ਨੈਸ਼ਨਲ ਡੈਸਕ : ਗੁਜਰਾਤ ਦੀ ਰਾਜਨੀਤੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਗੁਜਰਾਤ 'ਚ ਅਚਾਨਕ ਇੱਕ ਵੱਡਾ ਸਿਆਸੀ ਘਟਨਾਕ੍ਰਮ ਵਾਪਰਿਆ ਹੈ। ਮੁੱਖ ਮੰਤਰੀ ਭੂਪੇਂਦਰ ਪਟੇਲ ਨੂੰ ਛੱਡ ਕੇ ਸੂਬਾ ਸਰਕਾਰ ਦੇ ਸਾਰੇ ਮੰਤਰੀਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੁੱਖ ਮੰਤਰੀ ਭੂਪੇਂਦਰ ਪਟੇਲ ਦੀ ਅਗਵਾਈ 'ਚ ਹੋਈ ਮੀਟਿੰਗ 'ਚ ਰਾਜ ਮੰਤਰੀ ਮੰਡਲ ਦੇ ਸਾਰੇ ਮੈਂਬਰਾਂ ਦੇ ਅਸਤੀਫ਼ੇ ਲਏ ਗਏ ਹਨ। ਸੂਤਰਾਂ ਅਨੁਸਾਰ ਇਹ ਵੱਡਾ ਫੈਸਲਾ ਕੇਂਦਰੀ ਲੀਡਰਸ਼ਿਪ ਦੇ ਨਿਰਦੇਸ਼ਾਂ 'ਤੇ ਲਿਆ ਗਿਆ ਹੈ। ਪਾਰਟੀ ਦੇ ਸੀਨੀਅਰ ਆਗੂਆਂ ਨੇ ਮੁੱਖ ਮੰਤਰੀ ਨਿਵਾਸ 'ਤੇ ਹੋਈ ਬੈਠਕ ਦੌਰਾਨ ਇਹ ਫੈਸਲਾ ਮੰਤਰੀਆਂ ਨੂੰ ਦੱਸਿਆ, ਜਿਸ ਤੋਂ ਬਾਅਦ ਸਾਰੇ ਮੰਤਰੀਆਂ ਨੇ ਆਪਣੇ ਅਸਤੀਫ਼ੇ ਮੁੱਖ ਮੰਤਰੀ ਨੂੰ ਸੌਂਪ ਦਿੱਤੇ। ਸੂਤਰਾਂ ਮੁਤਾਬਕ ਭਾਜਪਾ ਪ੍ਰਦੇਸ਼ ਪ੍ਰਧਾਨ ਜਗਦੀਸ਼ ਵਿਸ਼ਵਕਰਮਾ ਨੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੂੰ ਛੱਡ ਕੇ ਸੂਬਾ ਸਰਕਾਰ ਦੇ ਸਾਰੇ 16 ਮੰਤਰੀਆਂ ਨੂੰ ਅਸਤੀਫ਼ਾ ਦੇਣ ਲਈ ਕਿਹਾ ਹੈ। ਮੁੱਖ ਮੰਤਰੀ ਭੂਪੇਂਦਰ ਪਟੇਲ ਅੱਜ ਰਾਤ ਰਾਜਪਾਲ ਨਾਲ ਮੁਲਾਕਾਤ ਕਰ ਕੇ ਮੰਤਰੀ ਮੰਡਲ ਦੇ ਅਸਤੀਫ਼ੇ ਸੌਂਪਣਗੇ।
ਕੱਲ੍ਹ ਹੋਵੇਗਾ ਕੈਬਨਿਟ ਵਿਸਥਾਰ
ਜਾਣਕਾਰੀ ਮੁਤਾਬਕ ਨਵੇਂ ਮੰਤਰੀ ਮੰਡਲ ਦਾ ਵਿਸਥਾਰ ਸ਼ੁੱਕਰਵਾਰ ਸਵੇਰੇ 11:30 ਵਜੇ ਹੋਵੇਗਾ। ਨਵੀਂ ਮੰਤਰੀ ਮੰਡਲ ਗਾਂਧੀਨਗਰ ਸਥਿਤ ਮਹਾਤਮਾ ਮੰਦਰ ਵਿਖੇ ਸਹੁੰ ਚੁੱਕੇਗੀ। ਇਸ ਸਮਾਗਮ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਵੀ ਮੌਜੂਦ ਰਹਿਣਗੇ।
2027 ਚੋਣਾਂ ਦੀ ਤਿਆਰੀ
ਭਾਜਪਾ ਸੂਤਰਾਂ ਅਨੁਸਾਰ, ਇਹ ਬਦਲਾਅ ਸੰਗਠਨ ਅਤੇ ਸਰਕਾਰ ਵਿੱਚ ਨਵੀਂ ਊਰਜਾ ਲਿਆਉਣ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ। ਪਾਰਟੀ ਲੀਡਰਸ਼ਿਪ ਰਾਜ ਵਿੱਚ ਨੌਜਵਾਨ ਅਤੇ ਨਵੇਂ ਚਿਹਰਿਆਂ ਨੂੰ ਸ਼ਾਮਲ ਕਰ ਕੇ ਭਵਿੱਖ ਦੀ ਸਿਆਸੀ ਰਣਨੀਤੀ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਗੁਜਰਾਤ ਵਿੱਚ 2027 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਅਤੇ ਪਾਰਟੀ ਇਸ ਤੋਂ ਪਹਿਲਾਂ ਪ੍ਰਸ਼ਾਸਨਿਕ ਅਤੇ ਸਿਆਸੀ ਦੋਵਾਂ ਪੱਧਰਾਂ 'ਤੇ ਇੱਕ ਨਵੀਂ ਟੀਮ ਤਿਆਰ ਕਰਨਾ ਚਾਹੁੰਦੀ ਹੈ। ਹਾਲਾਂਕਿ, ਇਸ ਘਟਨਾਕ੍ਰਮ 'ਤੇ ਭਾਜਪਾ ਜਾਂ ਮੁੱਖ ਮੰਤਰੀ ਦਫ਼ਤਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਵ੍ਰਿੰਦਾਵਨ ਦੇ ਬਾਂਕੇ ਬਿਹਾਰੀ ਮੰਦਰ 'ਚ ਦੁਖਦਾਈ ਘਟਨਾ, ਦਰਸ਼ਨ ਮਗਰੋਂ ਸ਼ਰਧਾਲੂ ਦੀ ਹਾਰਟ ਅਟੈਕ ਨਾਲ ਮੌਤ
NEXT STORY