਗੀ ਨਾ ਫੈਲਾਉਣ ਨੂੰ ਲੈ ਕੇ ਜਾਗਰੂਕਤਾ ਆਏ। ਸਚਿਨ ਨੇ ਕਿਹਾ,''ਮੋਦੀ ਜੀ ਨੇ ਇਕ ਵਾਰ ਝਾੜੂ ਚੁੱਕੀ ਤਾਂ ਲੋਕਾਂ ਨੇ ਵੀ ਝਾੜੂ ਚੁਕੀ ਅਤੇ ਉਸ 'ਚੋਂ ਜਾਗਰੂਕਤਾ ਆਈ। ਇਸੇ ਤਰ੍ਹਾਂ ਜੇਕਰ ਮੋਦੀ ਜੀ ਇਕ ਵਾਰ ਮੇਰੇ ਆਟੋ ਨੂੰ ਦਿਖਾ ਦੇਣ ਤਾਂ ਲੋਕਾਂ 'ਚ ਹੋਰ ਵੀ ਜਾਗਰੂਕਤਾ ਆਏਗੀ।''
ਦਿੱਲੀ 'ਚ ਇਕ ਵਿਅਕਤੀ ਨੂੰ ਪਿਸ਼ਾਬ ਕਰਨ ਤੋਂ ਰੋਕਣ 'ਤੇ ਈ-ਰਿਕਸ਼ਾ ਚਾਲਕ ਦੀ ਹੱਤਿਆ ਕਰਨ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਸਚਿਨ ਕਹਿੰਦੇ ਹਨ ਕਿ ਉਹ ਲੋਕਾਂ ਨੂੰ ਜ਼ਬਰਦਸਤੀ ਕੁਝ ਕਰਨ ਲਈ ਤਾਂ ਨਹੀਂ ਕਹਿ ਸਕਦੇ ਹਨ ਸਗੋਂ ਇਸ ਕੂੜੇਦਾਨ ਨੂੰ ਦੇਖ ਕੇ ਉਨ੍ਹਾਂ 'ਚ ਖੁਦ ਹੀ ਜਾਗਰੂਕਤਾ ਆਉਣੀ ਚਾਹੀਦੀ ਹੈ। ਸਚਿਨ ਨੇ ਆਪਣੇ ਆਟੋ ਦੇ ਪਿੱਛੇ ਔਰਤਾਂ ਅਤੇ ਬੇਟੀਆਂ ਦੇ ਸਨਮਾਨ 'ਚ ਕਈ ਸੰਦੇਸ਼ ਵੀ ਲਿਖਵਾਏ ਹੋਏ ਹਨ। ਉਹ ਰਾਤ ਨੂੰ 12 ਵਜੇ ਤੋਂ ਸਵੇਰੇ 4 ਵਜੇ ਤੱਕ ਲੋੜਵੰਦ ਲੋਕਾਂ ਲਈ ਮੁਫ਼ਤ ਆਟੋ ਸੇਵਾ ਵੀ ਦਿੰਦੇ ਹਨ। ਇਸ ਪਹਿਲ ਲਈ ਨੋਇਡਾ ਅਥਾਰਿਟੀ ਨੇ ਉਸ ਨੂੰ ਇਨਾਮ ਦੇਣ ਦੀ ਗੱਲ ਕਹੀ ਸੀ ਪਰ ਅਜੇ ਤੱਕ ਉਸ ਨੂੰ ਇਨਾਮ ਨਹੀਂ ਮਿਲਿਆ ਹੈ।
ਸਰਕਾਰੀ ਦਫਤਰ ਵਿਚ ਸ਼ਰਾਬ ਪੀਣ ਵਾਲੇ 8 ਕਰਮਚਾਰੀਆਂ ਨੂੰ ਮਿਲੀ ਇਹ ਸਜ਼ਾ
NEXT STORY