ਮੁੰਗੇਲੀ/ਮਹਾਸਮੁੰਦ (ਛੱਤੀਸਗੜ੍ਹ), (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ਨੂੰ ਲੈ ਕੇ ਸੋਮਵਾਰ ਛੱਤੀਸਗੜ੍ਹ ਦੇ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਭੁਪੇਸ਼ ਬਘੇਲ ’ਤੇ ਹਮਲਾ ਬੋਲਿਆ ਅਤੇ ਦੋਸ਼ ਲਾਇਆ ਕਿ ਉਹ ਇਸ ਘਪਲੇ ਦੇ ਸਰਗਣਾ ਹਨ ਤੇ ਆਪਣੇ ਕਾਰਜਕਾਲ ਦੌਰਾਨ ਗਾਂਧੀ ਪਰਿਵਾਰ ਦਾ ਖਜ਼ਾਨਾ ਭਰਨ ਲਈ ਉਨ੍ਹਾਂ ਸੂਬੇ ਨੂੰ ਲੁੱਟਿਆ।
ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਹੁਣੇ ਜਿਹੇ ਹੀ ਦਾਅਵਾ ਕੀਤਾ ਸੀ ਕਿ ਉਸ ਨੇ ਮਨੀ ਲਾਂਡਰਿੰਗ ਵਿੱਚ ਸ਼ਾਮਲ ਇੱਕ ਵਿਅਕਤੀ ਦਾ ਬਿਆਨ ਦਰਜ ਕੀਤਾ ਹੈ, ਜਿਸ ਨੇ ਦੋਸ਼ ਲਾਇਆ ਹੈ ਕਿ ਮਹਾਦੇਵ ਸੱਟੇਬਾਜ਼ੀ ਐਪ ਦੇ ਪ੍ਰਮੋਟਰਾਂ ਨੇ ਬਘੇਲ ਨੂੰ ਹੁਣ ਤੱਕ 508 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ।
ਛੱਤੀਸਗੜ੍ਹ ਦੇ ਮੁੰਗੇਲੀ ਅਤੇ ਮਹਾਸਮੁੰਦ ਜ਼ਿਲਿਆਂ ਵਿੱਚ ਦੋ ਜਨਤਕ ਰੈਲੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਦੇਸ਼ ’ਤੇ ਲੰਬਾ ਸਮਾਂ ਰਾਜ ਕੀਤਾ ਪਰ ਇਸ ਨੇ ਕਦੇ ਵੀ ਹੋਰਨਾਂ ਪੱਛੜੀਆਂ ਸ਼੍ਰੇਣੀਆਂ (ਓ. ਬੀ. ਸੀ.) ਨੂੰ ਰਿਜ਼ਰਵੇਸ਼ਨ ਨਹੀਂ ਦਿੱਤੀ। ਇਸ ਲਈ ਲੋਕਾਂ ਨੂੰ ਉਸ ਦੀ ਮਾਨਸਿਕਤਾ ਨੂੰ ਸਮਝਣਾ ਪਵੇਗਾ। ਕਾਂਗਰਸ ਦਾ ਇੱਕੋ ਇੱਕ ਟੀਚਾ ਛੱਤੀਸਗੜ੍ਹ ਨੂੰ ਲੁੱਟਣਾ ਅਤੇ ਆਪਣਾ ਖਜ਼ਾਨਾ ਭਰਨਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਪੁੱਤਰ, ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਉਨ੍ਹਾਂ ਦੇ ਕਰੀਬੀ ਅਧਿਕਾਰੀਆਂ ਨੇ ਛੱਤੀਸਗੜ੍ਹ ਨੂੰ ਲੁੱਟ ਕੇ ਪੰਜ ਸਾਲਾਂ ਵਿੱਚ ਬਰਬਾਦ ਕਰ ਦਿੱਤਾ। ਉਨ੍ਹਾਂ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਉਪ ਮੁੱਖ ਮੰਤਰੀ ਟੀ. ਐੱਸ. ਸਿੰਘ ਦੇਵ ਵਿਚਾਲੇ ਮੁੱਖ ਮੰਤਰੀ ਦੇ ਅਹੁਦੇ ਦੇ ਸਮਝੌਤੇ ’ਤੇ ਵੀ ਟਿੱਪਣੀ ਕੀਤੀ ਤੇ ਕਿਹਾ ਕਿ ਜਦੋਂ ਕਾਂਗਰਸ ਆਪਣੇ ਹੀ ਸੀਨੀਅਰ ਆਗੂਆਂ ਨੂੰ ਧੋਖਾ ਦੇ ਸਕਦੀ ਹੈ ਤਾਂ ਇਹ ਤੈਅ ਹੈ ਕਿ ਉਹ ਲੋਕਾਂ ਨਾਲ ਵੀ ਧੋਖਾ ਕਰੇਗੀ ਅਤੇ ਆਪਣੇ ਵਾਅਦੇ ਪੂਰੇ ਨਹੀਂ ਕਰੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ-ਕੱਲ ਦਿੱਲੀ ਦੇ ਕੁਝ ਵੱਡੇ ਕਾਂਗਰਸੀ ਆਗੂ ਆਪਣੀਆਂ ਮੀਟਿੰਗਾਂ ਵਿੱਚ ਮੇਰੀ ਜਾਤੀ ਦਾ ਪ੍ਰਚਾਰ ਕਰ ਰਹੇ ਹਨ। ਉਹ ਕਹਿੰਦੇ ਰਹਿੰਦੇ ਹਨ ਕਿ ਮੋਦੀ ਓ. ਬੀ. ਸੀ. ਹਨ। ਇਸ ਤੋਂ ਪਹਿਲਾਂ ਦੇਸ਼ ਵਿੱਚ ਹੋਈਆਂ ਚੋਣਾਂ ਵਿੱਚ ਇਨ੍ਹਾਂ ਲੋਕਾਂ ਨੇ ਮੇਰੇ ਬਹਾਨੇ ਸਮੁੱਚੇ ਓ. ਬੀ. ਸੀ. ਸਮਾਜ ਨੂੰ ਚੋਰ ਕਿਹਾ ਸੀ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਾਂਗਰਸ ਦੀ ਮਾਨਸਿਕਤਾ ਨੂੰ ਪਛਾਣਨਾ ਹੋਵੇਗਾ। ਇਹ ਉਹੀ ਕਾਂਗਰਸ ਹੈ ਜਿਸ ਨੇ ਪੰਚਾਇਤ ਤੋਂ ਪਾਰਲੀਮੈਂਟ ਤੱਕ ਸਰਕਾਰ ਚਲਾਈ। ਲੋਕਾਂ ਨੇ ਉਸ ਨੂੰ ਸਰਕਾਰ ਚਲਾਉਣ ਦਾ ਮੌਕਾ ਦਿੱਤਾ, ਪਰ ਓ. ਬੀ. ਸੀ. ਸਮਾਜ ਨੂੰ ਕੋਈ ਰਾਖਵਾਂਕਰਨ ਨਹੀਂ ਦਿੱਤਾ ਗਿਆ। ਇਹ ਉਹੀ ਕਾਂਗਰਸ ਹੈ ਜਿਸ ਨੇ ਓ. ਬੀ. ਸੀ. ਕਮਿਸ਼ਨ ਨੂੰ ਸੰਵਿਧਾਨਕ ਦਰਜਾ ਨਹੀਂ ਦਿੱਤਾ। ਇਹ ਉਹੀ ਕਾਂਗਰਸ ਹੈ ਜਿਸ ਨੇ ਮੈਡੀਕਲ ਕਾਲਜਾਂ ਵਿੱਚ ਓ. ਬੀ. ਸੀ. ਲਈ ਰਾਖਵਾਂਕਰਨ ਲਾਗੂ ਨਹੀਂ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇਸ ਗਲ ਦੀ ਇੱਕ ਉਦਾਹਰਣ ਹੈ ਕਿ ਕਾਂਗਰਸ ਅੰਦਰ ਓ.ਬੀ.ਸੀ. ਕੌਮ ਪ੍ਰਤੀ ਕਿੰਨੀ ਨਫਰਤ ਹੈ। ਇਹ ਕਾਂਗਰਸ ਹੀ ਹੈ ਜਿਸ ਨੇ ਬਾਬਾ ਸਾਹਿਬ (ਭੀਮ ਰਾਓ) ਅੰਬੇਡਕਰ ਦਾ ਅਪਮਾਨ ਕੀਤਾ। ਇਹ ਕਾਂਗਰਸ ਹੀ ਹੈ ਜਿਸ ਨੇ ਬਾਬਾ ਸਾਹਿਬ ਦੀ ਸਿਆਸਤ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਸੀ।
ਦੁਕਾਨ 'ਚ ਅੱਗ ਲੱਗਣ ਮਗਰੋਂ ਸਾਹ ਘੁੱਟਣ ਨਾਲ ਇਕ ਹੀ ਪਰਿਵਾਰ ਦੇ 3 ਜੀਆਂ ਦੀ ਮੌਤ
NEXT STORY