ਮੁੰਬਈ — ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ(PMC) ਬੈਂਕ ਘਪਲੇ ਦੇ ਬਾਅਦ ਮਹਾਰਾਸ਼ਟਰ 'ਚ ਇਕ ਹੋਰ ਵੱਡੀ ਧੋਖਾਧੜੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਸੂਬੇ ਦੇ ਇਕ ਜਿਊਲਰੀ ਸਟੋਰ ਦੇ ਅਚਾਨਕ ਬੰਦ ਹੋ ਜਾਣ ਕਾਰਨ ਇਲਾਕੇ ਦੇ ਹਜ਼ਾਰਾਂ ਲੋਕਾਂ ਦੀ ਹਾਲਤ ਖਰਾਬ ਹੈ। ਦਰਅਸਲ ਇਨ੍ਹਾਂ ਲੋਕਾਂ ਨੇ ਇਸ ਸਟੋਰ ਦੀਆਂ ਦੋ ਸਕੀਮਾਂ 'ਚ ਮੋਟੀ ਰਕਮ ਦਾ ਨਿਵੇਸ਼ ਕੀਤਾ ਹੋਇਆ ਸੀ ਪਰ ਸਟੋਰ ਦਾ ਮਾਲਕ ਪਿਛਲੇ ਚਾਰ ਦਿਨਾਂ ਤੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਫਰਾਰ ਹੈ। ਇਸ ਤੋਂ ਬਾਅਦ ਜਦੋਂ ਪੁਲਸ ਜਿਊਲਰੀ ਸਟੋਰ ਗੁਡਵਿਨ ਸਟੋਰਸ ਦੇ ਮਾਲਿਕ ਸੁਨੀਲ ਕੁਮਾਰ ਅਤੇ ਸੁਧੀਸ਼ ਕੁਮਾਰ ਦੇ ਡੋਂਬਿਵਲੀ ਸਥਿਤ ਰਿਹਾਇਸ਼ 'ਤੇ ਪਹੁੰਚੀ ਤਾਂ ਉਹ ਵੀ ਬੰਦ ਮਿਲੀ। ਇਸ ਤੋਂ ਬਾਅਦ ਪੁਲਸ ਨੇ ਤੁਰੰਤ ਹਰਕਤ 'ਚ ਆਉਂਦੇ ਹੋਏ ਉਨ੍ਹਾਂ ਦੇ ਸ਼ੋਅਰੂਮ ਨੂੰ ਸੀਲ ਕਰ ਦਿੱਤਾ ਹੈ।
ਸੁਨੀਲ ਅਤੇ ਸੁਧੀਸ਼ ਕੇਰਲ ਦੇ ਰਹਿਣ ਵਾਲੇ ਹਨ ਅਤੇ ਮੁੰਬਈ ਅਤੇ ਪੂਣੇ 'ਚ ਉਨ੍ਹਾਂ ਦੇ ਘੱਟੋ-ਘੱਟ 13 ਆਊਟਲੈੱਟ ਹਨ। ਪ੍ਰਾਈਵੇਟ ਲਿਮਟਿਡ ਕੰਪਨੀ ਗੁੱਡਵਿਨ ਗਰੁੱਪ ਦੀ ਵੈਬਸਾਈਟ ਮੁਤਾਬਕ ਸੁਨੀਲ ਕੁਮਾਰ ਕੰਪਨੀ ਦੇ ਚੇਅਰਮੈਨ ਹਨ ਜਦੋਂਕਿ ਸੁਧੀਸ਼ ਕੁਮਾਰ ਮੈਨੇਜਿੰਗ ਡਾਇਰੈਕਟਰ ਹਨ।
ਕੰਪਨੀ ਦੇ ਸਟੋਰ ਵਾਸ਼ੀ, ਠਾਣੇ, ਡੋਂਬਿਵਲੀ 'ਚ ਦੋ, ਚੈਂਬੂਰ, ਵਸਈ, ਅੰਬਰਨਾਥ, ਪੁਣੇ 'ਚ ਤਿੰਨ ਕੇਰਲ 'ਚ ਹਨ। ਇਸ ਦੇ ਨਾਲ ਹੀ ਵਿਦੇਸ਼ ਵਿਚ ਵੀ ਇਕ ਸ਼ੋਅਰੂਮ ਖੋਲ੍ਹਣ ਦਾ ਇਰਾਦਾ ਸੀ।
ਹਜ਼ਾਰਾਂ ਲੋਕਾਂ ਦਾ ਫਸਿਆ ਹੈ ਪੈਸਾ
ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਗੁਡਵਿੱਨ ਦੀਆਂ ਸਕੀਮਾਂ 'ਚ 2,000 ਰੁਪਏ ਤੋਂ ਲੈ ਕੇ 50 ਲੱਖ ਰੁਪਏ ਤੋਂ ਵਧ ਦਾ ਨਿਵੇਸ਼ ਕੀਤਾ ਹੋਇਆ ਹੈ। ਇਸ ਨਿੱਜੀ ਕੰਪਨੀ 'ਚ ਪੈਸਾ ਲਗਾਉਣ ਵਾਲਿਆਂ ਦੀ ਹਾਲਤ ਖਰਾਬ ਹੈ ਕਿਉਂਕਿ ਇਥੇ ਪੈਸਾ ਲਗਾਉਣ ਵਾਲਿਆਂ 'ਚ ਭਾਰੀ ਗਿਣਤੀ 'ਚ ਅਜਿਹੇ ਲੋਕ ਵੀ ਹੋ ਸਕਦੇ ਹਨ ਜਿਨ੍ਹਾਂ ਨੇ ਆਪਣਾ ਕਾਲਾ ਧਨ ਇਸ ਸਕੀਮ 'ਚ ਲਗਾਇਆ ਹੋਵੇ। ਇਸ ਲਈ ਇਨ੍ਹਾਂ ਲੋਕਾਂ ਨੂੰ ਆਪਣਾ ਦਾਅਵਾ ਮੰਗਣ 'ਚ ਮੁਸ਼ਕਲ ਆ ਸਕਦੀ ਹੈ।
ਪੈਸਾ ਇਕੱਠਾ ਕਰਨ ਲਈ ਭਰਮਾਇਆ ਲੋਕਾਂ ਨੂੰ
ਨਿਵੇਸ਼ਕਾਂ ਦਾ ਦਾਅਵਾ ਹੈ ਕਿ ਡੋਮਬਿਵਾਲੀ ਦਫਤਰ 21 ਅਕਤੂਬਰ ਨੂੰ ਬੰਦ ਕੀਤਾ ਗਿਆ ਸੀ ਅਤੇ ਜਦੋਂ ਉਨ੍ਹਾਂ ਨੇ ਸਟੋਰ ਦੇ ਕਰਮਚਾਰੀਆਂ ਨੂੰ ਫੋਨ 'ਤੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸਟੋਰ ਦੋ ਦਿਨਾਂ ਲਈ ਬੰਦ ਰਹੇਗਾ। ਪਰ ਦੀਵਾਲੀ 'ਤੇ ਵੀ ਦੁਕਾਨ ਬੰਦ ਰਹੀ, ਜਿਸ ਕਾਰਨ ਚਿੰਤਾ ਵੱਧ ਗਈ। ਇਕ ਪੀੜਤ ਨਿਵੇਸ਼ਕ ਨੇ ਕਿਹਾ, 'ਨਿਵੇਸ਼ਕਾਂ ਨੂੰ ਆਕਰਸ਼ਤ ਕਰਨ ਲਈ ਸਟੋਰ ਦੇ ਮਾਲਕ ਦੋਵਾਂ ਭਰਾਵਾਂ ਨੇ ਬਾਲੀਵੁੱਡ ਅਤੇ ਕੇਰਲ ਫਿਲਮ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਨੂੰ ਬੁਲਾਇਆ ਸੀ।'
ਕੰਪਨੀ ਦੀਆਂ ਦੋ ਸਕੀਮਾਂ
1. ਪਹਿਲੀ ਯੋਜਨਾ ਫਿਕਸਡ ਡਿਪਾਜ਼ਿਟ ਤੇ 16% ਵਿਆਜ ਦੀ ਪੇਸ਼ਕਸ਼ ਕੀਤੀ ਗਈ ਸੀ।
2. ਦੂਜੀ ਸਕੀਮ ਵਿਚ ਡਿਪਾਜ਼ਿਟ ਦਾ ਇਕ ਸਾਲ ਪੂਰਾ ਹੋਣ 'ਤੇ ਸੋਨੇ ਦੀ ਜਿਊਲਰੀ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ। ਕੋਈ ਇਕ ਨਿਵੇਸ਼ਕ ਇਕ ਸਾਲ ਲਈ ਇਕ ਮਹੀਨੇ 'ਚ ਭਾਵੇਂ ਜਿੰਨੀ ਮਰਜ਼ੀ ਰਕਮ ਦਾ ਨਿਵੇਸ਼ ਕਰ ਸਕਦਾ ਸੀ। ਇਕ ਨਿਵੇਸ਼ਕ ਆਪਣੀ ਰਕਮ ਦੇ ਬਰਾਬਰ ਸੋਨਾ ਲੈ ਸਕਦਾ ਸੀ ਜਾਂ ਨਕਦ ਲੈਣ ਵਾਲਿਆਂ ਨੂੰ 14 ਮਹੀਨੇ ਇੰਤਜ਼ਾਰ ਕਰਨਾ ਪੈਂਦਾ ਸੀ।
