ਗੁਰੂਹਰਸਹਾਏ (ਸਿਕਰੀ, ਕਾਲੜਾ, ਸੁਨੀਲ ਵਿੱਕੀ) : ਗੁਰੂਹਰਸਹਾਏ ’ਚ ਕਾਨੂੰਨੀ ਤੌਰ ’ਤੇ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿ ਰਹੇ ਇਕ ਜੋੜੇ ਦੀ ਜ਼ਿੰਦਗੀ ’ਚ ਉਸ ਵੇਲੇ ਵੱਡਾ ਡਰ ਅਤੇ ਪਰੇਸ਼ਾਨੀ ਖੜ੍ਹੀ ਹੋ ਗਈ, ਜਦੋਂ ਪਤੀ ਦੀ ਪਹਿਲੀ ਪਤਨੀ ਅਤੇ ਉਸ ਦੇ ਪਰਿਵਾਰ ਸਮੇਤ ਕੁੱਲ 12 ਲੋਕਾਂ ਨੇ ਦੂਜੀ ਔਰਤ ਨੂੰ ਜ਼ਬਰਦਸਤੀ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਇਸ ਮਾਮਲੇ ’ਚ ਤੁਰੰਤ ਕਾਰਵਾਈ ਕਰਦੇ ਹੋਏ ਸ਼ਿਕਾਇਤਕਰਤਾ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਸਾਰੇ 12 ਮੁਲਜ਼ਮਾਂ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਥਾਣਾ ਗੁਰੂਹਰਸਹਾਏ ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਔਰਤ ਸੰਜਨਾ ਰਾਣੀ ਨੇ ਦੱਸਿਆ ਕਿ ਉਸ ਦੇ ਪਤੀ ਪਰਮਜੀਤ ਸਿੰਘ ਦਾ ਪਹਿਲਾ ਵਿਆਹ ਵੀਨਾ ਰਾਣੀ ਨਾਲ ਹੋਇਆ ਸੀ, ਜਿਨ੍ਹਾਂ ਦੇ 3 ਬੱਚੇ ਵੀ ਸਨ। ਸੰਜਨਾ ਰਾਣੀ ਮੁਤਾਬਕ ਕਰੀਬ ਡੇਢ ਸਾਲ ਪਹਿਲਾਂ ਵੀਨਾ ਰਾਣੀ ਆਪਣੇ ਪਤੀ ਦਾ ਘਰ ਛੱਡ ਕੇ ਕਿਸੇ ਹੋਰ ਵਿਅਕਤੀ ਨਾਲ ਚਲੀ ਗਈ ਸੀ।
ਇਸ ਤੋਂ ਬਾਅਦ ਸੰਜਨਾ ਰਾਣੀ ਅਤੇ ਪਰਮਜੀਤ ਸਿੰਘ ਨੇ ਸੈਸ਼ਨ ਕੋਰਟ ਫ਼ਿਰੋਜ਼ਪੁਰ ਵਿਖੇ ਲਿਵ-ਇਨ ਰਿਲੇਸ਼ਨਸ਼ਿਪ ਦਾ ਕੇਸ ਦਾਇਰ ਕੀਤਾ ਸੀ, ਜਿੱਥੇ ਅਦਾਲਤ ਨੇ ਦੋਹਾਂ ਨੂੰ ਕਾਨੂੰਨੀ ਤੌਰ ’ਤੇ ਇਕੱਠੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਸੀ। ਸੰਜਨਾ ਰਾਣੀ ਨੇ ਪੁਲਸ ਨੂੰ ਦੱਸਿਆ ਕਿ 7 ਅਕਤੂਬਰ 2025 ਨੂੰ ਮੁਲਜ਼ਮ, ਜਿਨ੍ਹਾਂ ’ਚ ਪਹਿਲੀ ਪਤਨੀ ਵੀਨਾ ਰਾਣੀ, ਉਸ ਦੇ ਮਾਤਾ-ਪਿਤਾ, ਭਰਾ ਅਤੇ ਹੋਰ ਕਰੀਬੀ ਰਿਸ਼ਤੇਦਾਰ ਸ਼ਾਮਲ ਸਨ, ਹਮਸ਼ਵਰਾ ਕਰ ਕੇ ਉਸ ਦੇ ਘਰ ਦਾਖ਼ਲ ਹੋਏ। ਉਨ੍ਹਾਂ ਨੇ ਜ਼ਬਰਦਸਤੀ ਉਸ ਨੂੰ ਆਪਣੀ ਗੱਡੀ ’ਚ ਬਿਠਾ ਲਿਆ ਅਤੇ ਅਗਵਾ ਕਰ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ। ਸੰਜਨਾ ਰਾਣੀ ਨੂੰ ਬਚਾਉਣ ਦੀ ਕੋਸ਼ਿਸ਼ ’ਚ ਉਸ ਦੇ ਦਿਓਰ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ, ਜਿਸ ਕਾਰਨ ਘਬਰਾ ਕੇ ਮੁਲਜ਼ਮਾਂ ਨੇ ਸੰਜਨਾ ਰਾਣੀ ਨੂੰ ਦਾਣਾ ਮੰਡੀ ਗੁਰੂਹਰਸਹਾਏ ਦੇ ਗੇਟ ਨੰਬਰ-1 ਕੋਲ ਸੁੱਟ ਦਿੱਤਾ ਅਤੇ ਆਪਣੀਆਂ ਗੱਡੀਆਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਅਸਿਸਟੈਂਟ ਸਬ-ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ 12 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੀਵਾਲੀ ਤੋਂ ਪਹਿਲਾਂ ਹਲਕਾ ਉੱਤਰੀ ਨੂੰ ਮਿਲੀ ਰੌਸ਼ਨ ਸੌਗਾਤ, ਵਿਧਾਇਕ ਬੱਗਾ ਨੇ ਕੀਤਾ ਨਵੇਂ ਫੀਡਰਾਂ ਦਾ ਸ਼ੁਭ ਆਰੰਭ
NEXT STORY