ਨੈਸ਼ਨਲ ਡੈਸਕ- ਫਰੀਦਾਬਾਦ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੇ ਫਿਟਨੈੱਸ ਦੀ ਰਾਹ 'ਤੇ ਚੱਲਣ ਦੀ ਕੋਸ਼ਿਸ਼ ਕੀਤੀ ਪਰ ਇਸ ਦੀ ਕ਼ੀਮਤ ਉਸਨੂੰ ਆਪਣੀ ਜਾਨ ਦੇ ਕੇ ਚੁਕਾਈ। ਇਹ ਵਾਕਿਆ ਸੈਕਟਰ-9, ਬੱਲਭਗੜ੍ਹ ਦਾ ਹੈ, ਜਿੱਥੇ 37 ਸਾਲਾ ਪੰਕਜ ਸ਼ਰਮਾ ਦੀ ਜਿਮ 'ਚ ਵਰਕਆਉਟ ਕਰਦਿਆਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
10 ਮਿੰਟ ਦੀ ਕਸਰਤ ਬਣੀ ਜ਼ਿੰਦਗੀ ਦੀ ਆਖ਼ਰੀ ਕਸਰਤ
ਪੰਕਜ ਸ਼ਰਮਾ, ਜਿਸ ਦਾ ਵਜ਼ਨ ਲਗਭਗ 170 ਕਿਲੋ ਸੀ, ਹਰ ਰੋਜ਼ ਜਿਮ ਜਾਂਦਾ ਸੀ। ਮੰਗਲਵਾਰ ਸਵੇਰੇ ਉਸ ਨੇ ਬਲੈਕ ਕੌਫੀ ਪੀਤੀ ਅਤੇ ਸ਼ੋਲਡਰ ਵਰਕਆਉਟ ਦੀ ਸ਼ੁਰੂਆਤ ਕੀਤੀ। ਚਸ਼ਮਦੀਦਾਂ ਮੁਤਾਬਕ, ਜਦੋਂ ਉਹ ਤੀਜੀ ਪੁੱਲ-ਅੱਪ ਕਰ ਰਿਹਾ ਸੀ, ਉਦੋਂ ਅਚਾਨਕ ਹੀ ਉਹ ਜ਼ਮੀਨ 'ਤੇ ਡਿੱਗ ਪਿਆ। ਲੋਕਾਂ ਨੇ ਤੁਰੰਤ CPR ਦੇਣ ਦੀ ਕੋਸ਼ਿਸ਼ ਕੀਤੀ ਪਰ ਕੋਈ ਸੁਧਾਰ ਨਹੀਂ ਹੋਇਆ। ਜਲਦ ਹੀ ਹਸਪਤਾਲ ਤੋਂ ਮੈਡੀਕਲ ਟੀਮ ਬੁਲਾਈ ਗਈ ਪਰ ਜਾਂਚ ਕਰਨ 'ਤੇ ਪੰਕਜ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਨਾ ਸਟੀਰੌਇਡ, ਨਾ ਸਪਲੀਮੈਂਟ – ਸਿਰਫ਼ ਵਜ਼ਨ ਘਟਾਉਣ ਦੀ ਕੋਸ਼ਿਸ਼
ਪੰਕਜ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਕਿਸੇ ਵੀ ਤਰ੍ਹਾਂ ਦੇ ਸਟੀਰੌਇਡ ਜਾਂ ਸਪਲੀਮੈਂਟ ਦੀ ਵਰਤੋਂ ਨਹੀਂ ਕਰਦਾ ਸੀ। ਪਿਛਲੇ 4 ਮਹੀਨਿਆਂ ਤੋਂ ਉਹ ਨਿਯਮਤ ਵਰਕਆਉਟ ਕਰ ਰਿਹਾ ਸੀ ਅਤੇ ਡਾਕਟਰ ਦੀ ਸਲਾਹ ਅਨੁਸਾਰ ਹੀ ਸਾਰਾ ਰੂਟੀਨ ਬਣਾਇਆ ਹੋਇਆ ਸੀ। ਉਸਦੀ ਢਾਈ ਸਾਲ ਦੀ ਧੀ ਵੀ ਹੈ।
ਟ੍ਰੇਨਰ ਵੀ ਹੈਰਾਨ, ਸਾਰੀ ਘਟਨਾ CCTV ਵਿੱਚ ਕੈਦ
ਜਿਮ ਦੇ ਟ੍ਰੇਨਰ ਨੇ ਦੱਸਿਆ ਕਿ ਪੰਕਜ ਨੂੰ ਨਿਯਮਤ ਰੂਪ ਨਾਲ ਟ੍ਰੇਨਿੰਗ ਦਿੱਤੀ ਜਾ ਰਹੀ ਸੀ। ਇਹ ਘਟਨਾ ਬਿਲਕੁਲ ਅਚਾਨਕ ਅਤੇ ਦੁੱਖਦਾਈ ਸੀ। ਪੁਲਸ ਨੇ CCTV ਫੁਟੇਜ ਤੇ ਹੋਰ ਸਬੂਤ ਇਕੱਠੇ ਕਰ ਲਏ ਹਨ।
ਡਾਕਟਰਾਂ ਦੀ ਚੇਤਾਵਨੀ; ਵਧੇਰੇ ਵਜ਼ਨ ਵਾਲਿਆਂ ਲਈ ਵਰਕਆਉਟ ਤੋਂ ਪਹਿਲਾਂ ਪੂਰੀ ਜਾਂਚ ਜ਼ਰੂਰੀ
ਡਿਪਟੀ ਸੀਐਮਓ ਡਾ. ਐਮ.ਪੀ. ਸਿੰਘ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਵਧੇਰੇ ਵਜ਼ਨ ਜਾਂ ਕੋਈ ਪੁਰਾਣੀ ਬੀਮਾਰੀ ਹੈ, ਉਹ ਜਿਮ ਜਾਂ ਕਿਸੇ ਵੀ ਤਰ੍ਹਾਂ ਦੀ ਸਰੀਰਕ ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰੀ ਜਾਂਚ ਜ਼ਰੂਰ ਕਰਵਾਉਣ। ਖ਼ਾਸ ਕਰਕੇ ਦਿਲ ਦੀ ਬੀਮਾਰੀ, ਹਾਈ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਵਾਲਿਆਂ ਨੂੰ ਜ਼ਿਆਦਾ ਸਾਵਧਾਨੀ ਦੀ ਲੋੜ ਹੈ।
ਵਰਕਆਉਟ ਦੌਰਾਨ ਇਹ ਸਾਵਧਾਨੀਆਂ ਜ਼ਰੂਰ ਰੱਖੋ:
- ਆਪਣੇ ਸਰੀਰ ਦੀ ਸਮਰਥਾ ਅਨੁਸਾਰ ਹੀ ਕਸਰਤ ਕਰੋ
- ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਸਪਲੀਮੈਂਟ ਨਾ ਲਓ
- ਦਿਲ ਦੀ ਧੜਕਣ ਜ਼ਿਆਦਾ ਹੋਣ 'ਤੇ ਤੁਰੰਤ ਆਰਾਮ ਕਰੋ
- ਭਾਰੀ ਵਜ਼ਨ ਚੁਕਣ ਤੋਂ ਪਹਿਲਾਂ ਸਹੀ ਟ੍ਰੇਨਿੰਗ ਲਵੋ
- ਥਕਾਵਟ, ਬੁਖ਼ਾਰ ਜਾਂ ਕਮਜ਼ੋਰੀ ਵਿੱਚ ਕਸਰਤ ਨਾ ਕਰੋ
- ਜਿਮ ਸ਼ੁਰੂ ਕਰਨ ਤੋਂ ਪਹਿਲਾਂ ECG ਜਾਂ ਹੋਰ ਟੈਸਟ ਕਰਵਾਓ
- ਵਧ ਤੋਂ ਵਧ ਪਾਣੀ ਪੀਂਦੇ ਰਹੋ, ਪਰ ਓਵਰਹਾਈਡ੍ਰੇਸ਼ਨ ਤੋਂ ਬਚੋ
ਜੈ ਬਾਬਾ ਬਰਫ਼ਾਨੀ! ਅਮਰਨਾਥ ਯਾਤਰਾ ਲਈ ਜੰਮੂ ਤੋਂ ਸ਼ਰਧਾਲੂਆਂ ਦਾ ਪਹਿਲਾ ਜੱਥਾ ਹੋਇਆ ਰਵਾਨਾ
NEXT STORY