ਨਵੀਂ ਦਿੱਲੀ- ਰਾਜਧਾਨੀ ਦਿੱਲੀ ਤੋਂ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਨਬੀ ਕਰੀਮ ਇਲਾਕੇ 'ਚ ਇੱਕ ਗਰਭਵਤੀ ਔਰਤ ਨੂੰ ਉਸ ਦੇ ਸਾਬਕਾ ਲਿਵ-ਇਨ ਪਾਰਟਨਰ ਨੇ ਚਾਕੂ ਮਾਰ-ਮਾਰ ਦਰਦਨਾਕ ਤਰੀਕੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਔਰਤ ਦੇ ਪਤੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਹਮਲਾਵਰ ਨੂੰ ਕਾਬੂ ਕਰ ਲਿਆ। ਪਰ ਝਗੜਾ ਜਦੋਂ ਵਧ ਗਿਆ ਤਾਂ ਹੱਥੋਪਾਈ 'ਚ ਹਮਲਾਵਰ ਨੂੰ ਹੀ ਚਾਕੂ ਲੱਗ ਗਿਆ ਤੇ ਉਸ ਦੀ ਵੀ ਮੌਤ ਹੋ ਗਈ।
ਮ੍ਰਿਤਕ ਔਰਤ ਦੀ ਪਛਾਣ ਸ਼ਾਲਿਨੀ (22) ਵਜੋਂ ਹੋਈ ਹੈ, ਜੋ ਆਕਾਸ਼ ਦੀ ਪਤਨੀ ਸੀ ਤੇ ਉਹ 2 ਬੱਚਿਆਂ ਦੀ ਮਾਂ ਸੀ, ਜਦਕਿ ਉਸ ਦਾ ਕਤਲ ਕਰਨ ਵਾਲੇ ਉਸ ਦੇ ਸਾਬਕਾ ਲਿਵ-ਇਨ ਪਾਰਟਨਰ ਦੀ ਪਛਾਣ ਆਸ਼ੂ ਉਰਫ਼ ਸ਼ੈਲੇਂਦਰ (34) ਵਜੋਂ ਹੋਈ ਹੈ, ਜੋ ਨਬੀ ਕਰੀਮ ਥਾਣੇ ਦਾ ਹਿਸਟਰੀਸ਼ੀਟਰ ਸੀ।
ਪਤੀ ਆਕਾਸ਼ (23), ਜਿਸ ਨੂੰ ਆਪਣੀ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਚਾਕੂ ਕਾਰਨ ਕਈ ਕੱਟ ਲੱਗੇ ਹਨ, ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਿਪਟੀ ਕਮਿਸ਼ਨਰ ਆਫ਼ ਪੁਲਸ (ਸੈਂਟਰਲ) ਨਿਧਿਨ ਵਾਲਸਨ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ।
ਮਿਲੀ ਜਾਣਕਾਰੀ ਅਨੁਸਾਰ ਉਕਤ ਘਟਨਾ ਸ਼ਨੀਵਾਰ ਰਾਤ ਲਗਭਗ 10:15 ਵਜੇ ਵਾਪਰੀ, ਜਦੋਂ ਆਕਾਸ਼ ਅਤੇ ਸ਼ਾਲਿਨੀ ਕੁਤੁਬ ਰੋਡ 'ਤੇ ਸ਼ਾਲਿਨੀ ਦੀ ਮਾਂ ਸ਼ੀਲਾ ਨੂੰ ਮਿਲਣ ਜਾ ਰਹੇ ਸਨ। ਇਸ ਦੌਰਾਨ ਆਸ਼ੂ ਅਚਾਨਕ ਉੱਥੇ ਪਹੁੰਚ ਗਿਆ ਅਤੇ ਉਸ ਨੇ ਆਕਾਸ਼ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ- ਖ਼ਤਮ ਹੋਈ ਜੰਗ ! ਸੀਜ਼ਫਾਇਰ ਲਈ ਰਾਜ਼ੀ ਹੋਏ ਪਾਕਿਸਤਾਨ ਤੇ ਅਫ਼ਗਾਨਿਸਤਾਨ
ਪੁਲਸ ਨੇ ਦੱਸਿਆ ਕਿ ਆਕਾਸ਼ ਪਹਿਲੇ ਵਾਰ 'ਚ ਬਚਣ 'ਚ ਕਾਮਯਾਬ ਰਿਹਾ, ਪਰ ਆਸ਼ੂ ਨੇ ਫਿਰ ਈ-ਰਿਕਸ਼ਾ ਵਿੱਚ ਬੈਠੀ ਸ਼ਾਲਿਨੀ ਵੱਲ ਰੁਖ਼ ਕੀਤਾ ਅਤੇ ਉਸ ਨੂੰ ਕਈ ਵਾਰ ਚਾਕੂ ਮਾਰਿਆ। ਆਕਾਸ਼ ਉਸ ਨੂੰ ਬਚਾਉਣ ਲਈ ਭੱਜਿਆ, ਜਿਸ ਦੌਰਾਨ ਉਹ ਵੀ ਜ਼ਖਮੀ ਹੋ ਗਿਆ। ਹਾਲਾਂਕਿ ਉਹ ਆਸ਼ੂ ਨੂੰ ਕਾਬੂ ਕਰਨ ਵਿੱਚ ਕਾਮਯਾਬ ਰਿਹਾ ਤੇ ਉਸ ਨੇ ਆਸ਼ੂ ਤੋਂ ਚਾਕੂ ਖੋਹ ਲਿਆ ਅਤੇ ਝਗੜੇ ਦੌਰਾਨ ਆਸ਼ੂ ਨੂੰ ਚਾਕੂ ਮਾਰ ਦਿੱਤਾ।
