ਨੈਸ਼ਨਲ ਡੈਸਕ- ਤਾਮਿਲਨਾਡੂ ਦੀ ਸਿਆਸਤ 'ਚ ਇਕ ਵਾਰ ਫ਼ਿਰ ਤੋਂ ਵੱਡਾ ਭੂਚਾਲ ਆਇਆ ਹੈ, ਜਿੱਥੇ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ ਕੇ. ਅੰਨਾਮਲਾਈ ਨੇ ਭਾਰਤੀ ਜਨਤਾ ਪਾਰਟੀ (BJP) ਨੂੰ ਅਲਵਿਦਾ ਆਖ਼ ਦਿੱਤਾ ਹੈ। ਦਿੱਲੀ 'ਚ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਅਤੇ ਰਾਸ਼ਟਰੀ ਜਨਰਲ ਸਕੱਤਰ ਬੀ.ਐੱਲ. ਸੰਤੋਸ਼ ਨਾਲ ਮੁਲਾਕਾਤ ਕਰਕੇ ਅੰਨਾਮਲਾਈ ਨੇ ਆਪਣਾ 5 ਪੰਨਿਆਂ ਦਾ ਅਸਤੀਫ਼ਾ ਸੌਂਪ ਦਿੱਤਾ। ਇਸ ਵੱਡੇ ਫੈਸਲੇ ਤੋਂ ਬਾਅਦ ਤਾਮਿਲਨਾਡੂ ਦੀ ਰਾਜਨੀਤੀ ਵਿੱਚ ਹਲਚਲ ਤੇਜ਼ ਹੋ ਗਈ ਹੈ। ਸੂਤਰਾਂ ਮੁਤਾਬਕ, ਅੰਨਾਮਲਾਈ ਹੁਣ ਭਾਜਪਾ ਤੋਂ ਵੱਖ ਹੋ ਕੇ ਆਪਣੀ ਇੱਕ ਨਵੀਂ ਖੇਤਰੀ ਸਿਆਸੀ ਪਾਰਟੀ ਬਣਾਉਣ ਦੀ ਤਿਆਰੀ ਵਿੱਚ ਹਨ।
ਸਿਆਸੀ ਗਲਿਆਰਿਆਂ ਦੀਆਂ ਚਰਚਾਵਾਂ ਅਤੇ ਅੰਨਾਮਲਾਈ ਦੇ ਨਜ਼ਦੀਕੀਆਂ ਅਨੁਸਾਰ, ਉਹ ਪਿਛਲੇ ਕੁਝ ਮਹੀਨਿਆਂ ਤੋਂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੀਆਂ ਰਣਨੀਤੀਆਂ ਤੋਂ ਕਾਫ਼ੀ ਅਸੰਤੁਸ਼ਟ ਸਨ। ਅੰਨਾਮਲਾਈ ਦਾ ਮੰਨਣਾ ਸੀ ਕਿ ਭਾਜਪਾ ਨੂੰ ਤਾਮਿਲਨਾਡੂ ਵਿੱਚ ਕਿਸੇ ਵੀ ਦ੍ਰਵਿੜ ਪਾਰਟੀ ਦੇ ਸਹਾਰੇ ਦੀ ਬਜਾਏ ਆਪਣੇ ਦਮ 'ਤੇ ਸੁਤੰਤਰ ਤੌਰ 'ਤੇ ਸੰਗਠਨ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਹ ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੰਨਾਦ੍ਰਮੁਕ (AIADMK) ਨਾਲ ਦੁਬਾਰਾ ਗਠਜੋੜ ਕਰਨ ਦੇ ਕੇਂਦਰੀ ਲੀਡਰਸ਼ਿਪ ਦੇ ਫੈਸਲੇ ਤੋਂ ਖ਼ਫ਼ਾ ਸਨ।
ਇਸ ਤੋਂ ਇਲਾਵਾ ਉਹ ਚੋਣਾਂ 'ਚ ਉਮੀਦਵਾਰਾਂ ਦੀ ਚੋਣ ਅਤੇ ਹਾਲ ਹੀ ਵਿੱਚ ਸੀ.ਬੀ.ਐੱਸ.ਈ. ਦੀ ਜਮਾਤ 9ਵੀਂ ਦੇ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ 'ਤਿੰਨ ਭਾਸ਼ਾ ਨੀਤੀ'ਦੀ ਵੀ ਅੰਨਾਮਲਾਈ ਨੇ ਖੁੱਲ੍ਹ ਕੇ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਇਸ ਨੂੰ ਤਾਮਿਲਨਾਡੂ ਦੇ ਵਿਦਿਆਰਥੀਆਂ ਅਤੇ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਦੱਸਿਆ ਸੀ।
