ਈਟਾਨਗਰ- ਅਰੁਣਾਚਲ ’ਚ ਫ਼ੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਣ ਦੇ ਮਾਮਲੇ ਵਿਚ ਲਾਪਤਾ ਆਖ਼ਰੀ ਫ਼ੌਜੀ ਜਵਾਨ ਦੀ ਮ੍ਰਿਤਕ ਦੇਹ ਮਿਲ ਗਈ ਹੈ, ਜਿਸ ਤੋਂ ਬਾਅਦ ਮ੍ਰਿਤਕਾਂ ਦੀ ਕੁੱਲ ਗਿਣਤੀ ਵੱਧ ਕੇ 5 ਹੋ ਗਈ ਹੈ। ਇਕ ਰੱਖਿਆ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਫ਼ੌਜ ਦਾ ਇਕ ਉੱਨਤ ਹਲਕਾ ਹੈਲੀਕਾਪਟਰ (ALH) ਦੋ ਪਾਇਲਟਾਂ ਸਮੇਤ 5 ਫ਼ੌਜੀ ਜਵਾਨਾਂ ਨੂੰ ਲੈ ਕੇ ਸ਼ੁੱਕਰਵਾਰ ਸਵੇਰੇ ਨਿਯਮਿਤ ਉਡਾਣ ’ਤੇ ਸੀ ਅਤੇ ਇਸ ਦੌਰਾਨ ਕਰੀਬ 10 ਵਜ ਕੇ 43 ਮਿੰਟ ’ਤੇ ਤੁਤਿੰਗ ਕਸਬੇ ਤੋਂ ਲੱਗਭਗ 25 ਕਿਲੋਮੀਟਰ ਦੂਰ ਮਿਗਿੰਗ ਪਿੰਡ ਕੋਲ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਏ. ਐੱਸ. ਵਾਲੀਆ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਚੀਨ ਨਾਲ ਲੱਗਦੀ ਸਰਹੱਦ ਤੋਂ ਲੱਗਭਗ 35 ਕਿਲੋਮੀਟਰ ਦੂਰ ਸੰਘਣੇ ਜੰਗਲ ਵਾਲੇ ਪਹਾੜੀ ਇਲਾਕੇ ’ਚ ਮੌਜੂਦ ਹਾਦਸੇ ਵਾਲੀ ਥਾਂ ਤੋਂ ਫ਼ੌਜ ਦੇ 4 ਹੋਰ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਸਨ।
ਲੈਫਟੀਨੈਂਟ ਕਰਨਲ ਨੇ ਦੱਸਿਆ ਕਿ ਮ੍ਰਿਤਕ ਫ਼ੌਜੀਆਂ ਦੀ ਪਛਾਣ ਪਾਇਲਟ ਮੇਜਰ ਵਿਕਾਸ ਭਾਂਭੂ ਅਤੇ ਮੇਜਰ ਮੁਸਤਫ਼ਾ ਬੋਹਰਾ, ਅਸ਼ਵਨੀ ਕੇ. ਵੀ., ਹੌਲਦਾਰ (ਓ. ਪੀ. ਆਰ.) ਬਿਰੇਸ਼ ਸਿਨਹਾ ਅਤੇ ਐੱਨ. ਕੇ. ਰੋਹਿਤਾਸ਼ ਕੁਮਾਰ ਦੇ ਰੂਪ ’ਚ ਹੋਈ ਹੈ। ਅਧਿਕਾਰੀ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਡਾਣ ਦੇ ਲਿਹਾਜ਼ ਤੋਂ ਮੌਸਮ ਚੰਗਾ ਸੀ। ਪਾਇਲਟਾਂ ਕੋਲ ਏ. ਐੱਲ. ਐੱਚ- ਡਬਲਯੂ. ਐੱਸ. ਆਈ. ਉਡਾਣ ਦਾ ਸਾਂਝੇ ਰੂਪ ਨਾਲ 600 ਤੋਂ ਵੱਧ ਘੰਟਿਆਂ ਦਾ ਤਜ਼ਰਬਾ ਸੀ। ਨਾਲ ਹੀ ਉਹ ਕੁੱਲ 1800 ਘੰਟੇ ਤੋਂ ਵੱਧ ਉਡਾਣ ਸੇਵਾਵਾਂ ਦੇ ਚੁੱਕੇ ਸਨ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਹੈਲੀਕਾਪਟਰ ਤੋਂ ਹਵਾਈ ਆਵਾਜਾਈ ਕੰਟਰੋਲ ਰੂਮ ਨੂੰ ਤਕਨੀਕੀ ਖਰਾਬੀ ਬਾਰੇ ਐਮਰਜੈਂਸੀ ਸੰਦੇਸ਼ ਭੇਜਿਆ ਗਿਆ ਸੀ।
CM ਏਕਨਾਥ ਸ਼ਿੰਦੇ ਨੇ ਹਰੀਸ਼ ਸਿੰਗਲਾ ਨੂੰ ਐਲਾਨਿਆ ਸ਼ਿਵ ਸੈਨਾ ਬਾਲ ਠਾਕਰੇ ਦਾ ਪੰਜਾਬ ਪ੍ਰਧਾਨ
NEXT STORY