ਸ਼ਾਲਿਨੀ ਦਾ ਭਰਾ ਰੋਹਿਤ ਅਤੇ ਕੁਝ ਸਥਾਨਕ ਨਿਵਾਸੀ ਤਿੰਨਾਂ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਸ਼ਾਲਿਨੀ ਅਤੇ ਆਸ਼ੂ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਸੂਤਰਾਂ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਸ਼ਾਲਿਨੀ ਮੌਤ ਦੇ ਸਮੇਂ ਗਰਭਵਤੀ ਸੀ। ਇਹ ਘਟਨਾ ਕੁਤੁਬ ਰੋਡ ਦੇ ਨੇੜੇ ਇੱਕ ਭੀੜ-ਭਾੜ ਵਾਲੇ ਇਲਾਕੇ 'ਚ ਕਈ ਲੋਕਾਂ ਦੇ ਸਾਹਮਣੇ ਵਾਪਰੀ।
ਸ਼ਾਲਿਨੀ ਦੀ ਮਾਂ ਅਨੁਸਾਰ ਕੁਝ ਸਾਲ ਪਹਿਲਾਂ ਸ਼ਾਲਿਨੀ ਅਤੇ ਆਕਾਸ਼ ਦੇ ਵਿਆਹ ਵਿੱਚ ਤਣਾਅ ਆ ਗਿਆ ਸੀ, ਜਿਸ ਦੌਰਾਨ ਸ਼ਾਲਿਨੀ ਨੇ ਆਸ਼ੂ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣਾ ਸ਼ੁਰੂ ਕਰ ਦਿੱਤਾ ਸੀ। ਬਾਅਦ ਵਿੱਚ ਸ਼ਾਲਿਨੀ ਨੇ ਆਕਾਸ਼ ਨਾਲ ਸੁਲ੍ਹਾ ਕਰ ਲਈ ਅਤੇ ਉਹ ਆਪਣੇ ਦੋ ਬੱਚਿਆਂ ਸਮੇਤ ਉਸ ਦੇ ਨਾਲ ਰਹਿਣ ਲਈ ਵਾਪਸ ਆ ਗਈ। ਡੀ.ਸੀ.ਪੀ. ਨੇ ਦੱਸਿਆ ਕਿ ਸ਼ਾਲਿਨੀ ਦੇ ਵਾਪਸ ਜਾਣ ਤੋਂ ਆਸ਼ੂ ਬਹੁਤ ਗੁੱਸੇ ਵਿੱਚ ਸੀ। ਆਸ਼ੂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਸ਼ਾਲਿਨੀ ਦੇ ਅਣਜੰਮੇ ਬੱਚੇ ਦਾ ਪਿਤਾ ਉਹ ਹੀ ਸੀ।
ਪੁਲਸ ਨੇ ਦੱਸਿਆ ਕਿ ਆਸ਼ੂ ਨਬੀ ਕਰੀਮ ਥਾਣੇ ਦਾ ਸੂਚੀਬੱਧ 'ਬੈਡ ਕਰੈਕਟਰ' ਸੀ ਅਤੇ ਉਸ ਦਾ ਪਿਛਲਾ ਅਪਰਾਧਿਕ ਰਿਕਾਰਡ ਵੀ ਸੀ। ਆਕਾਸ਼ ਦੇ ਵੀ ਪਹਿਲਾਂ ਤਿੰਨ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੋਣ ਦੀ ਜਾਣਕਾਰੀ ਹੈ। ਸ਼ਾਲਿਨੀ ਦੀ ਮਾਂ ਸ਼ੀਲਾ ਦੀ ਸ਼ਿਕਾਇਤ 'ਤੇ ਨਬੀ ਕਰੀਮ ਥਾਣੇ ਵਿੱਚ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 103-1 (ਕਤਲ) ਅਤੇ 109-1 (ਕਤਲ ਦੀ ਕੋਸ਼ਿਸ਼) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।
ਇਹ ਵੀ ਪੜ੍ਹੋ- ਅਮਰੀਕੀ ਫ਼ੌਜ ਦੀ ਸਮੁੰਦਰ ਵਿਚਾਲੇ ਵੱਡੀ ਕਾਰਵਾਈ ! ਟਰੰਪ ਦੇ ਇਸ਼ਾਰੇ 'ਤੇ ਉਡਾ'ਤੀ ਪਣਡੁੱਬੀ
ਦੀਵਾਲੀ ਦੇ ਮੱਦੇਨਜ਼ਰ 1,702 ਵਿਸ਼ੇਸ਼ ਰੇਲਗੱਡੀਆਂ ਚਲਾਏਗਾ ਕੇਂਦਰੀ ਰੇਲਵੇ
NEXT STORY