ਇਹ ਵੀ ਪੜ੍ਹੋ- ਗਰਮੀ ਦੀਆਂ ਛੁੱਟੀਆਂ ਵਿਚਾਲੇ ਅਧਿਆਪਕਾਂ ਲਈ ਜਾਰੀ ਹੋ ਗਏ ਸਖ਼ਤ ਹੁਕਮ ! ਚੌਧਰੀ ਸਰਕਾਰ ਨੇ ਸੁਣਾਇਆ ਫ਼ਰਮਾਨ
ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅੰਨਾਮਲਾਈ ਨੇ ਆਪਣੀ ਸਿਆਸੀ ਦਿਸ਼ਾ ਬਦਲਣ ਦਾ ਮਨ ਬਣਾ ਲਿਆ ਸੀ। ਉਨ੍ਹਾਂ ਦੇ ਸਹਿਯੋਗੀਆਂ ਦਾ ਦਾਅਵਾ ਹੈ ਕਿ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੇ ਚੋਣ ਮੈਦਾਨ ਵਿੱਚ ਉਤਰਨ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਨੇ ਸੂਬੇ ਦੀ ਸਿਆਸਤ ਨੂੰ ਬਦਲ ਕੇ ਰੱਖ ਦਿੱਤਾ ਹੈ। ਅੰਨਾਮਲਾਈ ਨੂੰ ਲੱਗਦਾ ਹੈ ਕਿ ਸੂਬੇ ਦੇ ਨੌਜਵਾਨ ਅਤੇ ਪੇਸ਼ੇਵਰ ਲੋਕ ਮੌਜੂਦਾ ਦ੍ਰਵਿੜ ਪਾਰਟੀਆਂ ਅਤੇ ਭਾਜਪਾ ਦੋਵਾਂ ਦੇ ਬਦਲ ਦੀ ਤਲਾਸ਼ ਵਿੱਚ ਹਨ, ਜਿਸ ਨਾਲ ਇੱਕ ਨਵੀਂ ਸਿਆਸੀ ਤਾਕਤ ਲਈ ਜਗ੍ਹਾ ਬਣੀ ਹੈ।
ਅੰਨਾਮਲਾਈ ਦੇ ਕਰੀਬੀਆਂ ਮੁਤਾਬਕ, ਪ੍ਰਸਤਾਵਿਤ ਨਵੀਂ ਪਾਰਟੀ ਦੀ ਵਿਚਾਰਧਾਰਾ ਧਰਮ ਨਿਰਪੱਖ ਅਤੇ ਤਾਮਿਲ-ਫਸਟ ਯਾਨੀ ਤਾਮਿਲ ਪਛਾਣ ਨੂੰ ਪਹਿਲ ਦੇਣ ਵਾਲੀ ਹੋਵੇਗੀ, ਪਰ ਇਸ ਦਾ ਦ੍ਰਿਸ਼ਟੀਕੋਣ ਰਾਸ਼ਟਰੀ ਰਹੇਗਾ। ਇਹ ਪਾਰਟੀ ਅਗਲੇ 6 ਤੋਂ 8 ਮਹੀਨਿਆਂ ਦੇ ਅੰਦਰ ਰਸਮੀ ਤੌਰ 'ਤੇ ਲਾਂਚ ਕੀਤੀ ਜਾ ਸਕਦੀ ਹੈ।
ਇਸ ਨਵੀਂ ਸਿਆਸੀ ਯਾਤਰਾ ਦੀ ਸ਼ੁਰੂਆਤ ਵਜੋਂ, ਪਹਿਲਾਂ ਇੱਕ ਸਮਾਜਿਕ ਸੰਗਠਨ ਲਾਂਚ ਕਰਨ ਦੀ ਯੋਜਨਾ ਹੈ ਅਤੇ ਨਾਲ ਹੀ ਇੱਕ ਨਵੀਂ ਪਾਰਟੀ ਦੀ ਰਜਿਸਟ੍ਰੇਸ਼ਨ ਦੀ ਕਾਨੂੰਨੀ ਪ੍ਰਕਿਰਿਆ 'ਤੇ ਵੀ ਕੰਮ ਸ਼ੁਰੂ ਹੋ ਚੁੱਕਾ ਹੈ। ਮੰਨਿਆ ਜਾ ਰਿਹਾ ਹੈ ਕਿ ਅੰਨਾਮਲਾਈ ਦੇ ਅਧਿਕਾਰਤ ਤੌਰ 'ਤੇ ਪਾਰਟੀ ਛੱਡਣ ਤੋਂ ਬਾਅਦ ਹੋਰਨਾਂ ਪਾਰਟੀਆਂ ਦੇ ਕਈ ਤਜ਼ਰਬੇਕਾਰ ਆਗੂ ਵੀ ਉਨ੍ਹਾਂ ਨਾਲ ਜੁੜ ਸਕਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
20 ਜੂਨ ਨੂੰ 'ਪੱਛਮੀ ਬੰਗਾਲ ਦਿਵਸ' ਪ੍ਰੋਗਰਾਮ 'ਚ ਸ਼ਾਮਲ ਹੋ ਸਕਦੇ ਹਨ PM ਮੋਦੀ
NEXT STORY