ਪਰ ਪੁਲਿਸ ਦਾ ਮੰਨਣਾ ਹੈ ਕਿ ਇਹ ਰਕਮ ਕਰੋੜਾਂ 'ਚ ਹੋ ਸਕਦੀ ਹੈ। ਰਾਮਨਗਰ ਪੁਲਸ ਥਾਣੇ ਦੇ ਸੀਨੀਅਰ ਇੰਸਪੈਕਟਰ ਐਸ.ਪੀ. ਅਹਿਰ ਨੇ ਦੱਸਿਆ, 'ਅਸੀਂ ਸਟੋਰ ਦੇ ਮਾਲਕ ਅਤੇ ਉਨ੍ਹਾਂ ਦੇ ਏਰੀਆ ਮੈਨੇਜਰ ਮਨੀਸ਼ ਕੁੰਡੀ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।' ਉਨ੍ਹਾਂ ਦੱਸਿਆ ਕਿ ਹੁਣ ਤੱਕ ਡੋਂਬਵਲੀ ਤੋਂ ਤਕਰੀਬਨ 250 ਵਿਅਕਤੀਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਅਤੇ ਜਮ੍ਹਾ ਕੀਤੀ ਗਈ ਸਾਰੀ ਰਕਮ ਦਾ ਪਤਾ ਲਗਾਉਣ ਲਈ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਹਨ।
ਵੁਆਇਸ ਮੈਸੇਜ 'ਚ ਦੱਸਿਆ ਸੁਰੱਖਿਅਤ ਹੈ ਨਿਵੇਸ਼
ਗੁੱਡਵਿਨ ਜਵੈਲਰਜ਼ ਦੇ ਮਾਲਕ ਸੁਨੀਲ ਅਤੇ ਸੁਧੀਸ਼ ਪਿਛਲੇ 22 ਸਾਲਾਂ ਤੋਂ ਗਹਿਣਿਆਂ ਦੇ ਕਾਰੋਬਾਰ ਵਿਚ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਇਕ ਆਵਾਜ਼ ਸੰਦੇਸ਼ ਵਿਚ ਚੇਅਰਮੈਨ ਨੇ ਨਿਵੇਸ਼ਕਾਂ ਨੂੰ ਕਿਹਾ ਹੈ ਕਿ ਉਨ੍ਹਾਂ ਦਾ ਨਿਵੇਸ਼ ਸੁਰੱਖਿਅਤ ਹੈ ਅਤੇ ਉਹ ਉਨ੍ਹਾਂ ਦੇ ਪੈਸਾ ਵਾਪਸ ਮਿਲ ਜਾਵੇਗਾ। ਮੈਸੇਜ 'ਚ ਕਿਹਾ ਗਿਆ ਹੈ, 'ਜੋ ਕੁਝ ਵੀ ਹੋਇਆ ਹੈ ਉਹ ਤਿੰਨ ਸਾਲ ਪਹਿਲਾਂ ਸ਼ੁਰੂ ਕੀਤੇ ਇਕ ਮਿਸ ਕੈਂਪੇਨ ਦਾ ਨਤੀਜਾ ਹੈ, ਜਦੋਂ ਸਾਡਾ ਪਰਿਵਾਰ ਮੁਸੀਬਤ 'ਚ ਫਸਿਆ। ਕਾਰੋਬਾਰ ਪ੍ਰਭਾਵਿਤ ਹੋਇਆ, ਪਰ ਅਸੀਂ ਇਸ ਨਾਲ ਨਜਿੱਠਣ ਲਈ ਇਕ ਨਵੇਂ ਆਈਡਿਆ 'ਤੇ ਕੰਮ ਕਰ ਰਹੇ ਹਾਂ'।
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਸੰਬੰਧ 'ਪਵਿੱਤਰ' ਹੈ : ਪ੍ਰਕਾਸ਼ ਸਿੰਘ ਬਾਦਲ
NEXT STORY