ਲਖਨਊ— ਉੱਤਰ ਪ੍ਰਦੇਸ਼ ਸੁੰਨੀ ਸੈਂਟਰਲ ਵਕਫ ਬੋਰਡ ਨੇ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਸੂਬਾ ਸਰਕਾਰ ਵੱਲੋਂ ਆਯੁਧਿਆ 'ਚ ਦਿੱਤੀ ਗਈ 5 ਏਕੜ ਜ਼ਮੀਨ ਨੂੰ ਸੋਮਵਾਰ ਪ੍ਰਵਾਨ ਕਰਦੇ ਹੋਏ ਉੱਥੇ ਮਸਜਿਦ ਬਣਾਉਣ ਦੇ ਨਾਲ-ਨਾਲ ਇੰਡੋ-ਇਸਲਾਮਿਕ ਰਿਸਰਚ ਸੈਂਟਰ, ਹਸਪਤਾਲ ਅਤੇ ਲਾਇਬ੍ਰੇਰੀ ਨੂੰ ਵੀ ਬਣਾਉਣ ਦਾ ਫੈਸਲਾ ਕੀਤਾ ਹੈ। ਬੋਰਡ ਦੇ ਮੁਖੀ ਜੁਫਰ ਫਾਰੂਕੀ ਨੇ ਬੈਠਕ ਪਿੱਛੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ,''ਬੋਰਡ ਦੀ ਬੈਠਕ 'ਚ ਸੂਬਾ ਸਰਕਾਰ ਵੱਲੋਂ ਆਯੁਧਿਆ 'ਚ ਦਿੱਤੀ ਜਾ ਰਹੀ 5 ਏਕੜ ਜ਼ਮੀਨ ਨੂੰ ਸਵੀਕਾਰ ਕਰਨ ਸਬੰਧੀ ਫੈਸਲਾ ਲਿਆ ਗਿਆ।'' ਉਨ੍ਹਾਂ ਨੇ ਦੱਸਿਆ ਕਿ ਬੋਰਡ ਨੇ ਇਹ ਵੀ ਫੈਸਲਾ ਕੀਤਾ ਕਿ ਉਹ ਉਸ ਜ਼ਮੀਨ 'ਤੇ ਉਸਾਰੀ ਲਈ ਇਕ ਟਰੱਸਟ ਵੀ ਗਠਿਤ ਕਰੇਗਾ। ਉਸ ਜ਼ਮੀਨ 'ਤੇ ਮਸਜਿਦ ਦੀ ਉਸਾਰੀ ਦੇ ਨਾਲ-ਨਾਲ ਇਕ ਅਜਿਹਾ ਕੇਂਦਰ ਵੀ ਸਥਾਪਤ ਕੀਤਾ ਜਾਏਗਾ ਜੋ ਪਿਛਲੀਆਂ ਕਈ ਸਦੀਆਂ ਦੀ ਇੰਡੋ-ਇਸਲਾਮਿਕ ਸੱਭਿਅਤਾ ਨੂੰ ਪ੍ਰਦਰਸ਼ਿਤ ਕਰੇਗਾ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਭਾਰਤੀ ਅਤੇ ਇਸਲਾਮਿਕ ਸੱਭਿਅਤਾ ਦੇ ਅਧਿਐਨ ਲਈ ਇਕ ਕੇਂਦਰ ਸਥਾਪਤ ਕੀਤਾ ਜਾਏਗਾ। ਨਾਲ ਹੀ ਇਕ ਚੈਰੀਟੇਬਲ ਹਸਪਤਾਲ ਅਤੇ ਪਬਲਿਕ ਲਾਇਬ੍ਰੇਰੀ ਬਣਾਈ ਜਾਏਗੀ। ਸਮਾਜ ਦੇ ਹਰ ਵਰਗ ਦੀ ਲੋੜ ਮੁਤਾਬਕ ਵੱਖ-ਵੱਖ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਏਗਾ।
ਸਥਾਨਕ ਲੋੜਾਂ ਨੂੰ ਧਿਆਨ 'ਚ ਰੱਖ ਕੇ ਬਣਾਈ ਜਾਏਗੀ ਮਸਜਿਦ
ਫਾਰੂਕੀ ਨੇ ਮੀਡੀਆ ਦੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਮਸਜਿਦ ਨੂੰ ਸਥਾਨਕ ਲੋੜਾਂ ਨੂੰ ਧਿਆਨ 'ਚ ਰੱਖ ਕੇ ਉਸਾਰਿਆ ਜਾਏਗਾ। ਉਨ੍ਹਾਂ ਕੋਲੋ ਇਹ ਸਵਾਲ ਪੁੱਛਿਆ ਗਿਆ ਸੀ ਕਿ ਮਸਜਿਦ ਕਿੰਨੀ ਵੱਡੀ ਹੋਵੇਗੀ। ਉਨ੍ਹਾਂ ਕਿਹਾ ਕਿ ਮਸਜਿਦ ਦੀ ਵਿਸ਼ਾਲਤਾ ਬਾਰੇ ਵੇਰਵੇ ਟਰੱਸਟ ਅਤੇ ਉਸ ਦੇ ਅਹੁਦੇਦਾਰਾਂ ਵੱਲੋਂ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਤੈਅ ਕੀਤੇ ਜਾਣਗੇ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ 9 ਨਵੰਬਰ 2019 ਨੂੰ ਅਯੁੱਧਿਆ ਮਾਮਲੇ 'ਚ ਫੈਸਲਾ ਸੁਣਾਉਂਦੇ ਹੋਏ ਸੰਬੰਧਤ ਸਥਾਨ 'ਤੇ ਰਾਮ ਮੰਦਰ ਦਾ ਨਿਰਮਾਣ ਕਰਵਾਉਣ ਅਤੇ ਸਰਕਾਰ ਨੂੰ ਮਾਮਲੇ ਦੇ ਮੁੱਖ ਮੁਸਲਿਮ ਪੱਖਕਾਰ ਸੁੰਨੀ ਸੈਂਟਰਲ ਵਕਫ਼ ਬੋਰਡ ਨੂੰ ਅਯੁੱਧਿਆ 'ਚ ਕਿਸੇ ਪ੍ਰਮੁੱਖ ਸਥਾਨ 'ਤੇ ਮਸਜਿਦ ਨਿਰਮਾਣ ਲਈ 5 ਏਕੜ ਜ਼ਮੀਨ ਦੇਣ ਦਾ ਆਦੇਸ਼ ਦਿੱਤਾ ਸੀ।
'ਤਾਜ ਮਹਿਲ' ਦਾ ਦੀਦਾਰ ਕਰ ਹੈਰਾਨ ਹੋਏ ਟਰੰਪ, ਵਿਜ਼ੀਟਰ ਬੁੱਕ 'ਚ ਲਿਖਿਆ ਖਾਸ ਸੰਦੇਸ਼
NEXT STORY