ਸ਼੍ਰੀਨਗਰ – ਫੌਜ ਮੁਖੀ ਜਨਰਲ ਐੱਮ.ਐੱਮ. ਨਰਵਣੇ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਕੰਟਰੋਲ ਰੇਖਾ ’ਤੇ ਜੰਗਬੰਦੀ ਦਾ ਲੰਬੇ ਸਮੇਂ ਤੱਕ ਕਾਇਮ ਰਹਿਣਾ ਗੁਆਂਢੀ ਦੇਸ਼ ਦੀਆਂ ਕਾਰਵਾਈਆਂ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸਰਹੱਦ ’ਤੇ ਅੱਤਵਾਦੀ ਢਾਂਚਾ ਮੌਜੂਦ ਹੈ, ਇਸ ਲਈ ਤਿਆਰੀਆਂ ਵਿਚ ਢਿੱਲ ਨਹੀਂ ਦਿੱਤੀ ਜਾਵੇਗੀ।
ਆਪਣੇ ਕਸ਼ਮੀਰ ਦੌਰੇ ਦੇ ਆਖਰੀ ਦਿਨ ਜਨਰਲ ਨਰਵਣੇ ਨੇ ਕਿਹਾ ਕਿ ਕੰਟਰੋਲ ਰੇਖਾ ’ਤੇ ਇਸ ਸਮੇਂ ਜੰਗਬੰਦੀ ਹੈ। ਜੰਗਬੰਦੀ ਚੱਲਦੀ ਰਹੇ, ਇਸ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਪਾਕਿਸਤਾਨ ’ਤੇ ਹੈ। ਕੰਟਰੋਲ ਰੇਖਾ ਦੇ ਦੂਜੇ ਪਾਸੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿਚ ਅੱਤਵਾਦੀ ਕੈਂਪਾਂ ਅਤੇ ਅੱਤਵਾਦੀਆਂ ਦੀ ਮੌਜੂਦਗੀ ਸਮੇਤ ਅੱਤਵਾਦੀ ਢਾਂਚੇ ਹੋਣ ਵਰਗੀਆਂ ਕਾਰਵਾਈਆਂ ਜਾਰੀ ਹਨ। ਇਸ ਲਈ ਅਸੀਂ ਆਪਣੀਆਂ ਤਿਆਰੀਆਂ ਵਿਚ ਕੋਈ ਢਿੱਲ ਨਹੀਂ ਦੇ ਸਕਦੇ।
ਜਦੋਂ ਫੌਜ ਮੁਖੀ ਕੋਲੋਂ ਪੁੱਛਿਆ ਗਿਆ ਕਿ ਜੰਗਬੰਦੀ ਨੂੰ 100 ਦਿਨ ਹੋ ਗਏ ਹਨ ਤਾਂ ਕੀ ਇਸਲਾਮਾਬਾਦ ’ਤੇ ਹੁਣ ਭਰੋਸਾ ਕੀਤਾ ਜਾ ਸਕਦਾ ਹੈ ਤਾਂ ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਦਹਾਕਿਆਂ ਤੱਕ ਬੇਭਰੋਸਾ ਰਿਹਾ ਹੈ ਇਸ ਲਈ ਹਾਲਾਤ ਰਾਤੋ-ਰਾਤ ਨਹੀਂ ਬਦਲ ਸਕਦੇ।
ਫੌਜ ਮੁਖੀ ਨੇ ਕਿਹਾ ਕਿ ਅੱਤਵਾਦੀਆਂ ਦੇ ਦਾਖਲੇ ਨੂੰ ਰੋਕਣ ਲਈ ਸਾਡੇ ਕੋਲ ਇਕ ਘੁਸਪੈਠ ਰੋਕੂ ਢਾਂਚਾ ਹੈ ਅਤੇ ਅੰਦਰੂਨੀ ਖੇਤਰ ਵਿਚ ਸਾਡੇ ਕੋਲ ਅੱਤਵਾਦ ਰੋਕੂ ਢਾਂਚਾ ਹੈ। ਜਵਾਨਾਂ ਦੀ ਤਾਇਨਾਤੀ ਇਕ ਗਤੀਸ਼ੀਲ ਪ੍ਰਕਿਰਿਆ ਹੈ। ਜੇਕਰ ਹਾਲਾਤ ਵਿਚ ਸੁਧਾਰ ਹੁੰਦਾ ਹੈ ਤਾਂ ਕੁਝ ਫੌਜੀਆਂ ਨੂੰ ਸਰਗਰਮ ਜ਼ਿੰਮੇਵਾਰੀ ਤੋਂ ਹਟਾ ਲਿਆ ਜਾਂਦਾ ਹੈ ਤਾਂ ਜੋ ਉਨ੍ਹਾਂ ਨੂੰ ਆਰਾਮ ਮਿਲ ਜਾਵੇ।
ਜਨਰਲ ਨਰਵਣੇ ਨੇ ਕਿਹਾ ਕਿ ਦੇਸ਼ ਵਿਚ ਕੋਵਿਡ-19 ਦੇ ਮਾਮਲੇ ਘੱਟ ਹੋ ਰਹੇ ਹਨ ਅਤੇ ਅਸੀਂ ਤੀਜੀ ਲਹਿਰ ਨਾਲ ਨਜਿੱਠਣ ਲਈ ਵੀ ਤਿਆਰ ਹਾਂ। ਐੱਲ. ਓ. ਸੀ. ਦੇ ਨਾਲ-ਨਾਲ ਵਾਦੀ ਵਿਚ ਸਥਿਤੀ ਵਿਚ ਬਹੁਤ ਸੁਧਾਰ ਹੋਇਆ ਹੈ। ਇਹ ਸਭ ਆਮ ਸਥਿਤੀ ਵੱਲ ਪਰਤਣ ਦੇ ਸੰਕੇਤ ਹਨ ਅਤੇ ਲੋਕ ਵੀ ਇਹੀ ਚਾਹੁੰਦੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਮੱਧ ਪ੍ਰਦੇਸ਼ ਦੇ 3,000 ਜੂਨੀਅਰ ਡਾਕਟਰਾਂ ਨੇ ਦਿੱਤਾ ਸਮੂਹਿਕ ਅਸਤੀਫਾ, ਜਾਣੋਂ ਕੀ ਹੈ ਮਾਮਲਾ
NEXT STORY